ਲੁਧਿਆਣਾ – ਗੁਣਾਂ ਦੀ ਗੁਥਲੀ ਹੈ ਸ਼ਹਿਦ ਅਤੇ ਇਸ ਦੇ ਛੁਪੇ ਗੁਣਾਂ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ । ਇਹ ਸ਼ਬਦ ਪੰਜਾਬ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਲਾਜਵਿੰਦਰ ਸਿੰਘ ਬਰਾੜ ਨੇ, ਯੂਨੀਵਰਸਿਟੀ ਵਿਖੇ ਆਯੋਜਿਤ ਇ¤ਕ ਤਕਨੀਕੀ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੌਰਾਨ ਕਹੇ । ਇਹ ਸਿਖਲਾਈ ਕੋਰਸ ਯੂਨੀਵਰਸਿਟੀ ਦੇ ਐਂਟੋਮੋਲੋਜੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਆਯੋਜਿਤ ਕੀਤਾ ਗਿਆ । ਇਸ ਸਿਖਲਾਈ ਕੋਰਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਸਾਇੰਸਦਾਨਾਂ ਦੇ 37 ਪਸਾਰ ਮਾਹਿਰਾਂ ਨੇ ਭਾਗ ਲਿਆ । ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੁਖਤਾਰ ਸਿੰਘ ਗਿੱਲ ਨੇ ਕੀਤੀ ਜਦਕਿ ਖੇਤੀਬਾੜੀ ਕਾਲਜ ਦੇ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਅਤੇ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਐਸ ਐਸ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।
ਇਸ ਮੌਕੇ ਡਾ. ਲਾਜਵਿੰਦਰ ਬਰਾੜ ਨੇ ਬੋਲਦਿਆਂ ਕਿਹਾ ਕਿ ਮਧੂ ਮੱਖੀ ਪਾਲਣ ਨੂੰ ਇੱਕ ਉਦਯੋਗ ਵਜੋਂ ਪ੍ਰਫੁਲਤ ਕਰਨ ਲਈ ਇੱਕ ਵਰ੍ਹੇ ਦੌਰਾਨ ਹੀ ਵਿਭਾਗ ਵੱਲੋਂ 238 ਸਿਖਲਾਈ ਕੋਰਸ ਆਯੋਜਿਤ ਕੀਤੇ ਗਏ । ਉਨ੍ਹਾਂ ਕਿਹਾ ਕਿ ਮਧੂ ਮੱਖੀ ਪਾਲਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਅਤੇ ਮਹਿਕਮਾ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਦੇਸ਼ ਵਿੱਚ ਕੁੱਲ ਸ਼ਹਿਦ ਦੀ ਪੈਦਾਵਾਰ ਵਧ ਸਕੀ ਹੈ । ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਗਿੱਲ ਨੇ ਬੋਲਦਿਆਂ ਕਿਹਾ ਕਿ ਅਜੋਕਾ ਸਮਾਂ ਕੁਪੋਸ਼ਣ ਦੀ ਮਾਰ ਨੂੰ ਠੱਲ ਪਾਉਣ ਦਾ ਸਮਾਂ ਹੈ ਜਿਸ ਲਈ ਸ਼ਹਿਦ ਅਹਿਮ ਭੂਮਿਕਾ ਨਿਭਾ ਸਕਦਾ ਹੈ । ਉਨ੍ਹਾਂ ਇਸ ਮੌਕੇ ਸ਼ਹਿਦ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮੇਂ ਦੀ ਮੁੱਖ ਮੰਗ ਦੱਸਿਆ ਤਾਂ ਜੋ ਚੰਗੇ ਸ਼ਹਿਦ ਅਤੇ ਮਾੜੇ ਸ਼ਹਿਦ ਵਿਚ ਤੁਲਨਾ ਕੀਤੀ ਜਾ ਸਕੇ । ੳੇੁਨ੍ਹਾਂ ਇਸ ਮੌਕੇ ਦੱਸਿਆ ਕਿ ਫੁੱਲ ਫਲਾਕੇ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਹਾਲੇ ਵੀ ਇਸ ਸੰਬੰਧੀ ਅੱਗੇ ਤੁਰਨ ਦੀਆਂ ਕਈ ਸੰਭਾਵਨਾਵਾਂ ਹਨ । ਉਨ੍ਹਾਂ ਇਸ ਮੌਕੇ ਭਰੋਸਾ ਦਿਵਾਇਆ ਕਿ ਨਵੇਂ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਹਰ ਸੰਭਵ ਤਕਨੀਕੀ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ।
ਇਸ ਮੌਕੇ ਡਾ. ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸੂਬੇ ਵੱਲੋਂ ਦੇਸ਼ ਦਾ ਕੁੱਲ 37 ਫੀਸਦੀ ਸ਼ਹਿਦ ਪੈਦਾ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਸੀਲੇ ਮਿਲੇ ਹਨ ਉਸ ਦੇ ਨਾਲ ਨਾਲ ਕਿਸਾਨਾਂ ਦੀ ਆਰਥਿਕਤਾ ਵਿੱਚ ਵੀ ਹਿਜ਼ਾਫ਼ਾ ਹੋਇਆ ਹੈ । ਇਸ ਮੌਕੇ ਐਂਟੋਮੋਲੋਜੀ ਵਿਭਾਗ ਦੇ ਕਾਰਜਕਾਰਨੀ ਮੁਖੀ ਡਾ. ਜੇ. ਐਸ. ਕੁਲਾਰ ਨੇ ਮਧੂ ਮੱਖੀ ਪਾਲਣ ਦੇ ਪੰਜਾਬ ਸੂਬੇ ਵਿੱਚ ਪੈਰ ਪਸਾਰਨ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ । ਇਸ ਮੌਕੇ ਕੋਰਸ ਦੇ ਕੋ-ਆਰਡੀਨੇਟਰ ਡਾ. ਸੀ.ਐਲ ਵਸ਼ਿਸ਼ਟ ਅਤੇ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸੇ ਤਰ੍ਹਾਂ ਦਾ ਇੱਕ ਸਿਖਲਾਈ ਕੋਰਸ 10 ਤੋਂ 14 ਫ਼ਰਵਰੀ ਨੂੰ ਵੀ ਆਯੋਜਿਤ ਕੀਤਾ ਜਾ ਰਿਹਾ ਹੈ । ਅੰਤ ਵਿ¤ਚ ਕੋਰਸ ਦੇ ਤਕਨੀਕੀ ਕੋ-ਆਰਡੀਨੇਟਰ ਡਾ. ਜਸਪਾਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ ।