ਲੁਧਿਆਣਾ : ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਤੇ ਪੀ.ਏ.ਯੂ. ਸੁਪਰਵਾਈਜ਼ਰੀ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਵਲੋਂ ਪੈਨਸ਼ਨ ਨਾ ਮਿਲਣ ਕਰਕੇ ਅੱਜ ਥਾਪਰ ਹਾਲ ਦੇ ਸਾਹਮਣੇ ਇਕ ਵਿਸ਼ਾਲ ਧਰਨਾ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ੍ਰੀ ਜ਼ਿਲ੍ਹਾ ਰਾਮ ਬਾਂਸਲ ਨੇ ਕੀਤੀ। ਇਸ ਧਰਨੇ ਵਿਚ ਮੁਲਾਜ਼ਮਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ।
ਭਾਰੀ ਗਿਣਤੀ ਵਿਚ ਸ਼ਾਮਿਲ ਹੋਏ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸ੍ਰੀ ਜਿਲਾ ਰਾਮ ਬਾਂਸਲ ਨੇ ਕਿਹਾ ਕਿ ਉਹ ਅਤੇ ਸ੍ਰੀ ਸਤੀਸ਼ ਸੂਦ ਜਨਰਲ ਸਕੱਤਰ ਬੀਤੀ 16 ਨਵੰਬਰ ਨੂੰ ਕੁੰਦਨ ਵਿੱਦਿਆ ਮੰਦਰ ਸਕੂਲ ਵਿਚ ਕਿਸੇ ਵਿਸ਼ੇਸ਼ ਸਮਾਗਮ ਤੇ ਪਹੁੰਚੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ-ਚਰਚਾ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਪੂਰਵਕ ਜਾਣੂ ਕਰਵਾਇਆ ਸੀ ਅਤੇ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਪੈਨਸ਼ਨ ਅਤੇ ਤਨਖਾਹ ਦੇਣੀ ਹਰ ਮਹੀਨੇ ਪਹਿਲੀ ਤਾਰੀਖ ਨੂੰ ਯਕੀਨੀ ਬਣਾਈ ਜਾਵੇ ਅਤੇ ਇਸ ਤੋਂ ਇਲਾਵਾ 64 ਕਰੋੜ ਤੋਂ ਵੱਧ ਧੰਨ ਰਾਸ਼ੀ ਜਿਸ ਵਿਚੋਂ 57.72 ਕਰੋੜ ਰੁਪਏ ਦੀ ਮਨਜੂਰੀ ਵਿੱਤ ਵਿਭਾਗ ਪਹਿਲਾਂ ਹੀ ਘੋਸ਼ਿਤ ਕਰ ਚੁੱਕਿਆ ਹੈ, ਨੂੰ ਜਲਦੀ ਤੋਂ ਜਲਦੀ ਦੇਣਾ ਯਕੀਨੀ ਬਣਾਇਆ ਜਾਵੇ। ਸ. ਬਾਦਲ ਸਾਹਿਬ ਨੇ ਇਨ੍ਹਾਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਪੂਰਨ ਭਰੋਸਾ ਦਿੱਤਾ ਕਿ ਤੁਹਾਡੀਆਂ ਇਹ ਮੰਗਾਂ ਤੇ ਨਿੱਜੀ ਧਿਆਨ ਦੇ ਕੇ ਜਲਦੀ ਹੀ ਤੁਹਾਡੇ ਹੱਕ ਵਿਚ ਨਿਪਟਾਰਾ ਕੀਤਾ ਜਾਵੇਗਾ।
ਸ੍ਰੀ ਡੀ.ਪੀ. ਮੌੜ ਚੇਅਰਮੈਨ ਨੇ ਕਿਹਾ ਕਿ ਸ. ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਆਪਣੇ ਬਜਟ ਭਾਸ਼ਣ ਦੌਰਾਨ ਐਲਾਨ ਕੀਤਾ ਸੀ ਕਿ ਪੀ.ਏ.ਯੂ. ਦੇ ਪੈਨਸ਼ਨਰਾਂ ਅਤੇ ਮੁਲਾਜਮਾਂ ਦੇ ਬਕਾਏ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਅਦਾ ਕਰ ਦਿੱਤੇ ਜਾਣਗੇ। ਅੱਜ ਤੀਜੀ ਤਿਮਾਹੀ ਦਾ ਅੱਧ ਟੱਪਣ ਦੇ ਨੇੜੇ ਹੈ ਪਰ ਕੋਈ ਵੀ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਪੰਜਾਬ ਸਰਕਾਰ ਕੋਲ ਸਿਰਫ਼ ਅੰਦਾਜ਼ਨ ਸਾਢੇ ਤਿੰਨ ਕਰੋੜ ਰੁਪਿਆ ਜੋ ਕਿ ਇਸ ਮਹੀਨੇ ਦੀ ਪੈਨਸ਼ਨ ਵਿਚੋਂ ਥੁੜ੍ਹਦਾ ਸੀ, ਨਹੀਂ ਹੈ ਤਾਂ 2100 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਜੋ ਲੁਧਿਆਣਾ ਲਈ ਬੀਤੀ 15 ਨਵੰਬਰ ਨੂੰ ਨਿਰਬਾਣਾ ਕਲੱਬ ਵਿਚ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੋਰ ਸ਼ੋਰ ਨਾਲ ਘੋਸ਼ਿਤ ਕੀਤੇ ਸਨ, ਉਨ੍ਹਾਂ ਲਈ ਇੰਨੀ ਵੱਡੀ ਧੰਨ ਰਾਸ਼ੀ ਕਿਥੋਂ ਆਵੇਗੀ।
