ਇੱਕ ਦਿਨ ਮੈਂ ਬੱਚਿਆਂ ਨੂੰ ਕਿਹਾ ਕਿ ਅਗਲੇ ਐਤਵਾਰ ਨੂੰ ਮੈਂ ਤੁਹਾਨੂੰ ਰੇਲਵੇ ਦੀ ਯਾਤਰਾ ਤੇ ਲੈ ਕੇ ਚੱਲਾਗਾ ਅਸੀਂ ਘਰ ਬੈਠਿਆਂ ਹੀ ਟਿਕਟਾਂ ਬੁੱਕ ਕਰਵਾ ਲਈਆਂ। ਬੱਚੇ ਕਹਿਣ ਲੱਗੇ ਕਿ ਟਿਕਟਾਂ ਦੀ ਬੁਕਿੰਗ ਘਰ ਬੈਠਿਆਂ ਹੀ ਕਿਵੇਂ ਹੋ ਜਾਂਦੀ ਹੈ? ਇੰਟਰਨੈਂਟ ਸਾਨੂੰ ਦੱਸ ਦਿੰਦਾ ਹੈ ਕਿ ਦਿੱਲੀ ਤੱਕ ਦਾ ਕਰਾਇਆ ਕਿੰਨਾ ਹੈ? ਤੇ ਅਸੀਂ ਆਪਣੇ ਬੈਂਕ ਅਕਾਉਂਟ ਵਿੱਚੋਂ ਬਣਦੇ ਪੈਸੇ ਰੇਲਵੇ ਵਾਲਿਆਂ ਦੇ ਅਕਾਉਂਟ ਵਿੱਚ ਪਾ ਦਿੰਦੇ ਹਾਂ। ਇਸ ਤਰ੍ਹਾਂ ਸਾਡੀਆਂ ਟਿਕਟਾਂ ਬੁੱਕ ਹੋ ਜਾਂਦੀਆਂ ਹਨ। ਪ੍ਰਿੰਟਰ ਸਾਨੂੰ ਉਹ ਟਿਕਟਾਂ ਪ੍ਰਿੰਟ ਕਰਕੇ ਦੇ ਦਿੰਦਾ ਹੈ ਜਾਂ ਕਈ ਵਾਰ ਮੋਬਾਇਲ ਤੇ ਟਿਕਟ ਐਸ ਐਮ ਐਸ ਰਾਹੀਂ ਆ ਜਾਂਦੀ ਹੈ।
ਪਾਵੇਲ ਕਹਿਣ ਲੱਗਿਆ ਡੈਡੀ ਮੈਂ ਟੀ. ਵੀ. ਤੇ ਵੇਖਿਆ ਸੀ ਕਿ ਇੱਕ ਜਾਦੂਗਰ ਨੇ ਰੇਲਵੇ ਗੱਡੀ ਹੀ ਅਲੋਪ ਕਰ ਦਿੱਤੀ? ਜਾਦੂਗਰਾਂ ਦੇ ਵੱਸ ਵਿੱਚ ਗੱਡੀਆਂ ਨੂੰ ਅਲੋਪ ਜਾਂ ਪ੍ਰਗਟ ਕਰ ਦੇਣਾ ਨਹੀਂ ਹੁੰਦਾ। ਪਰ ਉਹ ਸਾਨੂੰ ਮਨੋਭਰਮ ਪੈਦਾ ਕਰਕੇ ਗੱਡੀਆਂ ਦਾ ਵਿਖਾਈ ਦੇਣਾ ਬੰਦ ਕਰ ਸਕਦੇ ਹਨ। ਉਸ ਜਾਦੂਗਰ ਨੇ ਵੀ ਅਜਿਹਾ ਹੀ ਕੀਤਾ ਹੈ। ਗੱਡੀਆਂ ਵਿਖਾਈ ਦੇਣਾ ਬੰਦ ਕਰਨਾ ਬਹੁਤ ਛੋਟੀ ਗੱਲ ਹੈ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਅੱਜ ਦੇ ਦੌਰ ਦੀ ਰੇਲ ਗੱਡੀ ਕਿਵੇਂ ਵਿਕਸਿਤ ਹੁੰਦੀ ਗਈ ਹੈ ਤੇ ਹੋ ਰਹੀ ਹੈ। ਜਾਰਜ ਸਟੀਫਸਨ ਇੱਕ ਅਜਿਹਾ ਮਹਾਨ ਵਿਗਿਆਨਕ ਸੀ ਜਿਸ ਨੇ ਸਭ ਤੋਂ ਪਹਿਲਾ ਭਾਫ਼ ਇੰਜਨ ਦੀ ਖੋਜ ਕੀਤੀ ਜੋ ਅੱਜ ਦੇ ਜ਼ਮਾਨੇ ਦੀਆਂ ਰੇਲ ਗੱਡੀਆਂ ਲਈ ਵਰਤੇ ਜਾਂਦੇ ਡੀਜ਼ਲ ਤੇ ਬਿਜਲੀ ਨਾਲ ਚੱਲਣ ਵਾਲੇ ਇੰਜਣਾਂ ਲਈ ਇੱਕ ਆਧਾਰ ਬਣਿਆ। ਭਾਵੇਂ ਭਾਰਤ ਵਿੱਚੋਂ 1985 ਵਿੱਚ ਭਾਫ਼ ਇੰਜਨਾਂ ਨੂੰ ਅਲਵਿਦਾ ਕਹਿ ਦਿੱਤਾ ਗਿਆ। ਉਸਦੀ ਥਾਂ ਡੀਜ਼ਲ ਤੇ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਨੇ ਲੈ ਲਈ। ਸਟੀਫਸਨ ਨੇ ਭਾਫ਼ ਇੰਜਨ ਦੀ ਕਾਢ 1823 ਵਿੱਚ ਕੱਢੀ ਸੀ। ਰੇਲ ਦੀਆਂ ਲਾਈਨਾਂ ਦੀ ਵਰਤੋਂ ਤਾਂ ਯੂਨਾਨੀ, ਈਸਾ ਮਸੀਹ ਤੋਂ 600 ਵਰ੍ਹੇ ਪਹਿਲਾ ਤੋਂ ਵੀ ਕਰਦੇ ਆ ਰਹੇ ਸਨ ਭਾਵੇਂ ਉਸ ਸਮੇਂ ਇਹ ਲਾਈਨਾ ਲੱਕੜ ਦੀਆਂ ਹੋਇਆ ਕਰਦੀਆਂ ਸਨ। ਪਹਿਲਾ ਪਹਿਲ ਤਾਂ ਭਾਰੀ ਸਮਾਨ ਢੋਣ ਲਈ ਇਨ੍ਹਾਂ ਲਾਈਨਾਂ ਤੇ ਪਹੀਆਂ ਵਾਲੇ ਗੱਡਿਆਂ ਨੂੰ ਧੱਕਣ ਲਈ ਮਨੁੱਖਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਮਨੁੱਖਾਂ ਦੀ ਥਾਂ ਘੋੜਿਆਂ ਨੇ ਲੈ ਲਈ। ਸਮਾਂ ਤਰੱਕੀ ਕਰਦਾ ਗਿਆ ਤੇ ਲੱਕੜ ਦੀਆਂ ਲੀਹਾਂ ਵੀ ਲੋਹੇ ਵਿੱਚ ਬਦਲ ਗਈਆਂ। ਭਾਫ਼ ਇੰਜਣਾਂ ਲਈ ਕੋਇਲਾ ਊਰਜਾ ਦੀ ਵਰਤੋਂ ਸ਼ੁਰੂ ਹੋ ਗਈ।
1820 ਵਿੱਚੋਂ ਇੰਗਲੈਂਡ ਵਿੱਚ ਰੇਲਵੇ ਸਿਸਟਮ ਸ਼ੁਰੂ ਕੀਤਾ ਗਿਆ। ਪਹਿਲੀ ਰੇਲਗੱਡੀ ਸਿਰਫ਼ 6 ਕਿਲੋਮੀਟਰ ਦੂਰੀ ਤੱਕ ਹੀ ਚਲਾਈ ਗਈ। ਫਿਰ ਘੋੜਿਆਂ ਦੀ ਥਾਂ ਇੰਜਣਾਂ ਨੇ ਲੈ ਲਈ। ਅੰਗਰੇਜ਼ਾਂ ਨੇ ਭਾਰਤ ਵਿੱਚੋਂ ਕੱਚਾ ਮਾਲ ਲੈ ਕੇ ਜਾਣਾ ਸੀ ਤੇ ਉਥੋਂ ਦੀਆਂ ਫੈਕਟਰੀਆਂ ਦਾ ਬਣਿਆ ਮਾਲ ਭਾਰਤ ਵਿੱਚ ਪੁਚਾਉਣਾ ਸੀ ਇਸ ਲਈ ਭਾਰਤ ਵਿੱਚ ਵੀ ਰੇਲਵੇ ਸਿਸਟਮ ਇਸ ਨੀਅਤ ਨਾਲ ਸ਼ੁਰੂ ਕੀਤਾ ਗਿਆ। 16 ਅਪ੍ਰੈਲ 1853 ਨੂੰ ਪਹਿਲੀ ਰੇਲਗੱਡੀ ਮੁੰਬਈ ਤੋਂ ਥਾਣੇ ਤਕ ਚਲਾਈ ਗਈ ਇਸ ਵਿੱਚ 14 ਬੋਗੀਆਂ ਸਨ ਤੇ ਇਸ ਨੇ 21 ਮੀਲ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ। ਭਾਰਤ ਦਾ ਆਧੁਨਿਕੀਕਰਨ ਰੇਲਵੇ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਪਿੰਡਾਂ ਵਿੱਚ ਟੋਕਾ ਮਸ਼ੀਨਾਂ, ਕੋਹਲੂ, ਆਟਾ ਚੱਕੀਆਂ, ਘੁਲਾੜੀਆਂ ਤੇ ਆਰਿਆਂ ਦੀ ਆਮਦ 1860 ਵਿੱਚ ਚੱਲੀ ਲਾਹੌਰ ਦਿੱਲੀ ਰੇਲ ਗੱਡੀ ਕਾਰਨ ਹੀ ਸੰਭਵ ਹੋ ਸਕੀ।
ਉਪਰੋਕਤ ਗੱਲਾਂ ਦੀ ਜਾਣਕਾਰੀ ਲੈਣ ਤੋਂ ਬਾਅਦ ਪਾਵੇਲ ਮੈਨੂੰ ਕਹਿਣ ਲੱਗਿਆ, ‘‘ਡੈਡੀ ਜੀ ਰੇਲ ਗੱਡੀਆਂ ਉਡਦੀਆਂ ਕਿਉਂ ਨਹੀਂ?’’ ਵਿਦਿਆਰਥੀਓ, ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਨਿਯਮ ਹੁੰਦਾ ਹੈ। ਉਹ ਵਿਦਿਆਰਥੀ ਹੀ ਜ਼ਿੰਦਗੀ ਵਿੱਚ ਵਧੀਆ ਇਨਸਾਨ ਬਣ ਸਕਦਾ ਹੈ ਜਿਸ ਵਿੱਚ ਵੱਧ ਤੋਂ ਵੱਧ ਸੁਆਲ ਪੁੱਛਣ ਤੇ ਪੈਦਾ ਕਰਨ ਦੀ ਸਮਝ ਹੋਵੇ। ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਰੇਲ ਗੱਡੀਆਂ ਨੇ ਲੀਹਾਂ ਤੇ ਹੀ ਚੱਲਣਾ ਹੁੰਦਾ ਇਸ ਲਈ ਯਤਨ ਕੀਤਾ ਜਾਂਦਾ ਹੈ ਕਿ ਇਨ੍ਹਾਂ ਲੀਹਾਂ ਦੀ ਧਰਤੀ ਦੇ ਕੇਂਦਰ ਤੋਂ ਦੂਰੀ ਬਰਾਬਰ ਹੀ ਰੱਖੀ ਜਾਵੇ। ਇਸ ਕੰਮ ਲਈ ਲੇਬਲ ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਉ¤ਚੀ ਥਾਂ ਦੀ ਧਰਤੀ ਦੇ ਕੇਂਦਰ ਤੋਂ ਦੂਰੀ ਵੱਧ ਜਾਂਦੀ ਹੈ ਇਸ ਲਈ ਰੇਲ ਇੰਜਣ ਨੂੰ ਉਚੇ ਥਾਂ ਤੇ ਜਾਣ ਲਈ ਵੱਧ ਸ਼ਕਤੀ ਲਾਉਣੀ ਪੈਂਦੀ ਹੈ। ਤੈਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ ਕਿ ਗੁਰੂਤਾ ਖਿੱਚ ਬ੍ਰਹਿਮੰਡ ਦੀ ਸਭ ਤੋਂ ਵੱਡੀ ਸ਼ਕਤੀ ਹੈ। ਸਮੁੱਚੇ ਬ੍ਰਹਿਮੰਡ ਵਿਚਲੀਆਂ ਗਲੈਕਸੀਆ, ਤਾਰੇ, ਗ੍ਰਹਿ, ਉਪਗ੍ਰਹਿ ਤੇ ਉਲਕਾਪਾਤ ਇਸ ਨਿਯਮ ਕਰਕੇ ਹੋਂਦ ਵਿੱਚ ਆਉਂਦੇ ਹਨ ਤੇ ਨਸ਼ਟ ਵੀ ਇਸੇ ਨਿਯਮ ਕਰਕੇ ਹੁੰਦੇ ਹਨ। ਇਸ ਨਿਯਮ ਨੂੰ ਬਣਾਉਣ ਵਾਲੀ ਨਾ ਕੋਈ ਤਾਕਤ ਹੈ ਤੇ ਨਾ ਹੀ ਇਸ ਨਿਯਮ ਨੂੰ ਨਸ਼ਟ ਕਰਨ ਵਾਲੀ ਕੋਈ ਸ਼ਕਤੀ ਹੋਵੇਗੀ। ਇਹ ਨਿਯਮ ਸਦਾ ਸੀ ਤੇ ਸਦਾ ਰਹੇਗਾ। ਗੁਰੂਤਾ ਖਿੱਚ ਦੇ ਸਮਾਨ ਅੰਤਰ ਕੰਮ ਕਰਨ ਵੇਲੇ ਤਾਂ ਕੋਈ ਬਲ ਨਹੀਂ ਲੱਗਦਾ ਸਿਰਫ਼ ਰਗੜ ਹੀ ਘਟਾਉਣੀ ਹੁੰਦੀ ਹੈ। ਇਸ ਲਈ ਇੱਕ ਕੁੱਲੀ ਹੀ ਰੇਲਗੱਡੀ ਦੇ ਇੱਕ ਡੱਬੇ ਨੂੰ ਧੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਜਾਂਦਾ ਹੈ। ਪਰ ਜੇ ਤੁਸੀਂ ਗੱਡੀ ਨੂੰ ਗੁਰੂਤਾ ਖਿੱਚ ਦੇ ਉਲਟ ਉਪਰ ਨੂੰ ਲੈ ਕੇ ਜਾਣਾ ਹੈ ਤਾਂ ਬਹੁਤ ਸ਼ਕਤੀ ਤੇ ਸਪੀਡ ਚਾਹੀਦੀ ਹੈ। ਹੁਣ ਜੇ ਰੇਲ ਗੱਡੀਆਂ ਉ¤ਡਣ ਵਾਲੀਆਂ ਬਣਾਉਣੀਆਂ ਹਨ ਤਾਂ ਇਨ੍ਹਾਂ ਦੇ ਇੰਜਣਾਂ ਦੀ ਸ਼ਕਤੀ ਤੇ ਬਣਤਰ ਬਦਲਣੀ ਪਵੇਗੀ। ਇਸ ਕੰਮ ਲਈ ਵਿਗਿਆਨ ਦੇ ਹੋਰ ਨਿਯਮਾਂ ਦੀ ਵਰਤੋਂ ਕਰਨੀ ਪਵੇਗੀ। ਇਸ ਤਰ੍ਹਾਂ ਹਵਾਈ ਜਹਾਜ਼ ਬਹੁਤ ਸਾਰੇ ਵਿਗਿਆਨਕ ਨਿਯਮਾਂ ਦਾ ਇਸਤੇਮਾਲ ਕਰਕੇ ਸਵਾਰੀਆਂ ਤੇ ਮਾਲ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਜਾਣ ਲਈ ਬਣਾਏ ਗਏ ਹਨ।
ਪਲੇਟਫਾਰਮ ਤੇ : ਐਤਵਾਰ ਨੂੰ ਅਸੀਂ ਗੱਡੀ ਦੇ ਸਮੇਂ ਤੋਂ ਘੰਟਾ ਪਹਿਲਾ ਹੀ ਸਟੇਸ਼ਨ ਨੂੰ ਪੈਦਲ ਹੀ ਤੁਰ ਪਏ। ਮੇਰਾ ਇਰਾਦਾ ਪਲੇਟ ਫਾਰਮ ਤੇ ਪੁੱਜਣ ਤੋਂ ਪਹਿਲਾ ਉਨ੍ਹਾਂ ਨੂੰ ਲੀਹਾਂ ਵਿਖਾਉਣ ਦਾ ਸੀ। ਲੀਹ ਦੇ ਆਲੇ ਦੁਆਲੇ ਪੱਥਰ ਦੇ ਵੱਟਿਆਂ ਦੇ ਢੇਰ ਨੂੰ ਵੇਖ ਕੇ ਉਹ ਪੁੱਛਣ ਲੱਗਿਆ ਇਹ ਕਿਉਂ ਹਨ? ਮੈਂ ਉਸਨੂੰ ਕਿਹਾ ਕਿ ਕੀ ਤੂੰ ਸਾਈਕਲ ਦੀ ਕਾਠੀ ਹੇਠਾਂ ਸਪਰਿੰਗ ਲੱਗੇ ਵੇਖੇ ਹਨ। ਇਹ ਪੱਥਰ ਵੀ ਰੇਲਗੱਡੀ ਦੇ ਸਪਰਿੰਗ ਹੀ ਹਨ। ਇਹ ਗੱਡੀ ਦੁਆਰਾ ਪੈਦਾ ਕੀਤੀ ਧਮਕ ਨੂੰ ਚੂਸਦੇ ਹਨ ਇਸ ਲਈ ਉਸਦੇ ਰੌਲੇ ਨੂੰ ਘਟਾਉਂਦੇ ਹਨ। ਯਾਤਰੀਆਂ ਦੇ ਅਰਾਮਦਾਇਕ ਸਫ਼ਰ ਲਈ ਵੀ ਇਹ ਜ਼ਰੂਰੀ ਹਨ। ਅਗਲੀ ਗੱਲ ਜਿਸ ਬਾਰੇ ਉਸਨੂੰ ਜਾਣਕਾਰੀ ਦੇਣੀ ਬਣਦੀ ਸੀ ਉਹ ਲੀਹਾਂ ਵਿੱਚ ਪਏ ਕੱਟਾਂ ਬਾਰੇ ਸੀ। ਹਰ ਤੀਹ ਚਾਲੀ ਫੁੱਟ ਬਾਅਦ ਥੋੜ੍ਹੀ ਜਿਹੀ ਬਿੱਥ ਲੀਹਾਂ, ਵਿੱਚ ਪਾਈ ਹੋਈ ਸੀ। ਮੈਂ ਉਸਤੋਂ ਇਸਦਾ ਕਾਰਨ ਪੁੱਛਿਆ ਤਾਂ ਉਹ ਦੱਸ ਨਾ ਸਕਿਆ। ਭਾਵੇਂ ਇਹ ਉਸਨੇ ਆਪਣੇ ਸਕੂਲ ਦੇ ਸਿਲੇਬਸ ਵਾਲੀ ਕਿਤਾਬ ਵਿੱਚ ਵੀ ਪੜ੍ਹਿਆ ਸੀ। ਅਸਲ ਵਿੱਚ ਸਾਡੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਾ ਕੇ ਇਮਤਿਹਾਨ ਪਾਸ ਕਰਵਾਏ ਜਾਂਦੇ ਹਨ ਪਰ ਇਹ ਗੱਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਰਤਣਾ ਨਹੀਂ ਸਿਖਾਇਆ ਜਾਂਦਾ। ਇਸ ਲਈ ਉਹ ਸਾਇੰਸ ਪੜ੍ਹ ਤਾਂ ਜਾਂਦੇ ਹਨ ਪਰ ਸਾਇੰਸ ਪੜ੍ਹਨ ਦੀ ਬਜਾਏ ਸਿੱਖਣੀ ਚਾਹੀਦੀ ਹੈ। ਮੈਂ ਉਸਨੂੰ ਕਿਹਾ ਕਿ ਲੋਹਾ ਗਰਮੀਆਂ ਦੇ ਮੌਸਮ ਵਿੱਚ ਫੈਲਦਾ ਹੈ ਤੇ ਸਰਦੀਆਂ ਦੇ ਮੌਸਮ ਵਿੱਚ ਸੁੰਗੜਦਾ ਹੈ। ਇਸ ਲਈ ਜੇ ਲੀਹਾਂ ਵਿੱਚ ਕੱਟ ਨਾ ਪਾਏ ਤਾਂ ਇਹ ਗਰਮ ਹੋਕੇ ਵਿੰਗੀਆਂ ਹੋ ਜਾਣਗੀਆਂ। ਸਿੱਟੇ ਵਜੋਂ ਇਸ ਉਪਰ ¦ਘਣ ਵਾਲੀਆਂ ਰੇਲ ਗੱਡੀਆਂ ਨੇ ਉਲਟ ਜਾਣਾ ਹੈ।
ਕਿਸੇ ਹੋਰ ਗੱਡੀ ਦੇ ਆਉਣ ਲਈ ਸਿਗਨਲ ਹੋ ਗਿਆ ਸੀ। ਮੈਂ ਬੱਚਿਆਂ ਨੂੰ ਗੱਡੀ ਦੀ ਕੂਕ ਦੀ ਆਵਾਜ਼ ਸੁਣਨ ਲਈ ਕਿਹਾ। ਜਦੋਂ ਗੱਡੀ ਸਾਡੇ ਵੱਲ ਆ ਰਹੀ ਸੀ ਤਾਂ ਆਵਾਜ਼ ਤਿਖੀ ਤੇ ਵੱਧਦੀ ਹੋਈ ਜਾਪ ਰਹੀ ਸੀ ਤੇ ਸਾਥੋਂ ਦੂਰ ਜਾਣ ਸਮੇਂ ਇਹ ਕੂਕ ਮੱਧਮ ਤੇ ਨੀਵੀਂ ਹੁੰਦੀ ਜਾਪ ਰਹੀ ਸੀ। ਉਨ੍ਹਾਂ ਨੇ ਇਹ ਗੱਲ ਮਹਿਸੂਸ ਕੀਤੀ ਤੇ ਇਸ ਦਾ ਕਾਰਨ ਵੀ ਜਾਨਣਾ ਚਾਹਿਆ। ਇਸਦਾ ਕਾਰਨ ਬਰਨੌਲੀ ਦਾ ਸਿਧਾਂਤ ਸੀ ਜਿਸ ਅਨੁਸਾਰ ਜਦੋਂ ਕੋਈ ਧੁੰਨੀ ਊਰਜਾ ਦਾ ਸਰੋਤ ਸਾਡੇ ਵੱਲ ਆਉਂਦਾ ਹੈ ਤਾਂ ਉਸਦੀ ਧੁੰਨੀ ਤਿਖੀ ਤੇ ਤੇਜ਼ ਹੁੰਦੀ ਜਾਪਦੀ ਹੈ ਤੇ ਜਦੋਂ ਇਹ ਧੁੰਨੀ ਸਰੋਤ ਸਾਥੋਂ ਦੂਰ ਜਾਂਦਾ ਹੈ ਤਾਂ ਇਸਦੇ ਉਲਟ ਹੁੰਦਾ ਹੈ। ਵਿਦਿਆਰਥੀਆਂ ਨੂੰ ਮੈਂ ਦੱਸਿਆ ਕਿ ਸਾਡੇ ਬ੍ਰਹਿਮੰਡ ਵਿੱਚ ਸਾਰੀਆਂ ਗਲੈਕਸੀਆਂ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਹਨ ਇਸਦਾ ਪਤਾ ਵੀ ਉਨ੍ਹਾਂ ਦੀਆਂ ਪ੍ਰਕਾਸ਼ ਤਰੰਗਾਂ ਤੋਂ ਹੀ ਲੱਗਦਾ ਹੈ।
