ਹਾ ਹਾ ਹਾ ਹਾ ! (ਸੁਰਿੰਦਰ ਸਿੰਘ ਹੱਸੀ ਜਾ ਰਿਹਾ ਸੀ)
ਕੀ ਗੱਲ ਹੋ ਗਈ ਵੀਰ ! ਤੂੰ ਤੇ ਹੱਸ ਹੱਸ ਕੇ ਪੂਰਾ ਮੁਹੱਲਾ ਹੀ ਗੁੰਜਾ ਦਿੱਤਾ ਹੈ ! (ਰਣਜੀਤ ਸਿੰਘ ਨੇ ਆ ਪੁੱਛਿਆ)
ਮੈਂ ਇਹ ਫਿਲਮ ਵੇਖ ਰਿਹਾ ਸੀ “ਸ਼ੋਲੇ”; ਜਿਸ ਵਿੱਚ ਜੇਲਰ ਕਹਿੰਦਾ ਹੈ ਕੀ “ਸਿਪਾਹਿਓ .. ਆਧੇ ਇਧਰ ਜਾਓ .. ਆਧੇ ਇਧਰ ਜਾਓ . ਔਰ ਬਾਕੀ ਹਮਾਰੇ ਸਾਥ ਆਓ !” (ਸੁਰਿੰਦਰ ਸਿੰਘ ਜੋਰ ਦੀ ਹਸਦਾ ਹੈ)
ਰਣਜੀਤ ਸਿੰਘ : ਯਾਰ ਮੈਂ ਵੀ ਇਹ ਫਿਲਮ ਵੇਖੀ ਹੈ ਬਹੁਤ ਵਾਰ; ਪਰ ਇਤਨਾ ਵੀ ਹਸਾਉਣ ਵਾਲਾ ਸੀਨ ਨਹੀ ਹੈ ! ਕੋਈ ਖਾਸ ਗੱਲ ਇਸ ਵਿਚੋਂ ਲਭ ਬੈਠੇ ਹੋ ਤੇ ਦੱਸੋ ?
ਸੁਰਿੰਦਰ ਸਿੰਘ : ਅਸਲ ਵਿੱਚ ਮੈਨੂੰ ਪੰਥ ਦੀ ਖਰਾਬ ਹਾਲਤ ਦੇ ਪਿੱਛੇ ਦੀ ਕਹਾਣੀ ਸਮਝ ਆ ਗਈ !
ਰਣਜੀਤ ਸਿੰਘ : ਸੀਨ ਫਿਲਮ ਦਾ ਹੈ, ਤੇ ਤੁਸੀਂ ਵਿੱਚ ਪੰਥ ਕਿਥੋਂ ਲੈ ਆਏ ?
ਸੁਰਿੰਦਰ ਸਿੰਘ : ਅੱਜ ਦੇ ਹਾਲਤ ਵਿਚ ਬਹੁਤ ਸਾਰੇ ਵੀਰ ਪਿਛੋਕੜ ਵਿਚ ਕਿਸੀ ਨਾ ਕਿਸੀ ਸਿਆਸੀ ਪਾਰਟੀ ਨਾਲ ਸੰਬੰਧਿਤ ਨਜਰੀ ਆਉਂਦੇ ਹਨ ! ਜਦੋਂ ਵੀ ਪੰਥ ਵਿੱਚ ਕਿਸੀ ਵੀ ਪੰਥਕ ਮਸਲੇ ਨੂੰ ਹੱਲ ਕਰਾਉਣ ਵਾਲੀ ਗੱਲ ਲਈ ਹਉਕਾ ਦਿੱਤਾ ਜਾਂਦਾ ਹੈ ਤਾਂ ਪਤਾ ਚਲਦਾ ਹੈ ਕੀ “ਅਧੇ ਕਾਂਗਰਸ” ਦੇ ਪਿੱਛੇ ਹਨ ਤੇ “ਅਧੇ ਬੀ.ਜੇ.