ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬੀ ਟੈਕ (ਫੂਡ ਤਕਨਾਲੋਜੀ) ਦੇ ਵਿਦਿਆਰਥੀਆਂ ਵੱਲੋਂ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਇਸ ਸਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ ਵੱਖ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ । ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਐਗਰੀਕਲਚਰ ਕਾਲਜ ਦੇ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਅਪਰ ਨਿਰਦੇਸ਼ਕ ਸੰਚਾਰ ਡਾ. ਰਵਿੰਦਰ ਕੌਰ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।
ਇਸ ਮੌਕੇ ਡਾ. ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਗੱਲ ਦਾ ਫਖਰ ਹੈ ਕਿ ਜਿੱਥੇ ਇੱਥੇ ਨਾਮੀ ਸਾਇੰਸਦਾਨ ਪੈਦਾ ਹੋਏ ਹਨ ਉਸੇ ਹੀ ਤਰਜ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕਲਾਕਾਰ ਵੀ ਇਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਹ ਸਭਿਆਚਾਰਕ ਸਰਗਰਮੀਆਂ ਹੀ ਵਿਦਿਅਕ ਸਰਗਰਮੀਆਂ ਦਾ ਇਕ ਭਾਗ ਹੁੰਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਇਨ੍ਹਾਂ ਸਰਗਰਮੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ ।
ਇਸ ਮੌਕੇ ਡਾ. ਰਵਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਖਚਾਖਚ ਭਰੇ ਪਾਲ ਆਡੀਟੋਰੀਅਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸ਼ਾਸ਼ਨ ਦੇ ਬਗੈਰ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਅਤੇ ਅਨੁਸ਼ਾਸ਼ਨ ਨੂੰ ਪਸੰਦ ਕਰਨ ਵਾਲਾ ਵਿਦਿਆਰਥੀ ਜਿੰਦਗੀ ਦੀਆਂ ਬੁਲੰਦੀਆਂ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਆਪਣੇ ਗੁਰੂਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਉਸਾਰੂ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੇ ਸਮਰਥ ਹੁੰਦੇ ਹਾਂ ।
ਇਸ ਮੌਕੇ ਕਰਨ ਕਸ਼ਿਅਪ ਮਿਸਟਰ ਫਰੈਸ਼ਰ ਅਤੇ ਹਰਸਿਮਰਨ ਰਿਆੜ ਮਿਸ ਫਰੈਸ਼ਰ ਚੁਣੇ ਗਏ। ਇਸ ਤੋਂ ਇਲਾਵਾ ਅਮਨਬੀਰ ਸਿੰਘ ਗੁਰਾਇਆ ਮਿਸਟਰ ਆਊਟਗੋਇੰਗ ਅਤੇ ਸੋਨਦੀਪ ਕੌਰ ਮਿਸ ਆਊਟਗੋਇੰਗ ਵਜੋਂ ਚੁਣੇ ਗਏ।