ਅਸੀਂ ਜਦੋਂ ਰੇਲ ਦੀਆਂ ਲੀਹਾਂ ਕੋਲ ਖੜ੍ਹੇ ਸਾਂ ਤਾਂ ਸਾਨੂੰ ਰੇਲ ਲੰਘਣ ਸਮੇਂ ਇੱਕ ਖਿੱਚ ਵੀ ਮਹਿਸੂਸ ਹੋਈ ਹੈ। ਇਸਦਾ ਕਾਰਨ ਵੀ ਉਪਰੋਕਤ ਸਿਧਾਂਤ ਸੀ। ਗੱਡੀ ਲੰਘਣ ਸਮੇਂ ਗੱਡੀ ¦ਘਣ ਵਾਲੀ ਥਾਂ ਤੇ ਦਬਾਉ ਘੱਟ ਜਾਂਦਾ ਹੈ ਇਸ ਲਈ ਖਿਚਾਉ ਮਹਿਸੂਸ ਹੋਣ ਦਾ ਕਾਰਨ ਵੀ ਇਹ ਹੀ ਹੁੰਦਾ ਹੈ।
ਗੱਡੀ ਲੰਘਣ ਤੋਂ ਕੁਝ ਸਮਾਂ ਪਹਿਲਾ ਦੋ ਸ਼ਰਾਰਤੀ ਬੱਚਿਆਂ ਨੇ ਇੱਕ ਦਸ ਪੈਸੇ ਦਾ ਸਿੱਕਾ ਲੀਹ ਦੇ ਉਪਰ ਰੱਖ ਦਿੱਤਾ। ਗੱਡੀ ਲੰਘਣ ਤੋਂ ਬਾਅਦ ਅਸੀਂ ਵੇਖਿਆ ਕਿ ਇਹ ਸਿੱਕਾ ਵੱਡਾ ਸਾਰਾ ਬਣ ਗਿਆ ਸੀ। ਮੈਂ ਦੱਸਿਆ ਕਿ ਲੋਹੇ ਦੇ ਸਰੀਆਂ ਦੀਆਂ ਚਾਦਰਾਂ ਇਸ ਤਰ੍ਹਾਂ ਹੀ ਲੋਹੇ ਦੀਆਂ ਰੋਲ ਮਿੱਲਾਂ ਵਿੱਚ ਲੋਹੇ ਨੂੰ ਬੈਲਣਾਂ ਵਿੱਚ ¦ਘਾ ਕੇ ਬਣਾਈਆਂ ਜਾਂਦੀਆਂ ਹਨ? ਗੱਡੀਆਂ ਦੀਆਂ ਕਿਸਮਾਂ ਤੇ ਸਪੀਡਾਂ ਬਾਰੇ ਚਲਦੀਆਂ ਗੱਲਾਂ ਰੁਕਣ ਦਾ ਨਾ ਨਹੀਂ ਸੀ ਲੈ ਰਹੀਆਂ ਤੇ ਆਖਰ ਪਾਵੇਲ ਨੇ ਕਿਹਾ ਕਿ ਹੁਣ ਤਾਂ ਚੀਨ ਵਾਲਿਆਂ ਨੇ ਅਜਿਹੀ ਬੁਲਟ ਟ੍ਰੇਨ ਬਣਾ ਲਈ ਹੈ ਜਿਸਦੀ ਸਪੀਡ 574.8 ਕਿਲੋਮੀਟਰ/ਘੰਟਾ ਹੈ।
ਗੱਲਾਂ ਬਾਤਾਂ ਕਰਦੇ ਹੋਏ ਅਸੀਂ ਪਲੇਟ ਫਾਰਮ ’ਤੇ ਪੁੱਜ ਗਏ ਤਾਂ ਸਾਡੀ ਨਿਗਾਹ ਪਲੇਟਫਾਰਮ ਤੇ ਲਿਖੇ ਬਰਨਾਲੇ ਦੇ ਸਾਈਨ ਬੋਰਡ ਤੇ ਪਈ ਉਸ ਉਤੇ ਲਿਖਿਆ ਸੀ ਕਿ ਇਹ ਸਟੇਸ਼ਨ ਸਮੁੰਦਰ ਤਲ ਤੋਂ 303.5 ਮੀਟਰ ਉ¤ਚਾ ਹੈ। ਅਸਲ ਵਿੱਚ ਅੰਗਰੇਜ਼ਾਂ ਨੇ ਜਦੋਂ ਰੇਲ ਗੱਡੀਆਂ ਦਾ ਜਾਲ ਵਿਛਾਇਆ ਤਾਂ ਸਭ ਤੋਂ ਪਹਿਲਾ ਉਨ੍ਹਾਂ ਦੀ ਜ਼ਰੂਰਤ ਵੱਖ-ਵੱਖ ਸਥਾਨਾਂ ਦੀ ਸਮੁੰਦਰੀ ਤਲ ਤੋਂ ਉਚਾਈ ਮਾਪਣ ਦੀ ਸੀ। ਇਸ ਕੰਮ ਲਈ ਉਨ੍ਹਾਂ ਨੇ ਬੈਰੋਮੀਟਰਾਂ ਦੀ ਵਰਤੋਂ ਕੀਤੀ ਜੋ ਅਜਿਹਾ ਯੰਤਰ ਹੁੰਦਾ ਹੈ ਜੋ ਕਿਸੇ ਸਥਾਨ ’ਤੇ ਹਵਾ ਦੇ ਦਬਾਓ ਨੂੰ ਮਾਪ ਕੇ ਉਸ ਸਥਾਨ ਦੀ ਸਮੁੰਦਰੀ ਤਲ ਤੋਂ ਉਚਾਈ ਦੱਸਦਾ ਹੈ। ਸਾਡੇ ਪਲੇਟਫਾਰਮ ਤੇ ਪੁੱਜਣ ਦੇ ਦਸ ਮਿੰਟ ਬਾਅਦ ਹੀ ਦਿੱਲੀ ਜਾਣ ਵਾਲੀ ਇੰਟਰਸਿਟੀ ਐਕਸਪ੍ਰੈਸ ਆ ਗਈ। ਬਰਨਾਲੇ ਇਸਦੀ ਠਹਿਰ ਦੋ ਮਿੰਟਾਂ ਦੀ ਹੈ ਇਸ ਲਈ ਅਸੀਂ ਤੁਰੰਤ ਗੱਡੀ ਵਿੱਚ ਚੜ੍ਹ ਗਏ ਤੇ ਆਪਣੀਆਂ ਸੀਟਾਂ ਮੱਲ ਲਈਆਂ। ਕੁਝ ਸਮੇਂ ਬਾਅਦ ਗੱਡੀ ਨੇ ਸਪੀਡ ਫੜ੍ਹ ਲਈ ਤੇ ਖੜ ਖੜ ਦੀ ਆਵਾਜ਼ ਆਉਣ ਲੱਗ ਪਈ। ਪਾਵੇਲ ਪੁੱਛਣ ਲੱਗਿਆ ਡੈਡੀ ਜੀ ਇਹ ਕਿਸ ਚੀਜ਼ ਦੀ ਆਵਾਜ਼ ਹੈ? ਇਹ ਆਵਾਜ਼ ਤਾਂ ਗੱਡੀ ਦੀਆਂ ਲੀਹਾਂ ਵਿੱਚ ਪਏ ਕੱਟਾਂ ਨਾਲ ਪਹੀਏ ਦੇ ਟਕਰਾਉਣ ਦੀ ਆਵਾਜ਼ ਹੈ। ਪਰ ਜਦੋਂ ਤੂੰ ਧਿਆਨ ਨਾਲ ਗੱਡੀ ਦੀਆਂ ਆਵਾਜ਼ਾਂ ਨੂੰ ਸੁਣੇਗਾ ਤਾਂ ਕਈ ਪ੍ਰਕਾਰ ਦੀਆਂ ਹੋਰ ਆਵਾਜ਼ਾਂ ਵੀ ਤੈਨੂੰ ਸੁਣਾਈ ਦੇਣਗੀਆਂ? ਜਦੋਂ ਗੱਡੀ ਅੰਡਰ ਬਰਿਜਾਂ ਦੇ ਉਪਰ ਜਾਂ ਓਵਰ ਬਰਿੱਜ ਦੇ ਥੱਲੇ ਦੀ ਨਿਕਲੇਗੀ ਤਾਂ ਆਵਾਜ਼ਾਂ ਵੱਖ-ਵੱਖ ਹੋਣਗੀਆਂ ਕਿਉਂਕਿ ਪਾਣੀ ਕੋਲੇ ¦ਘਣ ਤੇ ਧੁੰਨੀ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਕਈ ਥਾਂਵਾਂ ਤੇ ਧਰਤੀ ਅੰਦਰ ਭਰੇ ਤਰਲ ਪਦਾਰਥ, ਪਾਣੀ, ਤੇਲ, ਪਿਘਲਿਆਂ ਲੋਹਾ, ਗੰਧਕ ਆਦਿ ਹੁੰਦੇ ਹਨ ਇਨ੍ਹਾਂ ਸਭ ਵਿੱਚ ਧੁੰਨੀ ਤਰੰਗਾਂ ਦੀ ਰਫ਼ਤਾਰ ਵੱਖ-ਵੱਖ ਹੁੰਦੀ ਹੈ। ਇਹ ਹੀ ਕਾਰਨ ਹੈ ਪੇਂਡੂ ਲੋਕ ਕਿਹਾ ਕਰਦੇ ਹਨ ਕਿ ਸਾਡੇ ਪਿੰਡ ਕੋਲ ਇੱਕ ਥਾਂ ਤੇ ਧਰਤੀ ਬੋਲੀ ਹੈ। ਹਰ ਥਾਂ ਤੇ ਜਿਸ ਤੇ ਗੱਡੀ ¦ਘਦੀ ਹੈ ਉਸਦੀ ਆਵਾਜ਼ ਧਰਤੀ ਦੀ ਅੰਦਰੂਨੀ ਬਣਤਰ ਬਾਰੇ ਕੁਝ ਨਾ ਕੁਝ ਕਹਿੰਦੀ ਹੈ। ਧਰਤੀ ਤੇ ਬਹੁਤ ਸਾਰੇ ਵਿਗਿਆਨਕ ਧਰਤੀ ਦੀ ਅੰਦਰੂਨੀ ਬਣਤਰ ਦਾ ਆਵਾਜ਼ਾਂ ਰਾਹੀਂ ਅਧਿਐਨ ਕਰਦੇ ਹਨ।
ਅਮਨ ਸ਼ਰਾਰਤੀ ਲੜਕਾ ਹੈ। ਖਿੜਕੀ ਵਾਲੀ ਸੀਟ ਉਸਨੇ ਰੋਕੀ ਹੋਈ ਸੀ। ਇੱਕ ਸਥਾਨ ਤੇ ਉਸਨੇ ਇਸ਼ਾਰਾ ਕਰਨ ਲਈ ਆਪਣਾ ਹੱਥ ਬਾਹਰ ਕੱਢਿਆ ਤਾਂ ਮੈਂ ਉਸਨੂੰ ਇਸ ਗੱਲੋਂ ਰੋਕਿਆ ਤੇ ਦੱਸਿਆ ਕਿ ਜਦੋਂ ਅਸੀਂ ਗੱਡੀ ਵਿੱਚ ਸਫ਼ਰ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਅੰਗਾਂ ਦੀ ਤੇ ਪੂਰੇ ਸਰੀਰ ਦੀ ਰਫਤਾਰ ਗੱਡੀ ਜਿੰਨੀ ਹੁੰਦੀ ਹੈ। ਜੇ ਗੱਡੀ 108 ਕਿਲੋਮੀਟਰ/ਘੰਟੇ ਦੀ ਸਪੀਡ ਨਾਲ ਚੱਲ ਰਹੀ ਹੈ ਜੋ ਕਿ ਐਕਸਪ੍ਰੈਸ ਗੱਡੀਆਂ ਲਈ ਆਮ ਸਪੀਡ ਹੈ ਤਾਂ ਵੀ ਸਾਡਾ ਸਰੀਰ ਇੱਕ ਸੈਕਿੰਡ ਵਿੱਚ 30 ਮੀਟਰ ਦੂਰ ਚਲਿਆ ਜਾਂਦਾ ਹੈ। ਸਿਰਫ਼ ‘ਇੱਕ’ ਸ਼ਬਦ ਮੂੰਹੋਂ ਉਚਾਰਣ ਤੇ ਅਸੀਂ ਦਸ ਮੀਟਰ ਦੂਰ ਪੁੱਜ ਜਾਵਾਂਗੇ। ਜੇ ਖਿੜਕੀ ਦੇ ਨੇੜੇ ਕੋਈ ਬਿਜਲੀ ਦਾ ਪੋਲ ਜਾਂ ਸਿਗਨਲ ਹੋਇਆ ਤਾਂ ਸਾਨੂੰ ਹੱਥ ਅੰਦਰ ਲੈ ਜਾਣ ਦਾ ਸਮਾਂ ਨਹੀਂ ਮਿਲੇਗਾ ਤੇ ਸਾਡਾ ਹੱਥ ਸਾਡੇ ਸਰੀਰ ਤੋਂ ਵੱਖ ਹੋਵੇਗਾ। ਕਈ ਵਾਰ ਖਿੜਕੀਆਂ ਵਿੱਚ ਖੜ੍ਹੇ ਲੋਕ, ਅਤੇ ਗੱਡੀਆਂ ਦੇ ਉਪਰ ਸਫਰ ਕਰ ਰਹੇ ਲੋਕ, ਇਸ ਤਰ੍ਹਾਂ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ। ਇਸ ਲਈ ਜੇ ਤੁਸੀਂ ਕੋਈ ਚੀਜ਼ ਡੱਬੇ ਵਿੱਚੋਂ ਬਾਹਰ ਸੁੱਟਦੇ ਹੋ ਤਾਂ ਉਹ ਵੀ ਇਸ ਸਪੀਡ ਨਾਲ ਬਾਹਰ ਖੜ੍ਹੀ ਚੀਜ਼ ਨਾਲ ਟਕਰਾਵੇਗੀ। ਅਤੇ ਇਸ ਤਰ੍ਹਾਂ ਬਾਹਰ ਖੜ੍ਹਾ ਕੋਈ ਵਿਅਕਤੀ ਅੰਦਰੋਂ ਸੁੱਟੀ ਚੀਜ਼ ਨਾਲ ਜ਼ਖ਼ਮੀ ਹੋ ਸਕਦਾ ਹੈ ਜਾਂ ਮਰ ਵੀ ਸਕਦਾ ਹੈ।
ਗੱਡੀ ਦੇ ਡੱਬੇ ਵਿੱਚ ਲਿਖਿਆ ਸੀ ਕਿ ਕੋਈ ਵੀ ਬਲਣਸ਼ੀਲ ਗੈਸ, ਪੈਟਰੋਲ ਜਾਂ ਤੇਲ ਆਦਿ ਲੈ ਕੇ ਗੱਡੀ ਵਿੱਚ ਸਫ਼ਰ ਕਰਨਾ ਮਨਾ ਹੈ। ਇਸਦਾ ਵੀ ਕਾਰਨ ਹੈ ਕਿ ਇਨ੍ਹਾਂ ਵਿੱਚੋਂ ਜੇ ਕੋਈ ਚੀਜ਼ ਦੁਰਘਟਨਾ ਸਮੇਂ ਅੱਗ ਫੜ੍ਹ ਲਵੇਗੀ ਤਾਂ ਗੱਡੀ ਜਿੰਨੀ ਸਪੀਡ ਨਾਲ ਚੱਲਦੀ ਹੈ ਉਸੇ ਸਪੀਡ ਨਾਲ ਹਵਾ ਵੀ ਉਸ ਨਾਲ ਟਕਰਾਉਂਦੀ ਹੈ। ਇਸ ਲਈ ਇਹ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਅਸੀਂ ਚੁੱਲੇ ਵਿੱਚ ਫੂਕਾਂ ਮਾਰਦੇ ਹਾਂ ਕਿਉਂਕਿ ਇਸ ਨਾਲ ਬਲਣਸੀਲ ਚੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਵੱਧ ਜਾਂਦੀ ਹੈ। ਇਸ ਤਰ੍ਹਾਂ ਚੀਜ਼ ਤੇਜ਼ੀ ਨਾਲ ਬਲਣੀ ਸ਼ੁਰੂ ਹੋ ਜਾਂਦੀ ਹੈ। ਹਵਾ ਦੀ ਸਪੀਡ ਬਲਣਸ਼ੀਲ ਪਦਾਰਥ ਨੂੰ ਖਿੰਡਾ ਵੀ ਦਿੰਦੀ ਹੈ ਜਿਵੇਂ ਜਲ ਰਹੀ ਅੱਗ ਤੇ ਫੂਕਾਂ ਮਾਰਨ ਸਮੇਂ ਹੁੰਦਾ ਹੈ ਉਸ ਵਿੱਚੋਂ ਚੰਗਿਆੜੀਆਂ ਦੂਰ ਦੂਰ ਤੱਕ ਫੈਲ ਜਾਂਦੀਆਂ ਹਨ ਤੇ ਛੇਤੀ ਹੀ ਅੱਗ ਪੂਰੇ ਡੱਬੇ ਜਾਂ ਕਈ ਡੱਬਿਆ ਤੱਕ ਫੈਲ ਸਕਦੀ ਹੈ। ਤੁਹਾਡੇ ਦੁਆਰਾ ਲਿਜਾਇਆ ਜਾ ਰਿਹਾ ਅਜਿਹਾ ਪਦਾਰਥ ਸੈਂਕੜੇ ਵਿਅਕਤੀਆਂ ਲਈ ਮੌਤ ਦਾ ਕਾਰਨ ਬਣ ਸਕਦਾ ਹੈ।
ਬਰੇਕਾਂ ਲੱਗਣ ਸਮੇਂ ਅੱਗੇ ਵੱਲ ਨੂੰ ਡਿੱਗਣ ਦਾ ਕਾਰਨ ਵੀ ਹੁੰਦਾ ਹੈ ਕਿਉਂਕਿ ਸਾਡਾ ਸਰੀਰ ਗੱਡੀ ਦੀ ਸਪੀਡ ਨਾਲ ਜਾ ਰਿਹਾ ਹੁੰਦਾ ਹੈ ਪਰ ਗੱਡੀ ਦੇ ਫਰਸ ਦੀ ਸਪੀਡ ਘੱਟ ਹੋ ਜਾਂਦੀ ਹੈ ਇਸ ਲਈ ਖੜ੍ਹਾ ਵਿਅਕਤੀ ਅੱਗੇ ਨੂੰ ਡਿਗਦਾ ਹੈ। ਬੱਸਾਂ ਵਿੱਚ ਤਾਂ ਮੈਂ ਇੱਕ ਅਜਿਹਾ ਵਿਅਕਤੀ ਮੌਤ ਦੇ ਮੂੰਹ ਵਿੱਚ ਜਾਂਦਾ ਵੀ ਵੇਖਿਆ ਹੈ। ਉਹ ਅਗਲੀ ਡਰਾਈਵਰ ਦੇ ਬਰਾਬਰ ਵਾਲੀ ਸੀਟ ਕੋਲ ਖੜ੍ਹਾ ਸੀ। ਡਰਾਈਵਰ ਨੂੰ ਅਚਾਨਕ ਹੀ ਬਰੇਕ ਲਾਉਣੇ ਪਏ ਜਿਸ ਨਾਲ ਉਹ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਜਾ ਡਿੱਗਿਆ ਤੇ ਉਸਦੀ ਮੌਤ ਹੋ ਗਈ।
