ਨਵੀਂ ਦਿੱਲੀ : ਨਵੰਬਰ 1984 ਨੂੰ ਦਿੱਲੀ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ ਹਜਾਰਾਂ ਸਿੱਖਾਂ ਦੀ ਯਾਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਨੀਂਹ ਪੱਥਰ ਵਾਲੇ ਸਥਾਨ ਤੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਭਾਈ ਮਨਪ੍ਰੀਤ ਸਿੰਘ ਜੀ ਕਾਨਪੂਰੀ ਨੇ ਮਨੋਹਰ ਗੁਰਬਾਨੀ ਕੀਰਤਨ ਰਾਹੀਂ ਸ਼ਹੀਦਾਂ ਨੂੰ ਸ਼੍ਰਧਾਂਜਲੀ ਦੇਣ ਦੇ ਨਾਲ ਹੀ ਕੀਤੀਆਂ ਪੰਥਕ ਵਿਚਾਰਾਂ ਦੌਰਾਨ ਕੌਮ ਨੂੰ ਇਕਮੁੱਠ ਹੋ ਕੇ ਹੱਲਾ ਮਾਰ ਕੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਵੀ ਬੇਨਤੀ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਯਾਦਗਾਰ ਬਨਾਉਣ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਦਾਅਵਾ ਕੀਤਾ ਕਿ ਵਿਰੋਧੀ ਧਿਰ ਯਾਦਗਾਰ ਦੇ ਕਾਰਜ ਨੂੰ ਰੋਕਣ ਵਾਸਤੇ ਬੇਸ਼ਕ ਤਰਲੋਮੱਛੀ ਹੋਣ, ਪਰ ਦਿੱਲੀ ਦੀ ਸੰਗਤਾਂ ਦੀ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਤੇ ਆਉਣ ਵਾਲੀ ਪੀੜੀ ਨੂੰ ਇਸ ਕਤਲੇਆਮ ਬਾਰੇ ਜਾਨੂੰ ਕਰਾਉਣ ਲਈ ਪਾਰਲੀਆਮੈਂਟ ਦੇ ਸਾਹਮਣੇ ਗੁਰੂ ਕਿਰਪਾ ਸਦਕਾ ਯਾਦਗਾਰ ਅਸੀ ਜਰੂਰ ਬਨਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਸ਼ਹੀਦ ਹੋਏ ਉਨ੍ਹਾਂ ਦਾ ਇਕੋ ਇਕ ਕਸੂਰ ਇਹ ਸੀ ਕਿ ਉਹ ਸਿੱਖ ਸਨ, ਪਰ 29 ਸਾਲ ਬਿਤਣ ਦੇ ਬਾਅਦ ਵੀ ਕਾਤਿਲ ਸਰਕਾਰੀ ਛੋਹ ਪ੍ਰਾਪਤ ਕਰਕੇ ਸ਼ਰੇਆਮ ਘੁੱਮ ਰਹੇ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਬਾਹਰ ਇਹ ਯਾਦਗਾਰ ਬਨਾਉਣ ਦੀ ਕੁਝ ਧਿਰਾ ਵਲੋਂ ਕੀਤੀ ਜਾ ਰਹੀ ਮੰਗ ਨੂੰ ਗੈਰਜਰੂਰੀ ਦਸਦੇ ਹੋਏ ਉਨ੍ਹਾਂ ਕਿਹਾ ਕਿ 1984 ਵਿਚ ਇਸ ਪਵਿਤਰ ਸਥਾਨ ਦੇ ਦਰਵਾਜੇ ਨੂੰ ਅੱਗ ਲਗਾਉਣ ਦੀ ਭੀੜ ਵਲੋਂ ਕੋਸ਼ਿਸ਼ ਕੀਤੀ ਗਈ ਸੀ ਤੇ ਅਗਰ ਅੰਦਰ ਮੌਜੂਦ ਸਿੰਘ ਗੋਲੀ ਨਾ ਚਲਾਉਂਦਾ ਤੇ ਸ਼ਾਇਦ ਇਸ ਪਵਿਤਰ ਸਥਾਨ ਦੀ ਮਰਿਆਦਾ ਵੀ ਭੰਗ ਹੋ ਜਾਨੀ ਸੀ ਤੇ ਇਸ ਸਾਰੇ ਵਰਤਾਰੇ ਦੇ ਦੌਰਾਨ ਇਕ ਸਿੰਘ ਪਿਆਓ ਵਾਲੇ ਸਥਾਨ ਤੇ ਸ਼ਹੀਦ ਵੀ ਹੋਇਆ ਸੀ। ਰਾਹੁਲ ਗਾਂਧੀ ਵਲੋਂ ਆਪਣੇ ਪਿਤਾ ਅਤੇ ਦਾਦੀ ਬਾਰੇ ਬਿਤੇ ਦਿਨੀ ਇਕ ਚੋਣ ਸਭਾ ਦੌਰਾਨ ਦਿੱਤੇ ਭਾਸ਼ਣ ਤੇ ਆਪਣੀ ਪ੍ਰਤਿਕ੍ਰਮ ਦਿੰਦੇ ਹੋਏ ਉਨ੍ਹਾਂ ਨੇ ਸੈਂਕੜੇ ਸੰਗਤਾ ਦੀ ਮੌਜੂਦਗੀ ਵਿਚ ਸਵਾਲ ਪੁਛਿਆ ਕਿ ਅਗਰ ਰਾਹੁਲ ਨੂੰ ਆਪਣੀ ਦਾਦੀ ਅਤੇ ਪਿਤਾ ਦੀ ਮੌਤ ਦਾ ਗਮ ਹੈ ਤੇ ਕਿ ਅਸੀ 1984 ਵਿਚ ਮਾਰੇ ਗਏ ਬੇਦੋਸ਼ੇ 5,000 ਸਿੱਖਾ ਦੀ ਸ਼ਹਾਦਤ ਨੂੰ ਭੂਲ ਗਏ ਹਾਂ? ਸੰਗਤਾ ਵਲੋਂ ਇਸ ਦੌਰਾਨ ਸ਼ੇਮ-ਸ਼ੇਮ ਦੇ ਨਾਰੇ ਲਗਾਉਣ ਨੂੰ ਗੁਰੂ ਦੀ ਹਜੂਰੀ ਵਿਚ ਮਨਾ ਕਰਦੇ ਹੋਏ ਉਨ੍ਹਾਂ ਨੇ ਹਰ ਸਾਲ ਯਾਦਗਾਰ ਨਾ ਬਨਣ ਤੱਕ ਇਸ ਸਥਾਨ ਤੇ ਕੀਰਤਨ ਦਰਬਾਰ ਨਵੰਬਰ ਦੇ ਪਹਿਲੇ ਹਫਤੇ ਵਿਚ ਕਰਾਉਣ ਦੀ ਗੱਲ ਵੀ ਕਹੀ। ਹਾਲਾਂਕਿ ਬਾਅਦ ਵਿਚ ਸੰਗਤਾ ਨੇ ਦੋਵੇਂ ਹੱਥ ਖੜੇ ਕਰਕੇ ਇਸ ਮਤੇ ਨੂੰ ਜੈਕਾਰਿਆਂ ਦੀ ਗੁੰਜ ਵਿਚ ਪ੍ਰਵਾਨਗੀ ਦੇ ਦਿੱਤੀ।
ਸਟੇਜ ਸਕੱਤਰ ਕੁਲਮੋਹਨ ਸਿੰਘ ਨੇ ਇਸ ਮੌਕੇ ਖੁਲਾਸਾ ਕੀਤਾ ਕਿ ਪੂਰੇ ਸੰਸਾਰ ਵਿਚ ਸਿਰਫ ਦਿੱਲੀ ਵਿਚ ਹੀ ਵਿਧਵਾ ਕਲੋਨੀ ਹੈ ਜੋ ਕਿ ਬਦਕਿਸਮਤੀ ਨਾਲ ਇਸ ਕਤਲੇਆਮ ਦੀ ਵਿਧਵਾਵਾਂ ਦੀ ਹੈ। ਉੱਘੇ ਵਕੀਲ ਹਰਵਿੰਦਰ ਸਿੰਘ ਫੁਲਕਾ, ਪੱਤਰਕਾਰ ਜਰਨੈਲ ਸਿੰਘ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਇੰਦਰਜੀਤ ਸਿੰਘ ਮੌਂਟੀ ਅਤੇ ਮਨਮਿੰਦਰ ਸਿੰਘ ਆਯੂਰ ਇਸ ਮੌਕੇ ਮੌਜੂਦ ਸਨ।