ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਵੱਲੋਂ 2007 ਵਿੱਚ ਅੱਤਵਾਦੀਆਂ ਨਾਲ ਸਬੰਧਿਤ ਇਸਲਾਮਾਬਾਦ ਦੀ ਲਾਲ ਮਸਜਿਦ ਵਿੱਚ ਕੀਤੀ ਗਈ ਸੈਨਿਕ ਕਾਰਵਾਈ ਦੇ ਮਾਮਲੇ ਵਿੱਚ ਅਦਾਲਤ ਨੇ ਸੋਮਵਾਰ ਨੂੰ ਜਮਾਨਤ ਦੇ ਦਿੱਤੀ ਹੈ। ਉਸ ਸਮੇਂ ਕੀਤੀ ਗਈ ਕਾਰਵਾਈ ਵਿੱਚ 90 ਧਾਰਮਿਕ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਮੁਸ਼ਰੱਫ਼ ਨੂੰ ਪਿੱਛਲੇ ਮਹੀਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਮਸਜਿਦ ਦੇ ਸਹਾਇਕ ਅਬਦੁੱਲ ਰਾਸਿ਼ਦ ਗਾਜ਼ੀ ਦੇ ਪੁੱਤਰ ਨੇ ਸਾਬਕਾ ਰਾਸ਼ਟਰਪਤੀ ਦੇ ਖਿਲਾਫ਼ ਮਾਮਲਾ ਦਰਜ਼ ਕਰਵਾਇਆ ਸੀ। ਗਾਜ਼ੀ ਉਸ ਕਾਰਵਾਈ ਦੌਰਾਨ ਮਾਰਿਆ ਗਿਆ ਸੀ। ਮੁਸ਼ਰੱਫ਼ ਨੂੰ ਦੋ ਕੇਸਾਂ ਵਿੱਚ ਪਹਿਲਾਂ ਹੀ ਜਮਾਨਤ ਮਿਲ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ਮਾਮਲਾ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ 2007 ਵਿੱਚ ਹੋਈ ਹੱਤਿਆ ਨਾਲ ਸਬੰਧਿਤ ਹੈ ਅਤੇ ਦੂਸਰਾ ਮਾਮਲਾ ਕਬਾਇਲੀ ਨੇਤਾ ਬੁਗਤੀ ਦੀ 2006 ਵਿੱਚ ਸੈਨਿਕ ਕਾਰਵਾਈ ਦੌਰਾਨ ਹੋਈ ਹੱਤਿਆ ਨਾਲ ਸਬੰਧਤ ਸੀ।
ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਮਸਜਿਦ ਮਾਮਲੇ ਵਿੱਚ ਮਿਲੀ ਜਮਾਨਤ ਨਾਲ ਹੁਣ ਉਹ ਹਾਊਸ ਅਰੈਸਟ ਤੋਂ ਰਿਹਾ ਹੋ ਜਾਣਗੇ ਅਤੇ ਉਨ੍ਹਾਂ ਦੇ ਵਿਦੇਸ਼ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ।