ਨਵੀਂ ਦਿੱਲੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿਤਰ ਜਨਮ ਅਸਥਾਨ ਗੁਰਦੁਆਰਾ ਨਨਕਾਨਾ ਸਾਹਿਬ ਜੀ ਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 15 ਤੋਂ 24 ਨਵੰਬਰ ਤਕ ਜੱਥੇ ਦੇ ਰੂਪ ਵਿਚ ਜਾਣ ਵਾਲੇ 264 ਸ਼ਰਧਾਲੂਆਂ ਨੂੰ ਅੱਜ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੀਜ਼ੇ ਲੱਗੇ ਪਾਸਪੋਰਟ ਦਿੰਦੇ ਹੋਏ ਸ਼ਰਧਾਲੂਆਂ ਦੀ ਸੁਖਦ ਯਾਤਰਾ ਦੀ ਕਾਮਨਾ ਕੀਤੀ । ਇਸ ਮੌਕੇ ਜੀ. ਕੇ. ਨੇ ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ ਨੂੰ ਜੱਥੇ ਦਾ ਜੱਥੇਦਾਰ ਥਾਪਦੇ ਹੋਏ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੀ ਯਾਤਰਾ ਸਬ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਦਸਿਆ ਕਿ ਇਸ ਵਾਰ ਸਾਡੇ ਕੋਲ 324 ਅਰਜੀਆਂ ਆਈਆ ਸੀ, ਪਰ ਕੁਲ 60 ਸ਼ਰਧਾਲੂਆਂ ਨੂੰ ਜਿਸ ਵਿਚੋਂ 42 ਨੂੰ ਪਾਕਿਸਤਾਨ ਅਤੇ 18 ਸ਼ਰਧਾਲੂਆਂ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇਣ ਦੇ ਯੋਗ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜ ਪਿਆਰੇ ਵੀ ਕਮੇਟੀ ਵਲੋਂ ਜਾ ਰਹੇ ਹਨ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਲਗਭਗ 500 ਪ੍ਰਾਣੀਆ ਨੂੰ ਅੰਮਿ੍ਤ ਦੀ ਅਮੂਲੀ ਦਾਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਦੇਣਗੇ।