ਬਗਦਾਦ- ਕ੍ਰਿਸਮਿਸ ਦੇ ਬਹੁਤ ਵੱਡੇ ਦਿਨ ਤੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਈਸਾਈਆਂ ਦੀ ਵੱਧ ਵਸੋਂ ਵਾਲੇ ਖੇਤਰ ਵਿੱਚ ਬੁੱਧਵਾਰ ਨੂੰ ਹੋਏ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 37 ਲੋਕ ਮਾਰੇ ਗਏ ਹਨ।
ਦੱਖਣੀ ਬਗਦਾਦ ਦੇ ਦੌਰਾ ਜਿਲ੍ਹੇ ਵਿੱਚ ਈਸਾਈ ਧਰਮ ਦੇ ਲੋਕ ਚਰਚ ਵਿੱਚ ਪਰੇਅਰ ਕਰਕੇ ਵਾਪਿਸ ਪਰਤ ਰਹੇ ਸਨ ਤਾਂ ਪਾਰਕਿੰਗ ਵਾਲੇ ਸਥਾਨ ਤੇ ਖੜੀ ਇੱਕ ਕਾਰ ਵਿੱਚ ਧਮਾਕਾ ਹੋ ਗਿਆ।ਇਸ ਧਮਾਕੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 38 ਜਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਜਿਆਦਾਤਰ ਲੋਕ ਈਸਾਈ ਹਨ। ਦੌਰਾ ਦੇ ਹੀ ਈਸਾਈ ਬਹੁਲਤਾ ਵਾਲੇ ਖੇਤਰ ਵਿੱਚ ਦੋ ਹੋਰ ਬੰਬ ਵੀ ਬਾਜ਼ਾਰ ਵਿੱਚ ਫਟੇ ਹਨ, ਜਿਸ ਨਾਲ 11 ਲੋਕ ਮਾਰੇ ਗਏ ਹਨ ਅਤੇ 21 ਦੇ ਕਰੀਬ ਜਖਮੀ ਹੋਏ ਹਨ। ਕਿਸੇ ਵੀ ਸੰਗਠਨ ਨੇ ਇਸ ਦੀ ਜਿੰਮੇਵਾਰੀ ਨਹੀਂ ਲਈ।ਇਸ ਤੋਂ ਇਲਾਵਾ ਹੋਰ ਹਿੰਸਕ ਘਟਨਾਵਾਂ ਵਿੱਚ ਤਿੰਨ ਹੋਰ ਲੋਕਾਂ ਦੀ ਵੀ ਮੌਤ ਹੋ ਗਈ ਹੈ।