ਨਵੀਂ ਦਿੱਲੀ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਨੇ ਦੱਖਣੀ ਦਿੱਲੀ ਦੀ ਚੋਣ ਰੈਲੀ ਵਿੱਚ ਮੁੱਖਮੰਤਰੀ ਸ਼ੀਲਾ ਦੀਕਸ਼ਤ ਦੇ ਵਿਕਾਸ ਕੰਮਾਂ ਦੀ ਰਜ ਕੇ ਤਾਰੀਫ਼ ਕੀਤੀ ਅਤੇ ਬੀਜੇਪੀ ਤੇ ਝੂਠਾ ਪ੍ਰਚਾਰ ਕਰਨ ਦਾ ਆਰੋਪ ਲਗਾਇਆ। ਸ਼ੀਲਾ ਦੀਕਸ਼ਤ ਦੇ ਕਾਰਜਕਾਲ ਦੌਰਾਨ ਹੋਈ ਤਰੱਕੀ ਦੀਆਂ ਸਿਫ਼ਤਾਂ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਦਿੱਲੀ ਵਿੱਚ ਸ਼ਾਂਤੀ ਅਤੇ ਪਿਆਰ ਹੈ।
ਦੱਖਣੀ ਦਿੱਲੀ ਦੇ ਅੰਬੇਦਕਰ ਨਗਰ ਵਿੱਚ ਆਯੋਜਿਤ ਚੋਣ ਰੈਲੀ ਵਿੱਚ ਰਾਹੁਲ ਨੇ ਆਪਣੇ ਭਾਸ਼ਣ ਨੂੰ ਪੂਰੀ ਤਰ੍ਹਾਂ ਨਾਲ ਵਿਕਾਸ ਤੇ ਹੀ ਕੇਂਦਰਿਤ ਰੱਖਿਆ। ਉਨ੍ਹਾਂ ਨੇ ਕਿਹਾ ਕਿ ਪਿੱਛਲੇ 15 ਸਾਲਾਂ ਵਿੱਚ ਦਿੱਲੀ ਸਰਕਾਰ ਅਤੇ ਯੂਪੀਏ ਨੇ ਆਮ ਆਦਮੀ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਉਨਤੀ ਲਈ ਸਾਨੂੰ ਆਮ ਆਦਮੀ ਅਤੇ ਮਹਿਲਾਵਾਂ ਨੂੰ ਪਾਵਰ ਦੇਣੀ ਹੋਵੇਗੀ। ਰਾਹੁਲ ਅਨੁਸਾਰ ਭਾਜਪਾ ਪ੍ਰਸ਼ਾਸਿਤ ਰਾਜਾਂ ਨਾਲੋਂ ਕਾਂਗਰਸ ਸ਼ਾਸਿਤ ਰਾਜਾਂ ਵਿੱਚ ਸਾਡੀ ਪਾਰਟੀ ਦੀਆਂ ਸਰਕਾਰਾਂ ਵਿਕਾਸ ਦੇ ਕੰਮਾਂ ਵਿੱਚ ਕਾਫ਼ੀ ਅੱਗੇ ਹਨ।
ਰਾਹੁਲ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਰਾਜਾਂ ਵਿੱਚ ਧਰਮ ਦੇ ਨਾਂ ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਅਤੇ ਦਿੱਲੀ ਵਿੱਚ ਕਾਂਗਰਸ ਲਈ ਸੱਭ ਨਾਗਰਿਕ ਸਮਾਨ ਹਨ। ਦਿੱਲੀ ਦੇ ਲੋਕਾਂ ਵਿੱਚ ਆਪਸੀ ਪਿਆਰ ਅਤੇ ਸ਼ਾਂਤੀ ਦੀ ਭਾਵਨਾ ਹੈ। ਰਾਹੁਲ ਨੇ ਆਪਣੇ ਭਾਸ਼ਣ ਵਿੱਚ ਯੂਪੀਏ ਸਰਕਾਰ ਅਤੇ ਦਿੱਲੀ ਸਰਕਾਰ ਦੀਆਂ ਉਪਲੱਭਦੀਆਂ ਗਿਣਵਾਉਂਦੇ ਹੋਏ ਸ਼ੀਲਾ ਲਈ ਵੋਟਾਂ ਦੀ ਮੰਗ ਕੀਤੀ।