ਬੇਸ਼ਕ ਮੌਜ- ਬਹਾਰਾਂ ਲੁੱਟ।
ਘਰ ਕਿਸੇ ਦਾ ਕਦੇ ਨਾ ਪੁੱਟ।
ਸ਼ੱਚੀ ਗੱਲ ਸਿਆਣੇ ਕਰਦੇ
ਭੁੱਲ ਕੇ ਪੈਰਾਂ ਵਿਚ ਨਾ ਸੁੱਟ।
ਆਪਣਾ ਆਪ ਖ਼ੁਦ ਬਚਾਓ
ਹੁੰਦੀ ਹਰ ਥਾਂ ਲੁੱਟ- ਕਸੁੱਟ।
ਕਦੇ-ਕਦਾਈਂ ਪੀਣੀ ਪੈਂਦੀ
ਬਹੁਤੀ ਪੀ ਕੇ ਹੋਈਂ ਨਾ ਗੁੱਟ।
ਤੀਵੀਂ ਦਾ ਸਤਿਕਾਰ ਕਰੋ ਜੀ
ਗਲਤੀ ਕਰਕੇ ਖਾਉ ਨਾ ਕੁੱਟ।
ਕੁੜਮਾਂਚਾਰੀ ਨਿੱਘਾ ਰਿਸ਼ਤਾ
ਜੱਫ਼ੀ ਪਾ ਕੇ ਲੈਂਦੇ ਘੁੱਟ।
ਪੁੱਤਰ ਘੋੜੀ ਚੜ੍ਹਿਆ ਹੋਵੇ
ਮੁੱਠਾਂ ਭਰ-ਭਰ ਪੈਸੇ ਸੁੱਟ।
ਮਤਲਬ -ਖ਼ੋਰੀ ਯਾਰੀ ਲੋਕੋ
ਸ਼ੀਸ਼ੇ ਵਾਂਗਰ ਜਾਂਦੀ ਟੁੱਟ।
“ਸੁਹਲ” ਪੈਸਾ ਐਸਾ ਨੱਚੇ
ਵਿਚ ਭਰਾਵਾਂ ਪਾ ਦਏ ਫ਼ੁੱਟ।