ਸ੍ਰੀ ਅੰਮ੍ਰਿਤਸਰ-ਪੰਜਾਬ ਅਤੇ ਵਿਸ਼ਵ ਭਰ ਦੇ ਮੁਲਕਾਂ ਤੋਂ ਪਧਾਰੇ ਹੋਏ ਬੁੱਧੀਜੀਵੀਆਂ ਅਤੇ ਹੋਰ ਸ਼ਖਸੀਅਤਾਂ ਦੀ ਭਰਵੀਂ ਹਾਜ਼ਰੀ ਵਿੱਚ ‘ਸਿੱਖ ਵਿਸ਼ਵ ਕੋਸ਼’ ਦੇ ਰਚੇਤਾ ਅਤੇ ਸੰਸਾਰ ਭਰ ਵਿੱਚ ਪੰਜ ‘ਮਲਟੀਮੀਡੀਆ ਸਿੱਖ ਮਿਊਜ਼ੀਅਮ’ ਸਥਾਪਤ ਕਰਨ ਵਾਲੇ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਨੂੰ ‘ਸੋਸ਼ਲ ਐਜੂਕੇਸ਼ਨਲ ਵੈਲਫੇਅਰ ਐਸੋਸੀਏਸ਼ਨ’ (ਸੇਵਾ) ਵਲੋਂ ਪੰਜ ਪਿਆਰਿਆਂ ਨੇ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਦੇ ਕੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਵਾਤਾਵਰਨ ਅਤੇ ਵਿੱਦਿਆ ਪ੍ਰੇਮੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ ‘ਗੁਰੂ ਪਿਆਰੇ’, ਅਮਰੀਕਾ ਨਿਵਾਸੀ ਡਾ. ਰਾਜਵੰਤ ਸਿੰਘ ਨੂੰ ‘ਸਿ¤ਖ ਆਫ ਦਿ ਡੀਕੇਡ’ ਐਵਾਰਡ ਅਤੇ ਹੋਰ ਸਮਾਜ ਸੇਵੀਆਂ ਨੂੰ ਵੀ ਪੁਰਸਕਾਰ ਪ੍ਰਦਾਨ ਕੀਤੇ ਗਏ ।
ਵਰਨਣਯੋਗ ਹੈ ਕਿ 78 ਸਾਲਾ ਡਾ. ਰਘਬੀਰ ਸਿੰਘ ਬੈਂਸ ਸੰਸਾਰ ਭਰ ਵਿਚ ਮੰਨੇ-ਪਰਮੰਨੇ ਡਰੱਗ ਥੈਰਾਪਿਸਟ, ਉੱਘੇ ਵਿਦਵਾਨ, ਮਾਨਵ ਹਿਤੈਸ਼ੀ ਅਤੇ ਵਿਸ਼ਵ ਵਿੱਚ ਸਰਬੱਤ ਦੇ ਭਲੇ ਦਾ ਪੈਗ਼ਾਮ ਦੇਣ ਵਾਲੇ ਵਾਲੰਟੀਅਰ ਹਨ, ਜਿਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੇ ਭਲੇ ਲਈ ਲਗਾਇਆ ਹੋਇਆ ਹੈ । ਉਨ੍ਹਾਂ ਨੂੰ ਵਿਸ਼ਵ ਦੇ ਦਰਜਨਾਂ ਹੀ ਮੁਲਕਾਂ ਤੋਂ, ਸਮਾਜਿਕ ਬੁਰਾਈਆਂ ਵਿਰੁੱਧ ਚੇਤਨਾ ਪੈਦਾ ਕਰਨ ਸਦਕਾ ਸੈਂਕੜੇ ਹੀ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ । ਉਹ ਸਿੱਖ ਧਰਮ ਸਬੰਧੀ ਕਈ ਖੋਜ ਭਰਪੂਰ ਕਿਤਾਬਾਂ ਦੇ ਲੇਖਕ ਵੀ ਹਨ ।
ਸਨਮਾਨ ਪ੍ਰਾਪਤ ਕਰਨ ਉਪਰੰਤ ਜਿਥੇ ਡਾ. ਬੈਂਸ ਨੇ ਸੰਸਥਾ ‘ਸੇਵਾ’ ਦਾ ਧੰਨਵਾਦ ਕੀਤਾ, ਉ¤ਥੇ ਦੇਸ਼ ਤੇ ਕੌਮ ਦੇ ਨਿਰਮਾਣ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਅੱਗੇ ਆਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਕਿਹਾ ਕਿ ਸੱਚੀ-ਸੁੱਚੀ ਕਿਰਤ ਕਰਦਿਆਂ, ਮਨੁੱਖੀ ਹੱਕਾਂ ’ਤੇ ਪਹਿਰਾ ਦਿੰਦਿਆਂ, ਦਸਵੰਧ ਕੱਢਦਿਆਂ, ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਮਰਯਾਦਾ ਉਪਰ ਚਲਦਿਆਂ ਸਾਨੂੰ ਸਾਰਿਆਂ ਨੂੰ ਹੀ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ । ਬਾਬਾ ਸੇਵਾ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਕੱਲ੍ਹ ਦੇ ਵਾਰਸ ਬੱਚਿਆਂ ਨੂੰ ਉੱਚ ਪਾਏ ਦੀ ਵਿ¤ਦਿਆ ਦੇਣੀ ਚਾਹੀਦੀ ਹੈ, ਤਾਂ ਕਿ ਉਹ ਮਨੁੱਖਤਾ ਦੀ ਸੇਵਾ ਕਰਨ ਦੇ ਸਮਰੱਥ ਹੋ ਸਕਣ ।