ਚੰਡੀਗੜ੍ਹ – ‘‘ ਅਮਰੀਕਨ ਕਾਨੂੰਨ ਦੀ ਉਲੰਘਣਾ ਕਰ ਕੇ ਜਦੋਂ ਅਮਰੀਕਾ ਸਥਿਤ ਹਿੰਦ ਦੀ ਡਿਪਟੀ ਕਾਊਂਸਲੇਟ ਜਰਨਲ ਬੀਬੀ ਦੇਵਿਆਨੀ ਖੌਬਰਾਗੌਡੇ ਨੇ ਆਪਣੀ ਨੌਕਰਾਣੀ ਸੰਗੀਤਾ ਰਿਚਰਡ ਨੂੰ ਦਾਖਲ ਕਰਵਾ ਦਿੱਤਾ ਤਾਂ ਉਸ ਨੂੰ ਜਦੋਂ ਘਰੋਂ ਭੱਜ ਕੇ ਜਾਣਾ ਪਿਆ ਤਾਂ ਨਿਊਯਾਰਕ ਦੇ ਗੁਰੂਘਰ ਨੇ ਹੀ ਉਸ ਨੂੰ ਰਹਿਣ ਲਈ ਥਾਂ ਦਿੱਤਾ ਅਤੇ ਸਿੱਖਾਂ ਨੇ ਗੁਰੂ ਦਾ ਲੰਗਰ ਵੀ ਦਿੱਤਾ। ਇਥੇ ਇਹ ਵਰਣਨ ਕਰਨਾਂ ਜਰੂਰੀ ਹੈ ਕਿ ਸਿੱਖ ਕੌਮ ਦੀ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਰਵਾਇਤ ਸ਼ੁਰੂ ਕਰ ਕੇ ਮਨੁੱਖਤਾ ਲਈ ਲੰਗਰ ਪ੍ਰਥਾ ਨੂੰ ਸ਼ੁਰੂ ਕੀਤਾ ਸੀ। ਇਸ ਦੀ ਬਦੌਲਤ ਹੀ ਅੱਜ ਬੀਬੀ ਰਿਚਰਡ ਨੂੰ ਸਿੱਖਾਂ ਨੇ ਸ਼ਰਨ ਵੀ ਦਿੱਤੀ ਅਤੇ ਉਸ ਦੀ ਹਿਫਾਜਤ ਵੀ ਕੀਤੀ।‘‘
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਕੌਮ ਦੀ ਲੰਗਰ ਦੀ ਪ੍ਰਥਾ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਨਾਂ ਅੱਗੇ ਚੱਲ ਕੇ ਕਿਹਾ ਕਿ ਬੀਬੀ ਦੇਵਿਆਨੀ ਖੌਬਰਾਗੌਡੇ ਨੇ ਕੇਵਲ ਆਪਣੀ ਦੁਨਿਆਵੀ ਲਾਲਸਾਵਾਂ ਦੀ ਪੂਰਤੀ ਕਰਨ ਹਿੱਤ ਕੇਵਲ ਅਮਰੀਕਾ ਦੇ ਵੀਜ਼ਾ ਕਾਨੂੰਨ ਦੀ ਹੀ ਉਲੰਘਣਾ ਨਹੀਂ ਕੀਤੀ, ਬਲਕਿ ਊਸਨੇ ਹਿੰਦ ਵਿਚ ਰਹਿੰਦੇ ਹੋਏ ਬੰਬੇ ਦੇ ਆਦਰਸ਼ ਸੁਸਾਇਟੀ ਹਾਊਸ ਦੇ ਉਨਾਂ ਫਲੈਟਾਂ ਜੋ ਕਾਰਗਿਲ ਦੀ ਲੜਾਂਈ ਦੇ ਸ਼ਹੀਦਾਂ ਨੂੰ ਅਲਾਟ ਕੀਤੇ ਜਾਣੇ ਸਨ, ਉਨਾਂ ਵਿਚੋਂ ਵੀ ਇਕ ਫਲੈਟ ਗੈਰ ਕਾਨੂੰਨੀਂ ਤਰੀਕੇ ਆਪਣੇ ਨਾਂ ਕਰਵਾ ਲਿਆ ਗਿਆ ਸੀ। ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੀਬੀ ਦੇਵਿਆਨੀ ਖੌਬਰਾਗੌਡੇ ਪਹਿਲਾਂ ਤੋਂ ਹੀ ਧੰਨ-ਦੌਲਤਾਂ ਅਤੇ ਜਾਇਦਾਦਾਂ ਭੰਡਾਰ ਗਲਤ ਢੰਗਾਂ ਰਾਹੀਂ ਇਕੱਤਰ ਕਰਨ ਦੀ ਤੀਬਰ ਲਾਲਸਾ ਰੱਖਦੀ ਆਈ ਹੈ। ਜੇਕਰ ਅਮਰੀਕਾ ਦੀ ਹਕੂਮਤ ਨੇ ਆਪਣੇ ਕਾਨੂੰਨ ਦੀ ਇੱਜਤ ਕਰਦੇ ਹੋਏ ਬੀਬੀ ਖੌਬਰਾਗੌਡੇ ਵਿਰੁੱਧ ਕਾਰਵਾਈ ਕੀਤੀ ਹੈ, ਇਹ ਤਾਂ ਇਨਸਾਫ ਦਾ ਅਮਲ ਹੈ। ਫਿਰ ਭਾਰਤ ਦੇ ਹੁਕਮਰਾਨ ਕਿਸ ਦਲੀਲ ਅਧੀਨ ਖੌਬਰਾਗੌਡੇ ਨੂੰ ਸਹੀ ਸਾਬਿਤ ਕਰਨ ਸੰਬੰਧੀ ਰੌਲਾ ਪਾ ਰਹੇ ਹਨ। ਉਨਾਂ ਕਿਹਾ ਕਿ ਹਿੰਦ ਨੇ ਆਪਣੀ ਡਿਪਲੋਮੈਟ ਬੀਬੀ ਨੂੰ ਬਚਾਉਣ ਲਈ ਜੋ ਹਿੰਦ ਸਥਿਤ ਅਮਰੀਕਾ ਦੇ ਸਫਾਰਤਖਾਨੇ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸੁਰੱਖਿਆ ਖੋਹ ਲਈ ਹੈ, ਅਜਿਹੇ ਅਮਲ ਗੈਰ-ਇਖਲਾਕੀ ਅਤੇ ਗੈਰ-ਡਿਪਲੋਮੈਟਿਕ ਹਨ। ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਥੇ ਨਿਖੇਧੀ ਕਰਦਾ ਹੈ, ਉਥੇ ਅਮਰੀਕਾ ਦੀ ਹਿੰਦ ਵਿਚ ਸਥਿਤ ਸ਼ਫੀਰ ਬੀਬੀ ਨੈਨਸੀ ਜੇ ਪਾਵਲ ਨੂੰ ਬੇਨਤੀ ਕਰਦਾ ਹੈ ਕਿ ਜੇਕਰ ਉਨਾਂ ਨੂੰ ਕਿਸੇ ਤਰਾਂ ਦੀ ਵੀ ਸੁਰੱਖਿਆ ਦੀ ਲੋੜ ਹੈ ਤਾਂ ਸਿੱਖ ਕੌਮ ਆਪਣੇ ਸੁਰੱਖਿਆ ਦਸਤੇ ਭੇਜਣ ਦੀ ਜਿੰਮੇਵਾਰੀ ਲਈ ਤਿਆਰ ਹੈ।