ਫਤਹਿਗੜ੍ਹ ਸਾਹਿਬ – “ਬਾਦਲ ਦਲ ਉਸ ਮੁਤੱਸਵੀ ਸੋਚ ਦੇ ਮਾਲਕ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਪ੍ਰਚਾਰ ਕਰਨ ਲੱਗ ਪਿਆ ਹੈ । ਜਿਸ ਨੇ ਗੁਜਰਾਤ ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਉਹਨਾਂ ਦੀਆਂ ਜਮੀਨਾਂ ਤੋ ਬੇਦਖਲੀ ਨੋਟਿਸ ਜਾਰੀ ਕਰ ਦਿੱਤੇ ਅਤੇ ਸਿੱਖ ਜਿੰਮੀਦਾਰਾਂ ਉਤੇ ਸਾਜ਼ਸੀ ਹਮਲੇ ਕਰਵਾਉਣੇ ਸੁਰੂ ਕਰਵਾ ਦਿੱਤੇ ਹਨ । ਸ੍ਰੀ ਨਰਿੰਦਰ ਮੋਦੀ ਨੇ 2002 ਵਿਚ ਗੁਜਰਾਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨਾਂ ਦੀ ਨਸਲਕੁਸੀ ਅਤੇ ਕਤਲੇਆਮ ਕਰਵਾਇਆ । ਹਜ਼ਾਰਾਂ ਮੁਸਲਮਾਨ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਵਾਉਣ ਦਾ ਵੀ ਮੁੱਖ ਦੋਸ਼ੀ ਹੈ । ਪੰਜਾਬ ਦੀ ਧਰਤੀ ਜੋ ਗੁਰੂਆਂ, ਪੀਰਾਂ, ਫ਼ਕੀਰਾਂ, ਦਰਵੇਸ਼ਾਂ ਦੀ ਪਵਿੱਤਰ ਧਰਤੀ ਹੈ, ਜਿਥੋ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਸਰਬੱਤ ਦੇ ਭਲੇ, ਬਰਾਬਰਤਾ, ਪਿਆਰ-ਮਿਲਵਰਤਣ ਦੇ ਸਮਾਜਿਕ ਸੰਦੇਸ਼ ਦਿੱਤੇ, ਉਥੇ ਅਜਿਹੇ ਜ਼ਾਲਮ ਮੁਤੱਸਵੀ ਲੋਕਾਂ ਦੀ ਆਉ-ਭਗਤ ਕਰਨੀ ਅਤੇ ਪੰਜਾਬ ਆਉਣ ਤੇ ਪੰਜਾਬ ਦੇ ਖਜ਼ਾਨੇ ਵਿਚੋਂ ਲੱਖਾਂ, ਕਰੋੜਾਂ ਰੁਪਏ ਖਰਚ ਕਰਕੇ ਕਾਤਲਾਂ ਅਤੇ ਜ਼ਬਰ-ਜ਼ਨਾਹ ਕਰਨ ਵਾਲਿਆਂ ਨੂੰ ਸੁਰੱਖਿਆ ਦੇਣ ਦੇ ਦੁੱਖਦਾਂਇਕ ਅਮਲ ਸਿੱਖੀ ਸਿਧਾਤਾਂ ਅਤੇ ਸਿੱਖ ਸੋਚ ਦੇ ਬਿਲਕੁਲ ਉਲਟ ਹਨ । ਦੂਸਰਾ ਸ. ਬਾਦਲ ਵੱਲੋਂ ਵਲਭ ਭਾਈ ਪਟੇਲ ਦਾ ਬੁੱਤ ਲਗਾਉਣ ਦਾ ਫੈਸਲਾ ਸਿੱਖ ਕੌਮ ਦੀਆਂ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਨੇ ਸਿੱਖ ਕੌਮ ਨੂੰ ਜ਼ਰਾਈਮ ਪੇਸ਼ਾਂ ਕਰਾਰ ਦੇਣ ਵਾਲੇ ਭਾਰਤ ਦੇ ਪਹਿਲੇ ਗ੍ਰਹਿ ਵਜ਼ੀਰ ਸ੍ਰੀ ਬਲਭ ਭਾਈ ਪਟੇਲ ਦਾ ਬੁੱਤ ਲਗਾਉਣ ਲਈ ਹਰ ਪਿੰਡ ਵਿਚੋਂ ਲੋਹਾ ਇਕੱਠਾ ਕਰਨ ਲਈ ਅਤੇ ਮੋਦੀ ਵਰਗੇ ਕਾਤਲ ਅਤੇ ਮੁਤੱਸਵੀ ਆਗੂ ਦੇ ਹੱਕ ਵਿਚ ਸਿਆਸੀ ਤੌਰ ਤੇ ਪ੍ਰਚਾਰ ਕਰਨ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਨਹਿਰੂ ਦੀ ਵਕਾਲਤ ਕਰਨ ਵਾਲੇ ਆਗੂਆਂ ਨੂੰ ਝੰਜੋੜਦੇ ਹੋਏ ਕਿਹਾ ਕਿ ਸ੍ਰੀ ਪਟੇਲ ਵੱਲੋਂ ਸਿੱਖ ਕੌਮ ਨੂੰ “ਜ਼ਰਾਇਮ ਪੇਸ਼ਾਂ” ਕਰਾਰ ਦੇਣ ਵਾਲੇ ਹੁਕਮਾਂ ਨੂੰ ਸ੍ਰੀ ਨਹਿਰੂ ਨੇ ਇਕ ਦਮ ਲਾਗੂ ਕਰ ਦਿੱਤਾ ਸੀ । ਫਿਰ ਨਹਿਰੂ ਅਤੇ ਪਟੇਲ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਵੱਖੋ-ਵੱਖਰੇ ਤੌਰ ਤੇ ਵੇਖਕੇ ਆਪਣੇ ਆਪ ਨੂੰ ਅਤੇ ਸਿੱਖ ਕੌਮ ਨੂੰ ਧੋਖਾ ਨਹੀਂ ਦੇ ਰਹੇ । ਉਹਨਾਂ ਕਿਹਾ ਕਿ ਬਾਦਲ ਦਲ ਦੇ ਆਗੂ ਪੂਰੀ ਤਰ੍ਹਾਂ ਹਿੰਦੂਤਵ ਜਮਾਤਾਂ ਬੀਜੇਪੀ, ਆਰ.ਐਸ.ਐਸ. ਅੱਗੇ ਗੋਡੇ ਟੇਕ ਚੁੱਕੇ ਹਨ ਅਤੇ ਉਹਨਾਂ ਦੇ ਗੁਲਾਮ ਬਣ ਚੁੱਕੇ ਹਨ । ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਅਖ਼ਬਾਰਾਂ ਵਿਚ ਦਿੱਤੇ ਬਿਆਨ ਕਿ “ਗੁਜਤਾਰ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਚ ਆਉਣ ਤੇ ਪੂਰੀ ਤਰ੍ਹਾਂ ਸੁਰੱਖਿਆ ਮੁਹੱਈਆ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਪੰਜਾਬ ਵਿਚ ਦਾਖਲ ਹੋਣ ਸਮੇਂ ਕਿਸੇ ਤਰ੍ਹਾਂ ਦੀ ਕੋਈ ਦਿਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ” ਅਤੇ ਸ. ਬਾਦਲ ਦਲ ਦੇ ਆਗੂ ਸ. ਮੋਹਨ ਸਿੰਘ ਛੀਨਾ ਵੱਲੋਂ ਜੋ ਬਲਭ ਭਾਈ ਪਟੇਲ ਦੇ ਬੁੱਤ ਬਾਰੇ ਅੰਮ੍ਰਿਤਸਰ ਵਿਖੇ ਜੋ ਬਿਆਨ ਦਿੱਤਾ ਹੈ ਉਸ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਅਜਿਹੇ ਗੈਰ ਸਿਧਾਤਕ, ਦਿਸ਼ਾਹੀਣ ਬੋਧਿਕ ਤੌਰ ਤੇ ਕੰਮਜੋਰ ਆਗੂਆਂ ਤੋ ਪੁੱਛਣਾ ਚਾਹਵਾਂਗਾ ਕਿ ਮਾਸਟਰ ਤਾਰਾ ਸਿੰਘ ਦਾ ਬੁੱਤ ਦਿੱਲੀ ਵਿਖੇ ਸੜਕ ਕਿਨਾਰੇ ਰੱਖਿਆ ਹੋਇਆ ਹੈ, ਜਿਥੇ ਕੁੱਤੇ ਪਿਸਾਬ ਕਰਦੇ ਹਨ । ਸਿੱਖ ਆਗੂ ਸ਼ਰੇਆਮ ਅਪਮਾਨਿਤ ਹੋ ਰਹੇ ਹਨ । ਕੀ ਸਿੱਖ ਕੌਮ ਦੇ ਇਹ ਹੋ ਰਹੇ ਅਪਮਾਨ ਉਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ? ਉਸ ਬੁੱਤ ਨੂੰ ਤਾਂ ਪਾਰਲੀਮੈਂਟ ਵਿਚ, ਉਥੇ ਲਗਾਉਣ ਲਈ ਕੋਈ ਯਤਨ ਕਰਨ, ਜਿਥੇ ਹੋਰ ਹਿੰਦੂਤਵ ਆਗੂਆਂ ਦੇ ਬੁੱਤ ਸਥਿਤ ਹਨ ।