ਫਤਹਿਗੜ੍ਹ ਸਾਹਿਬ – “ਜਗਦੀਸ ਭੋਲਾ, ਚਾਹਲ, ਬਿੱਟੂ ਔਲਖ ਜੋ ਪੰਜਾਬ ਅਤੇ ਕੌਮਾਂਤਰੀ ਸਰਹੱਦਾਂ ਤੱਕ ਡਰੱਗ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ, ਉਹਨਾਂ ਦੇ ਨਜ਼ਦੀਕੀ ਸੰਬੰਧ ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਅਮਰਪਾਲ ਸਿੰਘ ਬੋਨੀ ਐਮ.ਐਲ.ਏ, ਵੀਰ ਸਿੰਘ ਲੋਪੋਕੇ ਨਾਲ ਹੋਣ ਤੋ ਸਪੱਸਟ ਹੋ ਜਾਂਦਾ ਹੈ ਕਿ ਇਹਨਾਂ ਨਸ਼ੀਲੀਆਂ ਵਸਤਾਂ ਦੇ ਸਮੱਗਲਰਾਂ ਨੂੰ ਬਾਦਲ-ਬੀਜੇਪੀ ਹਕੂਮਤ ਦੀ ਪੂਰਨ ਤੌਰ ਤੇ ਸ੍ਰਪ੍ਰਸਤੀ ਹਾਸਿਲ ਹੈ । ਇਸ ਲਈ ਹੀ ਇਹ ਲੋਕ ਬਿਨ੍ਹਾਂ ਕਿਸੇ ਭੈ-ਖੌਫ਼ ਤੋਂ ਅਜਿਹੇ ਗੈਰ ਕਾਨੂੰਨੀ ਕੰਮਾਂ ਵਿਚ ਮਸਰੂਫ ਹਨ । ਇਸ ਲਈ ਬਾਦਲ-ਬੀਜੇਪੀ ਹਕੂਮਤ ਅਤੇ ਇਹਨਾਂ ਦੇ ਆਗੂ ਇਸ ਹੋ ਰਹੇ ਸਮਾਜ ਵਿਰੋਧੀ ਵਰਤਾਰੇ ਦੀ ਜਿੰਮੇਵਾਰੀ ਤੋਂ ਨਹੀ ਬਚ ਸਕਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਦੇ ਵੱਗ ਰਹੇ ਦਰਿਆ ਉਤੇ ਗਹਿਰੀ ਚਿੰਤਾ ਜ਼ਾਹਿਰ ਕਰਦੇ ਹੋਏ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਮੋਢੀਆਂ ਵੱਲੋਂ ਗੈਰ ਕਾਨੂੰਨੀ ਤਰੀਕੇ ਧਨ-ਦੌਲਤਾ ਅਤੇ ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਨੂੰ ਮੁੱਖ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲੇ ਪੰਜਾਬ ਦੇ ਜੇਲ੍ਹ ਵਿਭਾਗ ਦੇ ਰਹਿ ਚੁੱਕੇ ਮੁੱਖੀ ਸਾਬਕਾ ਅਫ਼ਸਰ ਸ੍ਰੀ ਸ਼ਸੀਕਾਤ ਨੇ ਪੰਜਾਬ ਸਰਕਾਰ ਨੂੰ ਉਚੇਚੇ ਤੌਰ ਤੇ ਪੱਤਰ ਲਿਖਦੇ ਹੋਏ ਇਹ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਸਮੈਕ, ਗਾਂਜਾ, ਅਫ਼ੀਮ, ਭੁੱਕੀ, ਹੈਰੋਇਨ, ਸ਼ਰਾਬ ਆਦਿ ਦੀ ਹੋ ਰਹੀ ਖ਼ਰੀਦੋ-ਫਰੋਖਤ ਅਤੇ ਇਥੋ ਦੀ ਨੌਜ਼ਵਾਨੀ ਨੂੰ ਨਸਿ਼ਆਂ ਵੱਲ ਧਕੇਲਣ ਲਈ ਇਥੋ ਦੇ ਉਹ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਜਿੰਮੇਵਾਰ ਹੈ ਜਿਸਦੇ ਸੰਬੰਧ ਡਰੱਗ ਮਾਫੀਆ ਨਾਲ ਹਨ । ਇਸ ਲਈ ਪੰਜਾਬ ਵਿਚੋਂ ਨਸਿ਼ਆਂ ਦੇ ਹੋ ਰਹੇ ਖ਼ਤਰਨਾਕ ਸੇਵਨ ਅਤੇ ਵੱਧਦੇ ਮੰਦਭਾਵੇ ਰੁਝਾਂਨ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਆਪੋ-ਆਪਣੇ ਸਿਆਸੀ ਅਤੇ ਅਫ਼ਸਰੀ ਅਹੁਦਿਆ ਵਿਚ ਛੁਪਕੇ ਬੈਠੇ ਉਹਨਾਂ ਕਾਲੇ ਧੰਦੇ ਕਰਨ ਵਾਲਿਆਂ ਨੂੰ ਜੱਗ-ਜ਼ਾਹਿਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾ ਦਿਵਾਈਆਂ ਜਾਣ । ਉਹਨਾਂ ਕਿਹਾ ਕਿ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਦੋ ਸ੍ਰੀ ਸ਼ਸੀਕਾਤ ਪੁਲਿਸ ਅਫ਼ਸਰ ਨੇ ਆਪਣੀ ਇਖ਼ਲਾਕੀ ਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਪੰਜਾਬ ਸਰਕਾਰ ਨੂੰ ਨਸ਼ੀਲੀਆਂ ਵਸਤਾਂ ਦੇ ਵੱਡੇ ਪੱਧਰ ਤੇ ਹੋ ਰਹੇ ਗੈਰ ਕਾਨੂੰਨੀ ਕਾਰੋਬਾਰ ਸੰਬੰਧੀ ਲਿਖਿਆ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀ । ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਨਹੀ ਪਤਾ ਕਿ ਉਹਨਾਂ ਦੇ ਵਜ਼ੀਰ, ਐਮ.ਐਲ.ਏ, ਅਹੁਦੇਦਾਰ ਅਤੇ ਐਸ.ਓ.ਆਈ. ਦੇ ਗੁੰਡੇ ਇਹਨਾਂ ਧੰਦਿਆਂ ਵਿਚ ਮਸਰੂਫ ਹਨ, ਤਾਂ ਉਹ ਰਾਜ ਪ੍ਰਬੰਧ ਕੀ ਖਾਕ ਕਰਨਗੇ ? ਜੇਕਰ ਸ. ਬਾਦਲ ਨੂੰ ਸ੍ਰੀ ਸ਼ਸੀਕਾਤ ਦੇ ਪੱਤਰ ਬਾਰੇ ਜਾਣਕਾਰੀ ਨਹੀ ਸੀ, ਤਾਂ ਪੰਜਾਬ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਆਪ ਜੀ ਨੂੰ ਜਾਣੂ ਕਰਵਾਉਦੇ । ਇਹ ਅਮਲ ਇਹ ਵੀ ਸਾਬਿਤ ਕਰਦੇ ਹਨ ਕਿ ਸ. ਬਾਦਲ ਦੀ ਰਾਜ ਪ੍ਰਬੰਧ ਉਤੇ ਕੋਈ ਪਕੜ ਨਹੀ “ਅੰਨ੍ਹੀ ਪੀਹਦੀ ਹੈ ਅਤੇ ਕੁੱਤੇ ਚੱਟ ਰਹੇ ਹਨ” ।
ਸ. ਮਾਨ ਨੇ ਇਖ਼ਲਾਕੀ ਮੁੱਦੇ ਉਤੇ ਗੱਲ ਕਰਦੇ ਹੋਏ ਕਿਹਾ ਕਿ ਜਦੋ ਵੀ ਪੰਜਾਬ ਵਿਚ ਕਿਸੇ ਧੀ-ਭੈਣ ਨਾਲ ਬਾਦਲ ਦੇ ਗੁੰਡੇ ਬਦਫੈਲੀ ਕਰਦੇ ਹਨ ਜਾਂ ਕਿਸੇ ਧੀ-ਭੈਣ ਨੂੰ ਖ਼ਤਮ ਕਰ ਦਿੰਦੇ ਹਨ ਜਾਂ ਕੋਈ ਹੋਰ ਵੱਡਾ ਜੁਲਮ ਹੁੰਦਾ ਹੈ ਤਾਂ ਬਾਦਲ ਸਾਹਿਬ ਅਛੋਪਲੇ ਜਿਹੇ ਕਹਿ ਦਿੰਦੇ ਹਨ ਕਿ ਮੈਨੂੰ ਪਤਾ ਨਹੀ । ਬੀਬੀ ਕਿਰਨਜੀਤ ਕੌਰ ਮਹਿਲਾ ਕਲਾ, ਸ਼ਰੂਤੀ ਅਤੇ ਅੱਜ ਬੀਬੀ ਹਰਜੀਤ ਕੌਰ ਸੇਖਾ ਦੇ ਦੁਖਾਂਤਿਕ ਕਾਂਡ ਇਸੇ ਕਰਕੇ ਵਾਪਰ ਰਹੇ ਹਨ ਕਿਉਕਿ ਕਬੂਤਰ ਬਿੱਲੀ ਨੂੰ ਵੇਖਕੇ ਅੱਖਾਂ ਮੀਟ ਲੈਦਾ ਹੈ, ਜਦੋਕਿ ਉਸਦੀ ਮੌਤ ਸਾਹਮਣੇ ਖੜ੍ਹੀ ਹੁੰਦੀ ਹੈ । ਜੇਕਰ ਇਕ ਘਰ ਦੇ, ਸ਼ਹਿਰ ਦੇ, ਪਿੰਡ ਦੇ, ਸੂਬੇ ਦੇ ਜਾਂ ਮੁਲਕ ਦੇ ਮੁੱਖੀ ਨੂੰ ਹੀ ਆਪਣੇ ਘਰ ਵਿਚ ਹੋ ਰਹੇ ਓਪੱਦਰ ਬਾਰੇ ਜਾਣਕਾਰੀ ਨਾ ਹੋਵੇ ਤਾਂ ਅਜਿਹਾ ਮੁੱਖੀ ਆਪਣੇ ਘਰ, ਪਿੰਡ, ਸ਼ਹਿਰ, ਸੂਬੇ ਜਾਂ ਮੁਲਕ ਦੀ ਇੱਜਤ-ਆਬਰੂ ਦੀ ਰਖਵਾਲੀ ਕਰਨ ਜਾਂ ਹੋਰ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕੰਮਾਂ ਨੂੰ ਖ਼ਤਮ ਕਰਨ ਦਾ ਕਿਵੇ ਦਾਅਵਾ ਕਰ ਸਕਦਾ ਹੈ ? ਅਜਿਹੇ ਮੁੱਖੀ ਬਾਰੇ ਤਾਂ ਇਹ ਕਹਿਣਾ ਵਾਜਿ਼ਬ ਹੋਵੇਗਾ ਕਿ “ਜੱਟ ਮਚਲਾ, ਖੁਦਾ ਨੂੰ ਲੈ ਗਏ ਚੋਰ”। ਕਿਉਕਿ ਸਮੱਗਲਰਾ, ਚੋਰ-ਬਜ਼ਾਰਾਂ, ਜਖੀਰੇਬਾਜ਼ਾਂ, ਰਿਸ਼ਵਤਖੋਰਾਂ, ਬਲਾਤਕਾਰੀਆਂ ਦੀ ਪੁਸਤ-ਪਨਾਹੀ ਕਰਨ ਵਾਲਾ ਮੁੱਖੀ ਆਪਣੇ ਪ੍ਰਬੰਧ ਵਿਚ ਨਾ ਤਾ ਪਾਰਦਰਸੀ ਲਿਆ ਸਕਦਾ ਹੈ ਅਤੇ ਨਾ ਹੀ ਜਮਹੂਰੀਅਤ, ਅਮਨ-ਚੈਨ ਅਤੇ ਇਨਸਾਨੀ ਕਦਰਾ-ਕੀਮਤਾਂ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕਦਾ ਹੈ । ਅਜਿਹਾ ਆਗੂ ਸਮਾਜ ਨੂੰ ਡੁੰਘੀ ਖਾਈ ਵਿਚ ਤਾ ਸੁੱਟ ਸਕਦਾ ਹੈ, ਲੇਕਿਨ ਉਥੋ ਦੇ ਨਿਵਾਸੀਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋ ਕਦੀ ਵੀ ਨਿਜਾਤ ਨਹੀ ਦਿਵਾ ਸਕਦਾ । ਪੰਜਾਬ ਸੂਬੇ ਅਤੇ ਉਸਦੇ ਬਸਿੰਦਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸ.ਪ੍ਰਕਾਸ਼ ਸਿੰਘ ਬਾਦਲ-ਬੀਜੇਪੀ ਹਕੂਮਤ ਉਸਦੇ ਗੈਰ ਇਖ਼ਲਾਕੀ ਵਜ਼ੀਰ, ਐਸ.ਓ.ਆਈ. ਦੇ ਗੁੰਡੇ ਪੰਜਾਬ ਸੂਬੇ ਤੇ ਉਸਦੇ ਬਸਿੰਦਿਆਂ ਦੀ ਬਹਿਤਰੀ ਲਈ ਕੁਝ ਵੀ ਕਰਨ ਦੇ ਸਮਰੱਥ ਨਹੀ । ਇਸ ਲਈ ਜਿੰਨੀ ਜਲਦੀ ਹੋ ਸਕੇ ਪੰਜਾਬ ਨਿਵਾਸੀ ਆਪਣੀ ਵੋਟ ਸ਼ਕਤੀ ਰਾਹੀ ਇਹਨਾਂ ਤੋ ਖਹਿੜਾ ਛੁਡਵਾਕੇ, ਉੱਚੇ-ਸੁੱਚੇ ਇਖ਼ਲਾਕ ਵਾਲੇ ਨੁਮਾਇੰਦਿਆਂ ਨੂੰ ਅੱਗੇ ਲਿਆਕੇ “ਹਲੀਮੀ ਰਾਜ” ਕਾਇਮ ਕਰਨ ਵਿਚ ਯੋਗਦਾਨ ਪਾਉਣ ।