ਅਜੀਤਗੜ੍ਹ – (ਕੇ. ਐੱਸ. ਰਾਣਾ)-ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰੁਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ । ਇਥੇ ਲਖਵਿੰਦਰ ਸਿੰਘ ਲੱਖਾ ਨਾਲ ਉਨ੍ਹਾਂ ਦੇ ਚਾਚਾ ਰਣਜੀਤ ਸਿੰਘ ਅਤੇ ਹੋਂਦ ਚਿੱਲੜ ਕਮੇਟੀ ਦੇ ਨੁਮਾਇੰਦੇ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ, ਦੋਵਾਂ ਨੇ ਉਨ੍ਹਾਂ ਦੀ ਜਮਾਨਤ ਲਈ ਹੈ, ਅਤੇ ਭਾਈ ਲੱਖਾ ਦੀ ਭੈਣ ਸੁਖਵਿੰਦਰ ਕੌਰ, ਜੀਜਾ ਜੰਗ ਸਿੰਘ, ਪਿ੍ੰ: ਪਰਵਿੰਦਰ ਸਿੰਘ ਖਾਲਸਾ, ਬਲਜੀਤ ਸਿੰਘ ਕਾਲਾ ਨੰਗਲ ਲੁਧਿਆਣਾ, ਪਵਨਪ੍ਰੀਤ ਸਿੰਘ ਖਾਲਸਾ ਵੀ ਹਾਜ਼ਰ ਸਨ, ਜਦਕਿ ਭਾਈ ਸ਼ਮਸ਼ੇਰ ਸਿੰਘ ਸ਼ੇਰਾ ਦੇ ਨਾਲ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ, ਭੈਣ ਚਰਨਜੀਤ ਕੌਰ, ਬੇਟੀ ਸਰਬਜੀਤ ਕੌਰ, ਜਵਾਈ ਕੁਲਵਿੰਦਰ ਸਿੰਘ, ਭਤੀਜੇ ਰਣਵੀਰ ਸਿੰਘ ਤੇ ਧਰਮਿੰਦਰ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ‘ਚ ਸੰਗਤਾਂ ਜੈਕਾਰੇ ਛੱਡਦੀਆਂ ਹੋਈਆਂ ਉਨ੍ਹਾਂ ਦੇ ਨਾਲ ਇਥੇ ਪਹੁੰਚੀਆਂ । ਇਸ ਮੌਕੇ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ੍ਹ 28 ਦਸੰਬਰ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਸਮੇਤ ਰਿਹਾਅ ਹੋਏ ਸਿੰਘ ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ ਸਮੇਤ ਪੰਥਕ ