ਅੰਬਾਲਾ- ਵਿਧਾਇਕ ਯੋਗੇਂਦਰ ਸ਼ਰਮਾ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਹੋਏ ਅੰਬਾਲੇ ਦੇ ਮੇਅਰ ਨੂੰ ਸੁੱਧ ਹੀ ਨਹੀਂ ਰਹੀ ਕਿ ਉਸ ਨੇ ਸ਼ਰਮੇ ਦੀ ਤੁਲਨਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਕੇ ਕਿੰਨੀ ਭਾਰੀ ਗਲਤੀ ਕੀਤੀ ਹੈ। ਇੱਕ ਸਮਾਗਮ ਦੌਰਾਨ ਵਿਧਾਇਕ ਦੀ ਸ਼ਾਨ ਵਿੱਚ ਕਸੀਦੇ ਪੜ੍ਹਦੇ ਹੋਏ ਕਿਹਾ, ‘ਸਵਾ ਲਾਖ ਸੇ ਏਕ ਲੜਾਊਂ ਅਤੇ ਵਿਨੋਦ ਸ਼ਰਮਾ ਨਾਮ ਕਹਾਊਂ’। ਮੇਅਰ ਦੇ ਇਸ ਬਿਆਨ ਨਾਲ ਸਿੱਖਾਂ ਵਿੱਚ ਭਾਰੀ ਰੋਸ ਹੈ ਅਤੇ ਐਸਜੀਪੀਸੀ ਨੇ ਮੇਅਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਅੰਬਾਲਾ ਦੇ ਮੇਅਰ ਰਮੇਸ਼ ਮੱਲ ਨੇ ਵਿਧਾਇਕ ਸ਼ਰਮਾ ਦੇ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਸੀ। ਮੇਅਰ ਆਪਣੇ ਭਾਸ਼ਣ ਦੌਰਾਨ ਵਿਨੋਦ ਸ਼ਰਮਾ ਦੀ ਚਾਪਲੂਸੀ ਵਿੱਚ ਏਨਾ ਮਸ਼ਗੂਲ ਹੋ ਗਿਆ ਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ ਸਵਾ ਲਾਖ ਸੇ ਏ ਲੜਾਊਂ’ ਵਾਲੀ ਤੁਕ ਵਿੱਚ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਸ਼ਰਮਾ ਦਾ ਨਾਂ ਹੀ ਨਹੀਂ ਲਿਆ, ਸਗੋਂ ਇਹ ਵੀ ਕਿਹਾ ਕਿ ਸ਼ਰਮਾ ਲਈ ਇਹ ਵੀ ਘੱਟ ਹੀ ਹੋਵੇਗਾ। ਮੇਅਰ ਦੇ ਇਸ ਗੁਸਤਾਖੀ ਭਰੇ ਮਾਮਲੇ ਨੂੰ ਅਕਾਲ ਤਖਤ ਸਾਹਿਬ ਤੇ ਲਿਜਾਇਆ ਜਾਵੇਗਾ । ਐਸਜੀਪੀਸੀ ਨੇ ਹਰਿਆਣਾ ਸਰਕਾਰ ਨੂੰ ਵੀ ਮੇਅਰ ਦੇ ਖਿਲਾਫ਼ ਐਕਸ਼ਨ ਲੈਣ ਲਈ ਕਿਹਾ ਹੈ। ਇਸ ਮਾਮਲੇ ਨੂੰ ਅਦਾਲਤ ਵਿੱਚ ਵੀ ਲਿਜਾਇਆ ਜਾ ਸਕਦਾ ਹੈ।