ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਸਰ ਰਤਨ ਟਾਟਾ ਟ੍ਰਸਟ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਪੀ ਏ ਯੂ ਖੇਤੀ ਦੂਤ (ਸਕਾਊਟ) ਤਾਇਨਾਤ ਕੀਤੇ ਗਏ ਹਨ । ਸਰਬਪੱਖੀ ਕੀਟ ਪ੍ਰਬੰਧਨ ਦੇ ਲਈ ਤਾਇਨਾਤ ਇਨ੍ਹਾਂ ਸਕਾਊਟਾਂ ਦੇ ਲਈ ਇੱਕ ਸਿਖਲਾਈ ਪ੍ਰੋਗਰਾਮ ਦਾ ਅੱਜ ਯੂਨੀਵਰਸਿਟੀ ਵਿਚ ਆਯੋਜਨ ਕੀਤਾ ਗਿਆ । ਇਸ ਸਿਖਲਾਈ ਕੋਰਸ ਵਿ¤ਚ 300 ਤੋਂ ਵੱਧ ਸਕਾਊਟਾਂ ਨੇ ਭਾਗ ਲਿਆ । ਇਸ ਮੌਕੇ ਸਰ ਰਤਨ ਟਾਟਾ ਟਰੱਸਟ ਵੱਲੋਂ ਯੂਨੀਵਰਸਿਟੀ ਵਿਖੇ ਸਥਾਪਿਤ ਇਕਾਈ ਦੇ ਕਾਰਜਕਾਰੀ ਨਿਰਦੇਸ਼ਕ ਡਾ: ਗੁਲਜ਼ਾਰ ਸਿੰਘ ਚਾਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਨ੍ਹਾਂ ਖੇਤੀ ਦੂਤਾਂ ਨਾਲ ਖੋਜ ਪਸਾਰ ਅਤੇ ਕਿਸਾਨਾਂ ਵਿਚਲਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤੀ ਦੂਤਾਂ ਨਾਲ ਨਵੀਆਂ ਤਕਨਾਲੋਜੀਆਂ ਅਤੇ ਤਕਨੀਕੀ ਜਾਣਕਾਰੀਆਂ ਕਿਸਾਨਾਂ ਤਕ ਪਹੁੰਚਾਈਆਂ ਜਾਣਗੀਆਂ ਅਤੇ ਇਸ ਨਾਲ ਖਰਚਾ ਵੀ ਘੱਟ ਆਵੇਗ।
ਇਸ ਮੌਕੇ ਐਡੀਸ਼ਨਲ ਨਿਰਦੇਸ਼ਕ ਪਸਾਰ ਸਿਖਿਆ ਡਾ. ਹਰਜੀਤ ਸਿੰਘ ਧਾਲੀਵਾਲ ਨੇ ਸਹਾਇਕ ਕਿੱਤਿਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਰਖਿਅਤ ਖੇਤੀ, ਮਧੂ ਮੱਖੀ ਪਾਲਣ, ਖੁੰਬ ਉਤਪਾਦਨ, ਪਾਪਲਰ ਦੀ ਪਨੀਰੀ ਤਿਆਰ ਕਰਨ ਅਤੇ ਲਘੂ ਪ੍ਰੋਸੈਸਿੰਗ ਇਕਾਈਆਂ ਸਥਾਪਤ ਕਰਕੇ ਅਸੀਂ ਚੋਖਾ ਮੁਨਾਫਾ ਪ੍ਰਾਪਤ ਕਰ ਸਕਦੇ ਹਾਂ । ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਖੇਤੀ ਵਿਭਿੰਨਤਾ ਲਿਆਉਣ ਲਈ ਅਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਲਈ ਤੁਰਨਾ ਚਾਹੀਦਾ ਹੈ । ਇਸ ਨਾਲ ਅਸੀਂ ਮਿਆਰੀ ਉਤਪਾਦ ਤਿਆਰ ਕਰਕੇ ਸੁਖਾਲੇ ਤਰੀਕੇ ਨਾਲ ਮੰਡੀ ਵਿੱਚ ਭੇਜ ਸਕਦੇ ਹਾਂ । ਇਸ ਮੌਕੇ ਡਾ. ਤਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਰਾਹੀਂ ਪਸਾਰ ਦੇ ਉਪਰਾਲਿਆਂ ਸੰਬੰਧੀ ਵਿਸ਼ੇ ਤੇ ਜਾਣਕਾਰੀ ਪੇਸ਼ ਕੀਤੀ । ਉਨ੍ਹਾਂ ਕਿਹਾ ਕਿ ਮੰਡੀ ਤੇ ਅਧਾਰਿਤ, ਮੰਡੀ ਦੇ ਭਾਅ ਦੇ ਉਤਰਾਅ ਚੜਾਅ, ਮੰਡੀ ਦੀ ਸਮੀਖਿਆ ਅੰਤਰਰਾਸ਼ਟਰੀ ਪੱਧਰ ਤੇ ਘੋਖੇ ਜਾਣ ਵਾਲੇ ਵਿਸ਼ੇ ਹਨ, ਜਿਨ੍ਹਾਂ ਨੂੰ ਵੱਡੇ ਤੇ ਸੂਖਮ ਪੱਧਰ ਤੇ ਅਪਣਾਇਆ ਜਾ ਸਕਦਾ ਹੈ । ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿਖਿਆ ਡਾ. ਸੁਰਜੀਤ ਸਿੰਘ ਗਿੱਲ ਨੇ ਪੀ ਏ ਯੂ ਕਿਸਾਨ ਕਲੱਬ ਵੱਲੋਂ ਸੂਚਨਾ ਅਤੇ ਪਸਾਰ ਲਈ ਪਾਏ ਜਾਂਦੇ ਵਡਮੁੱਲੇ ਯੋਗਦਾਨ ਦੀ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਤਿਆਰ ਤਕਨਾਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਅਤੇ ਕਿਸਾਨਾਂ ਵਿੱਚ ਵਿਗਿਆਨਕ ਸੋਚ ਰਾਹੀਂ ਖੇਤੀ ਕਾਰਜਾਂ ਵਿੱਚ ਤਬਦੀਲੀ ਲਿਆਉਣਾ ਸਮੇਂ ਦੀ ਮੁੱਖ ਮੰਗ ਹੈ । ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਰਾਹੀਂ ਸਾਨੂੰ ਕਿਸਾਨਾਂ ਨੂੰ ਇਕ ਜੁੱਟ ਹੋ ਕੇ ਸਹਿਕਾਰੀ ਪੱਧਰ ਤੇ ਖੇਤੀ ਵੱਲ ਤੁਰਨਾ ਚਾਹੀਦਾ ਹੈ ਅਤੇ ਸਵੈ ਸਹਾਇਤਾ ਸਮੂਹ ਸਥਾਪਤ ਕਰਨੇ ਚਾਹੀਦੇ ਹਨ । ਇਸ ਨਾਲ ਸਮੂਹਿਕ ਪੱਧਰ ਤੇ ਲਾਭ ਪਹੁੰਚਦਾ ਹੈ ।
ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਪਵਿੱਤਰਪਾਲ ਸਿੰਘ ਪਾਂਘਲੀ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ. ਰੁਪਿੰਦਰ ਕੌਰ ਤੂਰ ਨੇ ਕਹੇ ।