ਸ੍ਰੀ ਸਤੀਸ਼ ਸੂਦ ਨੇ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਾਥੀ ਇਸੇ ਤਰ੍ਹਾਂ ਹੁੰਮ ਹੁਮਾ ਕੇ ਧਰਨੇ ਵਿਚ ਸ਼ਾਮਿਲ ਹੁੰਦੇ ਰਹੋ ਤਾਂ ਕਿ ਆਪਣੇ ਰਹਿੰਦੇ ਬਕਾਏ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰ ਸਕੀਏ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਰ ਇਕ ਵਿਅਕਤੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਪੈਨਸ਼ਨਰ ਅਤੇ ਮੁਲਾਜ਼ਮ ਸਾਥੀਆਂ ਦੇ ਹੱਕਾਂ ਲਈ ਲੜ ਰਹੇ ਹਾਂ। ਇਸ ਲਈ ਇਮਾਰਤਾਂ ਵਿਚ ਬੈਠੇ ਮੁਲਾਜ਼ਮ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਰੋਸ ਧਰਨੇ ਵਿਚ ਭਾਰੀ ਸੰਖਿਆ ਵਿਚ ਸ਼ਾਮਲ ਹੋਣ।
ਇਸ ਧਰਨੇ ਵਿਚ ਲਾਭ ਸਿੰਘ, ਤਿਲਕ ਸਿੰਘ ਸਾਂਘੜਾ, ਇੰਦਰਜੀਤ ਸਿੰਘ ਆਦਿ ਸ਼ਾਮਲ ਹੋਏ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ. ਜੱਗਾ ਸਿੰਘ, ਸਕੱਤਰ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਧਰਨੇ ਨੂੰ ਨਵਾਂ ਮੋੜ ਦਿੰਦਿਆਂ ਹੋਇਆਂ ਅੱਜ ਲੁਧਿਆਣਾ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਇਕ ਵੱਡਾ ਜੱਥਾ ਧਰਨੇ ਵਿਚ ਸ਼ਾਮਿਲ ਹੋਇਆ ਅਤੇ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਸ. ਮੋਹਨ ਸਿੰਘ ਰਿਟਾਇਰਡ ਗੌਰਮਿੰਟ ਕਾਲਜ ਲੁਧਿਆਣਾ ਨੇ ਕਿਹਾ ਕਿਹਾ ਕਿ ਜੇਕਰ ਕੋਈ ਰੇਲ ਹਾਦਸਾ ਹੋ ਜਾਂਦਾ ਹੈ ਤਾਂ ਮੰਤਰੀ ਉਸ ਦੀ ਜਿੰਮੇਵਾਰੀ ਲੈਂਦਾ ਹੋਇਆਂ ਉਸੇ ਸਮੇਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇਸ ਗੱਲ ਦੀ ਜਿੰਮੇਵਾਰੀ ਲੈਂਦਿਆਂ ਜਾਂ ਤਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਜਾਂ ਆਪਣੀ ਬਣਦੀ ਮਹੀਨੇ ਦੀ ਤਨਖਾਹ ਉਦੋਂ ਤੱਕ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ ਜਦ ਤੱਕ ਯੂਨੀਵਰਸਿਟੀ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲ ਜਾਂਦੀ।
ਧਰਨੇ ਨੂੰ ਸੀਨੀਅਰ ਆਗੂ ਟੇਕ ਸਿੰਘ, ਐਮ.ਆਰ. ਪਾਸੀ, ਚਰਨਜੀਤ ਸਿੰਘ ਗਰੇਵਾਲ, ਐਸ.ਪੀ. ਸ਼ਰਮਾ, ਗੁਰਮੁਖ ਸਿੰਘ, ਇੰਦਰਜੀਤ ਸਿੰਘ, ਐਚ.ਬੀ.ਐਸ. ਭਾਟੀਆਂ ਨੇ ਸੰਬੋਧਨ ਕੀਤਾ।