ਲੰਡਨ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਬੇਸ਼ਕ ਬੀਜੇਪੀ ਪਾਣੀ ਪੀ-ਪੀ ਕੇ ਕਮਜੋਰ ਪ੍ਰਧਾਨਮੰਤਰੀ ਹੋਣ ਦਾ ਸ਼ੋਰ ਮਚਾਉਂਦੀ ਹੈ ਪਰ ਦੁਨੀਆਂ ਦੇ 100 ਸੱਭ ਤੋਂ ਪਾਵਰਫੁਲ ਸਿੱਖਾਂ ਦੀ ਸੂਚੀ ਵਿੱਚ ਉਨ੍ਹਾਂ ਨੂੰ ਟਾਪ ਤੇ ਰੱਖਿਆ ਗਿਆ ਹੈ। ਸਿੱਖ ਡਾਇਰੈਕਟਰੀ ਨਾਂ ਦੀ ਸੰਸਥਾ ਨੇ ਪਹਿਲੇ ਸਾਲਾਨਾ ਪ੍ਰਕਾਸ਼ਨ ਸਿੱਖ 100’ ਵਿੱਚ ਪ੍ਰਧਾਨਮੰਤਰੀ ਨੂੰ ਸੱਭ ਤੋਂ ਉਪਰ ਰੱਖਿਆ ਗਿਆ ਹੈ। ਇਹ ਸੂਚੀ ਸੱਭ ਤੋਂ ਪ੍ਰਭਾਵਸ਼ਾਲੀ ਸਮਕਾਲੀਨ ਸਿੱਖਾਂ ਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 81 ਸਾਲਾ ਸਿੰਘ ‘ਇੱਕ ਵਿਚਾਰਕ ਅਤੇ ਵਿਦਵਾਨ ਦੇ ਤੌਰ ਤੇ ਬਹੁਤ ਹੀ ਸਨਮਾਨਿਤ ਹਨ।’
ਪ੍ਰਧਾਨਮੰਤਰੀ ਮਨਮੋਹਨ ਸਿੰਘ ਸਬੰਧੀ ਕਿਹਾ ਗਿਆ ਹੈ, ਉਨ੍ਹਾਂ ਦੀ ਕੰਮ ਦੇ ਪ੍ਰਤੀ ਲਗਨ ਅਤੇ ਸਿੱਖਿਅਕ ਦ੍ਰਿਸ਼ਟੀਕੋਣ ਦੇ ਨਾਲ-ਨਾਲ ਉਨ੍ਹਾਂ ਦੀ ਪਹੁੰਚ ਅਤੇ ਨਿਮਰ ਸੁਭਾਅ ਲਈ ਵੀ ਉਨ੍ਹਾਂ ਨੂੰ ਕਾਫ਼ੀ ਆਦਰ ਦਿੱਤਾ ਜਾਂਦਾ ਹੈ।’ ਯੋਜਨਾ ਕਮਿਸ਼ਨ ਦੇ ਉਪ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੂੰ ਇਸ ਸੂਚੀ ਵਿੱਚ ਦੂਜਾ ਸੱਭ ਤੋਂ ਤਾਕਤਵਰ ਸਿੱਖ ਦੱਸਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਮੁੱਖ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਸ ਸੂਚੀ ਵਿੱਚ ਤੀਜਾ ਸਥਾਨ ਅਤੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ।
ਦੁਨੀਆਂ ਦੇ ਸੱਭ ਤੋਂ ਤਾਕਤਵਰ ਸਿੱਖਾਂ ਦੀ ਸੂਚੀ ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪਤਨੀ ਸ੍ਰੀਮਤੀ ਗੁਰਸ਼ਰਣ ਕੌਰ ਨੂੰ 13ਵੇਂ ਸਥਾਨ ਤੇ ਰੱਖਿਆ ਗਿਆ ਹੈ। ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨੂੰ 22ਵੇਂ ਸਥਾਨ ਤੇ ਜਗ੍ਹਾ ਦਿੱਤੀ ਗਈ ਹੈ ਅਤੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29ਵੇਂ ਸਥਾਨ ਤੇ ਰੱਖਿਆ ਗਿਆ ਹੈ।