ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 8 ਤੋਂ 10 ਨਵੰਬਰ ਤੱਕ ਖਾਲਸਾ ਪ੍ਰਚਾਰਕ ਜੱਥਾ ਯੂ.ਕੇ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਗੁਰਮਤਿ ਪ੍ਰਚਾਰ ਸੰਮੇਲਨ ਬਾਰੇ ਪੱਤਰਕਾਰਾਂ ਨੂੰ ਜਾਨਕਾਰੀ ਦਿੰਦੇ ਹੋਏ ਸਭਾ ਦੇ ਮੁੱਖੀ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ. ਵਾਲੇ ਤੇ ਗਿਆਨੀ ਗੁਰਦੀਪ ਸਿੰਘ ਜੀ ਕਨੇਡਾ ਵਾਲਿਆਂ ਨੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਵਿਚ ਕੌਮ ਵਿਚ ਪੈਦਾ ਹੋਈ ਦੁਵਿਧਾ ਨੂੰ ਦੂਰ ਕਰਨ ਵਾਸਤੇ ਇਹ ਕੌਮਾਂਤਰੀ ਪੱਧਰ ਦਾ 3 ਦਿਨੀ ਸਮਾਗਮ ਉਲੀਕਿਆ ਗਿਆ ਹੈ ਅਤੇ ਇਸ ਸਮਾਗਮ ਵਿਚ ਪੰਜਾ ਤਖਤਾ ਦੇ ਜੱਥੇਦਾਰ ਸਾਹਿਬਾਨ, ਸ੍ਰੋਮਣੀ ਕਮੇਟੀ ਪ੍ਰਧਾਨ, ੳੇੁੱਘੇ ਕੱਥਾਵਾਚਕ, ਯੁਨਿਵਰਸੀਟੀਆਂ ਵਿਚ ਮੌਜੂਦ ਸਿੱਖ ਵਿਦਵਾਨ, ਵੱਖ ਵੱਖ ਸੰਪਰਦਾਵਾਂ/ਟਕਸਾਲਾਂ ਦੇ ਮੁੱਖੀ ਅਤੇ ਕਾਰਸੇਵਾ ਵਾਲੇ ਬਾਬੇ ਗੁਰਮਤਿ ਦੀ ਰੋਸ਼ਨੀ ਵਿਚ ਸੰਗਤਾ ਨੂੰ ਸੁਨੇਹਾ ਦੇਣਗੇ। ਗਿਆਨੀ ਗੁਲਸ਼ਨ ਨੇ ਕਿਹਾ ਕਿ ਇਸ ਸਮਾਗਮ ਵਿਚ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ ਅਤੇ ਲੱਖਾ ਸਿੰਘ ਜੀ ਨਾਨਕਸਰ ਵਾਲੇ ਦਿੱਲੀ ਦੀ ਸੰਗਤਾ ਦੇ ਦਰਸ਼ਨ ਕਰਨਗੇ ਅਤੇ ਗੁਰਮਤਿ ਅਨੁਸਾਰ ਸਿੱਖ ਧਰਮ ਦੇ ਸਾਹਮਣੇ ਮੌਜੂਦ ਸਮਸਿਆਵਾਂ ਦੇ ਹਲ ਦਸਣਗੇ ਅਤੇ ਰਾਗੀ ਸਿੰਘਾ ਵਲੋਂ ਗੁਰਬਾਣੀ ਦਾ ਜੋ ਗਾਇਨ ਕੀਤਾ ਜਾਵੇਗਾ ਉਸਦੀ ਵਿਆਖਿਆ ਕੱਥਾਵਾਚਕਾ ਵਲੋਂ ਕੀਤੀ ਜਾਵੇਗੀ।
ਗਿਆਨੀ ਗੁਲਸ਼ਨ ਨੇ ਦਸਿਆ ਕਿ ਕੌਮ ਵਾਸਤੇ ਪੰਥਕ ਕਾਰਜ ਕਰਨ ਵਾਲੇ 3 ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਤੇ ਇਤਿਹਾਸਕਾਰ ਵਿਦਵਾਨਾ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਆਸਟ੍ਰੀਆ, ਇਟਲੀ, ਪੋਲੈਂਡ ਅਤੇ ਕੁਵੇਤ ਦੀਆ ਸੰਗਤਾ ਵੀ ਇਸ ਸਮਾਗਮ ਵਿਚ ਹਾਜਰੀਆਂ ਭਰ ਰਹੀਆਂ ਹਨ। ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਵਲੋਂ ਪਹਲੀ ਵਾਰ ਸਾਰੇ ਸੰਸਾਰ ਦੇ ਸਿੱਖਾਂ ਦੇ ਵਿਚ ਦੁਰਿਆ ਦੂਰ ਕਰਨ ਦੇ ਮਕਸਦ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।