ਪਾਵੇਲ ਦਾ ਅਗਲਾ ਸੁਆਲ ਗੱਡੀ ਵਿੱਚ ਬਿਜਲੀ ਦੀ ਸਪਲਾਈ ਬਾਰੇ ਸੀ। ਗੱਡੀਆਂ ਦੇ ਇੰਜਣਾਂ ਨੂੰ ਚਲਾਉਣ ਲਈ ਬਿਜਲੀ ਤਾਂ ਏ. ਸੀ. ਹੁੰਦੀ ਹੈ। ਇਸ ਲਈ ਗੱਡੀ ਦੀਆਂ ਲੀਹਾਂ ਤੋਂ ਕੁਝ ਦੂਰੀ ਤੇ ਖੰਭੇ ਖੜ੍ਹੇ ਹੁੰਦੇ ਹਨ। ਗੱਡੀ ਦੇ ਉਪਰ ਬਿਜਲੀ ਰੀਸੀਵ ਕਰਨ ਲਈ ਸਪਰਿੰਗਾਂ ਵਾਲੀਆਂ ਖੜ੍ਹੀਆਂ ਤਾਰਾਂ ਹੁੰਦੀਆਂ ਹਨ ਜਿਹੜੀਆਂ ਲਗਾਤਾਰ ਬਿਜਲੀ ਸਪਲਾਈ ਬਾਹਰਲੀਆਂ ਲਾਈਨਾਂ ਤੋਂ ਲੈ ਕੇ ਇੰਜਣ ਨੂੰ ਦਿੰਦੀਆਂ ਰਹਿੰਦੀਆਂ ਹਨ ਕਿਉਂਕਿ ਇਸ ਕੰਮ ਲਈ ਜ਼ਿਆਦਾ ਬਿਜਲੀ ਦੀ ਲੋੜ ਹੁੰਦੀ ਹੈ ਜੋ ਬਾਹਰੋਂ ਹੀ ਸਪਲਾਈ ਹੋ ਸਕਦੀ ਹੈ। ਅੰਦਰੂਨੀ ਬਿਜਲੀ ਜੋ ਘੱਟ ਮਾਤਰਾ ਵਿੱਚ ਲੋੜੀਂਦੀ ਹੁੰਦੀ ਹੈ ਉਹ ਡਾਇਨਮੋ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਡੱਬੇ ਦੇ ਪਹੀਏ ਦੇ ਨਜ਼ਦੀਕ ਲੱਗੇ ਡਾਇਨਮੋ ਬਿਜਲੀ ਪੈਦਾ ਕਰਦੇ ਰਹਿੰਦੇ ਹਨ ਤੇ ਇਸ ਨਾਲ ਗੱਡੀ ਦੇ ਇਨਵਰਟਰ ਚਾਰਜ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਗੱਡੀ ਵਿੱਚ ਲਾਈਟਾਂ, ਪੱਖੇ ਤੇ ਏ.ਸੀ. ਚਲਦੇ ਰਹਿੰਦੇ ਹਨ। ‘‘ਡੈਡੀ ਤੁਸੀਂ ਕਹਿੰਦੇ ਹੋ ਕਿ ਬਿਜਲੀ ਇੱਕ ਊਰਜਾ ਹੈ। ਊਰਜਾ ਹਮੇਸ਼ਾ ਪਦਾਰਥ ਦਾ ਹੀ ਰੂਪ ਹੁੰਦੀ ਹੈ। ਹੁਣ ਡਾਇਨਮੋ ਦੇ ਬਿਜਲੀ ਪੈਦਾ ਕਰਨ ਲਈ ਉਸਨੂੰ ਪਦਾਰਥ ਕਿੱਥੋਂ ਮਿਲਿਆ?’’ ਉਸਦਾ ਇਹ ਸੁਆਲ ਬਹੁਤ ਵਧੀਆ ਸੀ। ਮੈਂ ਦੱਸਿਆ ਕਿ ਇੰਜਣ ਨੂੰ ਅੱਗੇ ਖਿੱਚਣ ਲਈ ਵਰਤੇ ਗਏ ਡੀਜ਼ਲ ਨੇ ਇੰਜਣ ਨੂੰ ਗਤੀ ਦਿੱਤੀ। ਇਸ ਗਤੀ ਨੇ ਡਾਇਨਮੋ ਨੂੰ ਘੁੰਮਣ ਸ਼ਕਤੀ ਦਿੱਤੀ ਤੇ ਘੁੰਮਣ ਸ਼ਕਤੀ ਨੇ ਬਿਜਲੀ ਪੈਦਾ ਕੀਤੀ। ਇਸ ਤਰ੍ਹਾਂ ਇਥੇ ਵੀ ਡੀਜ਼ਲ ਰੂਪੀ ਪਦਾਰਥ ਹੈ ਜੋ ਊਰਜਾ ਵਿੱਚ ਬਦਲਿਆ। ਇਸ ਤਰ੍ਹਾਂ ਸੁਆਲ ਪੁੱਛਦੇ, ਦੱਸਦੇ ਤੇ ਪੈਦਾ ਕਰਦੇ ਅਸੀਂ ਨਵੀਂ ਦਿੱਲੀ ਦੇ ਪਲੇਟ ਫਾਰਮ ਤੇ ਪੁੱਜ ਗਏ। ਪਲੇਟ ਫਾਰਮ ’ਤੇ ਪੁੱਜਣ ਤੇ ਥੱਲੇ ਉਤਰਨ ਵਾਲੇ ਐਲੀਵੇਟਰ ਹੀ ਉਨ੍ਹਾਂ ਦੇ ਧਿਆਨ ਦਾ ਕੇਂਦਰ ਸਨ।