ਨਵੀਂ ਦਿੱਲੀ- ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ 7 ਨੇਤਾਵਾਂ ਨੂੰ ਇੱਕ ਵੈਬ ਸਾਈਟ ਨੇ ਸਿਟਿੰਗ ਅਪਰੇਸ਼ਨ ਦੁਆਰਾ ਰਿਸ਼ਵਤ ਮੰਗਦੇ ਹੋਏ ਵਿਖਾ ਕੇ ਸਨਸਨੀ ਫੈਲਾ ਦਿੱਤੀ ਹੈ। ਇਹ ਸੱਭ ਨੇਤਾ ਦਿੱਲੀ ਦੀ ਵਿਧਾਨ ਸੱਭਾ ਚੋਣਾਂ ਵਿੱਚ ‘ਆਪ’ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਹਨ। ਇਨ੍ਹਾਂ ਵਿੱਚ ਇੱਕ ਸ਼ਾਜੀਆ ਇਲਮੀ ਨਾਂ ਦੀ ਔਰਤ ਉਮੀਦਵਾਰ ਵੀ ਸ਼ਾਮਿਲ ਹੈ ਜੋ ਕਿ ਦਿੱਲੀ ਦੇ ਆਰਕੇ ਪੁਰਮ ਤੋਂ ਚੋਣ ਮੈਦਾਨ ਵਿੱਚ ਹੈ।
ਕੇਜਰੀਵਾਲ ਜੋ ਕਿ ਆਪ ਪਾਰਟੀ ਦੇ ਕਰਤਾ-ਧਰਤਾ ਹਨ। ਉਨ੍ਹਾਂ ਦਾ ਸੱਜਾ ਹੱਥ ਅਤੇ ਪਾਰਟੀ ਦਾ ਚਿਹਰਾ ਮੰਨੇ ਜਾਂਦੇ ਕੁਮਾਰ ਵਿਸ਼ਵਾਸ਼ ਨੂੰ ਵੀ ਇਸ ਸਿਟਿੰਗ ਵਿੱਚ ਨਕਦ ਭੁਗਤਾਨ ਦੀ ਮੰਗ ਕਰਦੇ ਹੋਏ ਵਿਖਾਇਆ ਗਿਆ ਹੈ। ਸਿਟਿੰਗ ਵਿੱਚ ਵਿਖਾਈ ਗਈ ਵੀਡੀਓ ਵਿੱਚ ਇਨ੍ਹਾਂ ਸਤਾਂ ਵਿੱਚੋਂ ਸਿਰਫ਼ ਇੱਕ ਹੀ ਉਮੀਦਵਾਰ ਨੇ ਰਿਸ਼ਵਤ ਲੈਣ ਤੋਂ ਮਨ੍ਹਾ ਕੀਤਾ ਸੀ, ਜਦੋਂ ਕਿ ਬਾਕੀ ਸੱਭ 6 ਉਮੀਦਵਾਰ ਆਪਣੇ ਸਿਧਾਂਤਾਂ ਨੂੰ ਵੇਚ ਕੇ ਬੇਈਮਾਨੀ ਕਰਨ ਨੂੰ ਤਿਆਰ ਹੋ ਗਏ ਸਨ। ਸ਼ਾਜੀਆ ਨੂੰ ਤਾਂ ਰਾਸ਼ੀ ਲੈਣ ਦੇ ਲਈ ਹਾਮੀ ਭਰਦੇ ਹੋਏ ਵਿਖਾਇਆ ਗਿਆ ਹੈ।
ਕੋਂਡਲੀ ਤੋਂ ‘ਆਪ’ ਦੇ ਉਮੀਦਵਾਰ ਮਨੋਜ ਕੁਮਾਰ ਇੱਕ ਬਿਲਡਰ ਤੋਂ ਪੈਸਾ ਲੈਣ ਲਈ ਤਿਆਰ ਹੋਏ ਵਿਖਾਏ ਗਏ ਹਨ, ਜਿਸ ਦੇ ਬਦਲੇ ਚੋਣਾਂ ਤੋਂ ਬਾਅਦ ਉਸ ਦਾ ਕੋਈ ਕੰਮ ਕਰਨ ਦੀ ਹਾਮੀ ਭਰੀ ਗਈ ਹੈ। ਕੇਜਰੀਵਾਲ ਦਾ ਇਸ ਸਬੰਧੀ ਇਹ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਕਿਸੇ ਨੂੰ ਵੀ ਬਖਸਿ਼ਆ ਨਹੀਂ ਜਾਵੇਗਾ। ਉਨ੍ਹਾਂ ਨੇ ਇਸ ਨੂੰ ਪਾਰਟੀ ਦੇ ਖਿਲਾਫ਼ ਸਾਜਿਸ਼ ਕਰਾਰ ਦਿੱਤਾ।