ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਆਯੋਜਿਤ ਬੀਤੇ ਦਿਨੀਂ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਨਿਯੁਕਤੀਆਂ ਸੰਬੰਧੀ ਲਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪਵਨ ਕੁਮਾਰ ਖੰਨਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਡਾ. ਜਸਵਿੰਦਰ ਕੌਰ ਸਾਂਘਾ ਨੂੰ ਹੋਮ ਸਾਇੰਸ ਕਾਲਜ ਦੇ ਡੀਨ ਥਾਪਿਆ ਗਿਆ ਹੈ ਜਦਕਿ ਬੇਸਿਕ ਸਾਇੰਸ ਕਾਲਜ ਦੇ ਡੀਨ ਲਈ ਡਾ. ਰਜਿੰਦਰ ਸਿੰਘ ਸਿੱਧੂ ਨੂੰ ਨਾਮਜਦ ਕੀਤਾ ਗਿਆ ਹੈ । ਅਪਰ ਨਿਰਦੇਸ਼ਕ ਖੋਜ ਬਾਗਬਾਨੀ ਡਾ. ਪੁਸ਼ਪਿੰਦਰ ਸਿੰਘ ਔਲਖ ਹੋਣਗੇ ਜਦਕਿ ਅਪਰ ਨਿਰਦੇਸ਼ਕ (ਕਰੌਪ ਇੰਮਪਰੂਵਮੈਂਟ) ਨਾਮਜਦ ਕੀਤਾ ਗਿਆ ਹੈ ।
ਡਾ. ਜਸਵਿੰਦਰ ਸਾਂਘਾ : ਡਾ. ਜਸਵਿੰਦਰ ਸਾਂਘਾ ਪਿਛਲੇ 33 ਸਾਲਾਂ ਤੋਂ ਭੋਜਨ ਅਤੇ ਪੋਸ਼ਣ ਦੇ ਖੇਤਰ ਵਿੱਚ ਕਈ ਉਪਲਬਧੀਆਂ ਹਾਸਲ ਕਰ ਚੁੱਕੇ ਹਨ । ਡਾ. ਸਾਂਘਾ ਨੇ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਸ ਤੋਂ ਇਲਾਵਾ ਉਹ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਪ੍ਰਾਜੈਕਟਾਂ ਵਿੱਚ ਕੰਮ ਕਰ ਚੁੱਕੇ ਹਨ । ਸੱਤਵੀਂ ਪੰਜਾਬ ਸਾਇੰਸ ਕਾਂਗਰਸ ਜੋ ਕਿ ਸਾਲ 2004 ਵਿੱਚ ਆਯੋਜਿਤ ਕੀਤੀ ਗਈ ਸੀ, ਵਿੱਚ ਡਾ. ਸਾਂਘਾ ਨੂੰ ਯੰਗ ਸਾਇੰਟਿਸਟ ਦਾ ਐਵਾਰਡ ਵੀ ਪ੍ਰਾਪਤ ਹੋਇਆ ਸੀ। ਇਸ ਨਿਯੁਕਤੀ ਤੋਂ ਪਹਿਲਾਂ ਡਾ. ਸਾਂਘਾ ਡੀਨ, ਯੂਨੀਵਰਸਿਟੀ ਦੇ ਲਾਇਬ੍ਰੇਰੀਅਨ, ਹੋਮ ਸਾਇੰਸ ਕਾਲਜ ਦੇ ਰਿਸਰਚ ਕੋ-ਆਰਡੀਨੇਟਰ ਵਿਭਾਗ ਦੇ ਮੁੱਖੀ ਅਤੇ ਐਡੀਸ਼ਨਲ ਡਾਇਰੈਕਟਰ ਰਿਸਰਚ ਵੀ ਰਹਿ ਚੁੱਕੇ ਹਨ ।
ਡਾ. ਪੁਸ਼ਪਿੰਦਰ ਸਿੰਘ ਔਲਖ : ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਬਾਗਬਾਨੀ ਦੇ ਖੇਤਰ ਵਿੱਚ ਚੰਗੇਰੀਆਂ ਪ੍ਰਾਪਤੀਆਂ ਕੀਤੀਆਂ ਹਨ । ਉਨ੍ਹਾਂ ਵੱਲੋਂ ਕਿਸਮਾਂ ਅਤੇ ਵਿਕਾਸ, ਬਾਗਬਾਨੀ ਦੀਆਂ ਨਵੀਆਂ ਤਕਨੀਕਾਂ, ਕਟਾਈ ਉਪਰੰਤ ਫ਼ਲਾਂ ਦੀ ਸਾਂਭ ਸੰਭਾਲ ਆਦਿ ਸੰਬੰਧੀ ਅਨੇਕ ਖੋਜ ਕਾਰਜ ਨੇਪਰੇ ਚਾੜੇ ਹਨ। ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਉਪਰੰਤ ਡਾ. ਔਲਖ ਨੇ ਬਾਗਬਾਨੀ ਲਈ 31 ਸਿਫ਼ਾਰਸ਼ਾਂ ਕੀਤੀਆਂ ਹਨ । ਇਸ ਤੋਂ ਪਹਿਲਾਂ ਡਾ. ਔਲਖ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ, ਖੇਤਰੀ ਕੇਂਦਰ ਅਬੋਹਰ ਦੇ ਨਿਰਦੇਸ਼ਕ ਵੀ ਰਹਿ ਚੁੱਕੇ ਹਨ । ਸਾਲ 2013 ਲਈ ਡਾ. ਔਲਖ ਨੂੰ ਸ੍ਰੀ ਗਿਰਧਾਰੀ ਲਾਲ ਚੱਢਾ ਯਾਦਗਾਰੀ ਗੋਲਡ ਮੈਡਲ ਵੀ ਪ੍ਰਦਾਨ ਕੀਤਾ ਗਿਆ ਅਤੇ ਹੁਣ ਉਹ ਬਾਗਬਾਨੀ ਵਿਭਾਗ ਦੇ ਮੁਖੀ ਵੱਜੋਂ ਸੇਵਾਵਾਂ ਨਿਭਾ ਰਹੇ ਸਨ ।
ਡਾ. ਆਰ ਕੇ ਗੁੰਬਰ : ਡਾ. ਆਰ ਕੇ ਗੁੰਬਰ ਨੇ ਆਪਣੇ 27 ਸਾਲ ਦੇ ਸੇਵਾ ਕਾਲ ਦੌਰਾਨ ਵੱਖ ਵੱਖ ਫ਼ਸਲਾਂ ਦੀਆਂ 20 ਕਿਸਮਾਂ ਨੂੰ ਵਿਕਸਤ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ । ਜਿਨ੍ਹਾਂ ਵਿਚੋਂ 9 ਕਿਸਮਾਂ ਕੌਮਾਂਤਰੀ ਪੱਧਰ ਤੇ ਜਾਰੀ ਕੀਤੀਆਂ ਗਈਆਂ ਹਨ । ਇਸ ਤੋਂ ਇਲਾਵਾ ਡਾ. ਗੁੰਬਰ ਗੰਨੇ, ਨਰਮੇ ਅਤੇ ਸੋਇਆਬੀਨ ਦੀਆਂ 16 ਕਿਸਮਾਂ ਦੇ ਮੁਲਾਂਕਣ ਵਿੱਚ ਵੀ ਸ਼ਾਮਲ ਰਹੇ ਹਨ । ਇਸ ਤੋਂ ਪਹਿਲਾਂ ਡਾ. ਗੁੰਬਰ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਨਿਰਦੇਸ਼ਕ, ਗੰਨਾ ਸੈਕਸ਼ਨ ਦੇ ਇੰਚਾਰਜ, ਕਾਟਨ ਰਿਸਰਚ ਕੇਂਦਰ ਅਬੋਹਰ ਦੇ ਇੰਚਾਰਜ ਰਹਿ ਚੁੱਕੇ ਹਨ ।
ਡਾ. ਪੰਕਜ ਰਾਠੌਰ : ਡਾ. ਪੰਕਜ ਰਾਠੌਰ ਨੇ ਆਪਣੇ ਕਾਰਜ ਕਾਲ ਦੌਰਾਨ 5 ਵੱਖ ਵੱਖ ਫ਼ਸਲਾਂ ਦੀਆਂ ਕਿਸਮਾਂ ਵਿਕਸਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ । ਉਨ੍ਹਾਂ ਵੱਲੋਂ ਵਿਕਸਤ ਕੀਤੀਆਂ ਗਈਆਂ ਕਈ ਕਿਸਮਾਂ ਰਾਸ਼ਟਰੀ ਪੱਧਰ ਤੇ ਵੀ ਜਾਰੀ ਕੀਤੀਆਂ ਗਈਆਂ ਹਨ । ਇਸ ਤੋਂ ਇਲਾਵਾ ਡਾ. ਰਾਠੌਰ 20 ਕਿਸਮਾਂ ਜਾਂ ਦੋਗਲੀਆਂ ਕਿਸਮਾਂ ਦੇ ਪ੍ਰੀਖਣ ਵਿੱਚ ਵੀ ਸ਼ਾਮਲ ਰਹੇ ਹਨ । ਡਾ. ਰਾਠੌਰ ਬਤੌਰ ਇੰਚਾਰਜ ਕਾਟਨ ਖੋਜ ਕੇਂਦਰ, ਅਬੋਹਰ ਅਤੇ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਇੰਚਾਰਜ ਵੀ ਰਹਿ ਚੁੱਕੇ ਹਨ ।