ਫਤਹਿਗੜ੍ਹ ਸਾਹਿਬ – “ਕਿਡਨੀ ਦੀ ਹਰ ਬਿਮਾਰੀ ਦੀ ਮੁਹਾਰਤ ਰੱਖਣ ਵਾਲੇ ਡਾਕਟਰਾਂ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ, ਉਹਨਾਂ ਨੂੰ ਪੁਲਿਸ ਦੇ ਇੰਸਪੈਕਟਰ ਨੇ ਆਪਣੀ ਪੁਲਿਸ ਦੇ ਗੁੰਡਾ ਰਾਜ ਦੀ ਦੁਰਵਰਤੋਂ ਕਰਕੇ ਕਿਡਨੀ ਬਦਲਣ ਲਈ ਮਜ਼ਬੂਰ ਕੀਤਾ ਸੀ । ਜਦੋ ਪੰਜਾਬ ਵਿਚ ਲੰਮੇਂ ਸਮੇਂ ਤੋ ਪੁਲਿਸ ਅਤੇ ਗੁੰਡਾ ਰਾਜ ਦੀ ਪ੍ਰਮੁੱਖਤਾ ਚੱਲਦੀ ਆ ਰਹੀ ਹੈ ਅਤੇ ਪੁਲਿਸ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਆਦਿ ਸਿੱਖ ਕੌਮ ਦੇ ਕਤਲੇਆਮ ਅਤੇ ਹੋਰ ਜ਼ਬਰ-ਜੁਲਮਾਂ ਦੇ ਦੋਸ਼ੀ ਹਨ ਅਤੇ ਮੌਜੂਦਾਂ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਸਿੱਖ ਕੌਮ ਦੇ ਕਤਲੇਆਮ ਦੇ ਮੁੱਖ ਸਰਗਣੇ ਹਨ ਅਤੇ ਉਸਦੇ ਬਹੁਤੇ ਪੁਲਿਸ ਅਧਿਕਾਰੀਆਂ ਨੇ ਜਦੋ ਮਨੁੱਖਤਾ ਦੇ ਖੂਨ ਨਾਲ ਹੱਥ ਰੰਗੇ ਹੋਏ ਹਨ । ਫਿਰ ਕਿਡਨੀ ਦੀ ਮੁਹਾਰਤ ਰੱਖਣ ਵਾਲੇ ਡਾਕਟਰਾਂ ਦੀ ਕੀ ਮਜਾਲ ਸੀ ਕਿ ਉਹ ਪੁਲਿਸ ਦੇ ਗੈਰ-ਕਾਨੂੰਨੀ ਹੁਕਮਾਂ ਨੂੰ ਮੰਨਣ ਤੋ ਇਨਕਾਰ ਕਰ ਦੇਣ । ਇਸ ਲਈ ਇਸ ਕਿਡਨੀ ਕਾਂਡ ਦੇ ਦੋਸ਼ੀ ਕਿਡਨੀ ਦੇ ਡਾਕਟਰ ਨਹੀ, ਬਲਕਿ ਪੰਜਾਬ ਦੀ ਪੁਲਿਸ ਦਾ “ਜੰਗਲ ਰਾਜ” ਅਤੇ ਉਸਦੀ ਦਹਿਸ਼ਤ ਜਿੰਮੇਵਾਰ ਹੈ । ਬੇਸ਼ੱਕ ਅਦਾਲਤ ਨੇ ਬਾਹਰਲੇ ਮੁਲਕਾਂ ਤੋ ਮੁਹਾਰਤ ਹਾਸਿਲ ਕਰਕੇ ਆਏ ਡਾਕਟਰਾਂ ਨੂੰ ਸਜ਼ਾ ਦੇ ਕੇ ਜੇਲ੍ਹ ਵਿਚ ਭੇਜ ਦਿੱਤਾ ਹੈ । ਪਰ ਇਹਨਾਂ ਕਿਡਨੀ ਨਾਲ ਸੰਬੰਧਤ ਰੋਗਾਂ ਦੀ ਮੁਹਾਰਤ ਰੱਖਣ ਵਾਲੇ ਡਾਕਟਰਾਂ ਦੀ ਜਗ੍ਹਾ ਜੇਲ੍ਹ ਨਹੀ, ਬਲਕਿ ਮਨੁੱਖਤਾ ਦੀ ਸੇਵਾ ਲਈ ਇਥੋ ਦੇ ਰੋਗੀਆਂ ਨੂੰ ਵਧੇਰੇ ਲੋੜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉੱਚ ਵਿਦਿਆ ਹਾਸਿਲ ਬਾਹਰਲੇ ਮੁਲਕਾਂ ਤੋ ਕਿਡਨੀ ਸੰਬੰਧੀ ਤੁਜ਼ਰਬੇ ਪ੍ਰਾਪਤ ਕਰਕੇ ਆਏ ਕਿਡਨੀ ਡਾਕਟਰਾਂ ਨੂੰ ਜੇਲ੍ਹਾਂ ਵਿਚ ਸੁੱਟ ਕੇ, ਉਹਨਾਂ ਨੂੰ ਦਿਮਾਗੀ ਤੌਰ ਤੇ ਤਸੱਦਦ ਕਰਨ ਦੇ ਇਥੋ ਦੇ ਕਾਨੂੰਨੀ ਅਮਲ ਉਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮਹਾਂਰਾਸਟਰ ਦੇ ਕਾਮੇਡਰ ਕੇ.ਐਮ.ਨਾਨਾਵਤੀ ਦੀ ਪਤਨੀ ਬੀਬੀ ਸਿਲਿਵੀਆ ਨਾਲ ਉਥੋ ਦੇ ਇਕ ਬਹੁਤ ਧਨਾਂਢ ਕਾਰੋਬਾਰੀ ਵਪਾਰੀ ਸ੍ਰੀ ਅਹੁਜਾ ਦੇ ਸਰੀਰਕ ਸੰਬੰਧ ਬਣ ਗਏ ਸਨ । ਕਾਮੇਡਰ ਨਾਨਾਵਤੀ ਜੋ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਸੀ, ਉਸਨੇ ਸ੍ਰੀ ਅਹੁਜਾ ਨੂੰ ਮਿਲਕੇ ਕਿਹਾ ਕਿ “ਮੇਰੀ ਪਤਨੀ ਦੇ ਤੇਰੇ ਨਾਲ ਸੰਬੰਧ ਹੋ ਗਏ ਹਨ।” ਮੈਂ ਉਸਦਾ ਦਿਲ ਬਿਲਕੁਲ ਨਹੀ ਦੁਖਾਉਣਾ ਚਾਹੁੰਦਾ । ਇਸ ਲਈ ਤੂੰ ਮੇਰੀ ਪਤਨੀ ਨਾਲ ਵਿਆਹ ਕਰਵਾ ਲੈ । ਤਾ ਕਿ ਮੇਰਾ ਪਿਆਰ ਵੀ ਸਹੀ ਨਿਭਦਾ ਰਹੇ ਅਤੇ ਮੇਰੀ ਪਤਨੀ ਵੀ ਖੁਸ਼ੀ ਨਾਲ ਸਹੀ ਸਲਾਮਤ ਜਿੰਦਗੀ ਬਸ਼ਰ ਕਰ ਸਕੇ । ਕਾਮੇਡਰ ਨਾਨਾਵਤੀ ਦੀ ਗੱਲ ਸੁਣਕੇ ਸ੍ਰੀ ਅਹੁਜਾ ਕਹਿਣ ਲੱਗੇ ਕਿ ਮੇਰੇ ਤਾਂ ਅਨੇਕਾ ਔਰਤਾਂ ਨਾਲ ਸੰਬੰਧ ਹਨ, ਮੈਂ ਕਿਸ-ਕਿਸ ਨਾਲ ਵਿਆਹ ਕਰਵਾਉਦਾ ਫਿਰਾਗਾਂ । ਕਾਮੇਡਰ ਨਾਨਾਵਤੀ ਨੂੰ ਅਹੁਜਾ ਦਾ ਜੁਆਬ ਸੁਣਕੇ ਗੁੱਸਾ ਆ ਗਿਆ ਅਤੇ ਉਸਨੇ ਆਪਣਾ ਫ਼ੌਜੀ ਸਰਵਿਸ ਰਿਵਾਲਵਰ ਕੱਢਕੇ ਉਸ ਨੂੰ ਖ਼ਤਮ ਕਰ ਦਿੱਤਾ । ਜਿਸ ਸੰਬੰਧ ਵਿਚ ਕਾਮੇਡਰ ਨਾਨਾਵਤੀ ਨੂੰ ਬੰਬੇ ਹਾਈ ਕੋਰਟ ਵੱਲੋ ਸਜ਼ਾ ਹੋ ਗਈ । ਪਰ ਉਸ ਸਮੇਂ ਦੇ ਮਹਾਂਰਾਸਟਰ ਦੇ ਗਵਰਨਰ ਸ੍ਰੀ ਪ੍ਰਕਾਸ਼ਾਂ ਨੇ ਕਾਮੇਡਰ ਕੇ.ਐਮ.ਨਾਨਾਵਤੀ ਨੂੰ ਸੰਵਿਧਾਨ ਦੀ ਧਾਰਾ 161 ਰਾਹੀ ਆਪਣੇ ਮਿਲੇ ਉਹਨਾਂ ਅਧਿਕਾਰਾਂ ਜਿਸ ਅਧੀਨ ਗਵਰਨਰ ਅਦਾਲਤਾਂ ਵੱਲੋਂ ਮਿਲੀ ਸਜ਼ਾ ਉਪਰੰਤ ਵੀ ਜੇ ਮਨੁੱਖਤਾ ਜਾਂ ਸੂਬੇ ਦੇ ਨਿਵਾਸੀਆਂ ਦੇ ਹੱਕ ਵਿਚ ਸਮਝੇ ਰਿਹਾਅ ਕਰਨ ਦੇ ਹੁਕਮ ਕਰ ਸਕਦਾ ਹੈ, ਦੀ ਵਰਤੋ ਕਰਕੇ ਕਾਮੇਡਰ ਨਾਨਾਵਤੀ ਨੂੰ ਰਿਹਾਅ ਕਰਨ ਦੇ ਹੁਕਮ ਕਰ ਦਿੱਤੇ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗਵਰਨਰ ਪੰਜਾਬ ਸ੍ਰੀ ਸਿ਼ਵਰਾਜ ਪਾਟਿਲ ਨੂੰ ਮਨੁੱਖਤਾ ਦੇ ਅਧਾਰ ਤੇ ਅਤੇ ਡਾਕਟਰਜ਼ ਦੀ ਉੱਚ ਵਿਦਿਆ ਅਤੇ ਮੁਹਾਰਤ ਦਾ ਲੋਕਾਂਈ ਨੂੰ ਫਾਇਦਾ ਹੋਣ ਦੇ ਅਧਾਰ ਤੇ ਅਪੀਲ ਕਰਦਾ ਹੈ ਕਿ ਉਹ ਵੀ ਆਪਣੇ 161 ਵਿਧਾਨ ਦੀ ਧਾਰਾ ਰਾਹੀ ਮਿਲੇ ਅਧਿਕਾਰਾਂ ਦੀ ਵਰਤੋਂ ਕਰਕੇ ਅੰਮ੍ਰਿਤਸਰ ਦੇ ਜਿਨ੍ਹਾਂ ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ, ਉਹਨਾਂ ਨੂੰ ਮੁਆਫ਼ ਕਰਕੇ ਰਿਹਾਅ ਕਰਵਾਉਣ ਦੇ ਹੁਕਮ ਕਰਨ ਤਾਂ ਕਿ ਇਹ ਡਾਕਟਰ ਆਪਣੀ ਰਹਿੰਦੀ ਜਿੰਦਗੀ ਮਨੁੱਖਤਾ ਦੀ ਸੇਵਾ ਵਿਚ ਲਗਾ ਸਕਣ ।