ਪੀ. ਦੇ ਉਸਦੇ ਗਠਜੋੜ ਦੇ ਪਿੱਛੇ” ! ਆਖਿਰ ਵਿਚ ਉਸਨੂੰ ਮਹਿਸੂਸ ਹੁੰਦਾ ਹੈ ਕੀ “ਬਾਕੀ ਬਚੇ ਹੋਏ ਪਿੱਛੇ ਆਏ ਹੀ ਨਹੀ ਕਿਓਂਕਿ ਬਾਕੀ ਕੋਈ ਬਚੇਆ ਹੀ ਨਹੀ !” ਆਖਿਰਕਾਰ ਓਹ “ਪੰਥਕ ਕੰਮ” ਜੇਲਰ ਵਾਂਗ ਦੁਸ਼ਮਣ ਦੀ ਚਾਲ ਦਾ ਸ਼ਿਕਾਰ ਹੋ ਜਾਂਦਾ ਹੈ ! (ਮੁਕੁਰਾਉਂਦਾ ਹੈ)
ਰਣਜੀਤ ਸਿੰਘ (ਮੱਥੇ ਤੇ ਹੱਥ ਮਾਰ ਕੇ) : ਵੈਸੇ ਗੱਲ ਤੇ ਸਹੀ ਹੈ ! ਤੁਸੀਂ ਤੇ ਇਸ ਹਾਸੇ ਵਾਲੀ ਗੱਲ ਵਿੱਚੋਂ ਵੀ ਆਪਣੇ ਕੰਮ ਦੀ ਗੱਲ ਲਭ ਲਈ ! ਪਤਾ ਨਹੀ ਕਿਓਂ ਅਸੀਂ ਇਨ੍ਹਾਂ ਪਾਰਟੀਆਂ ਥੱਲੇ ਲੱਗੇ ਰਹਿੰਦੇ ਹਾਂ, ਕਿਤਨਾ ਚੰਗਾ ਹੋਵੇ ਕੀ ਜੇਕਰ ਇਨ੍ਹਾਂ ਦੇ ਨਾਲ ਚਲਨਾ ਹੀ ਹੈ ਤਾਂ ਘੱਟੋ-ਘਟ ਪੰਥਕ, ਸਿਆਸੀ ਅੱਤੇ ਕਾਨੂਨੀ ਮਸਲੇ ਇੱਕ ਇੱਕ ਕਰ ਕੇ ਹੱਲ ਕਰਵਾ ਲੈਂਦੇ ! ਪਰ ਅੱਜ ਪੰਥਕ ਏਕਾ ਵਾਕਈ ਗਾਇਬ ਹੀ ਹੋ ਚੁਕਾ ਹੈ ! ਜਿਆਤਾਰ ਐਸੇ ਹੀ ਮਨੁਖ ਹਨ ਜੋ ਆਪਣੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਧਰਮ ਅੱਤੇ ਇਮਾਨ ਨੂੰ ਵੇਚ ਰਹੇ ਹਨ ਜਾਂ ਉਨ੍ਹਾਂ ਦੀ ਇੱਕ ਘੁੜਕੀ ਅੱਗੇ ਝੁਕ ਜਾਂਦੇ ਹਨ !
ਸੁਰਿੰਦਰ ਸਿੰਘ : ਮਜ਼ੇ ਦੀ ਗੱਲ ਹੈ ਕੀ ਇਤਨੀ ਨਮੋਸ਼ੀਆਂ ਤੋਂ ਬਾਅਦ ਵੀ ਅਸੀਂ ਨਹੀ ਬਲਦੇ ! (ਹਸਦੇ ਹੋਏ ਫਿਲਮ ਦੇ ਡਾਇਲੋਗ ਨੂੰ ਫਿਰ ਇੱਕ ਚਪੇੜ ਵਾਂਗੂ ਵਰਤਦਾ ਹੈ)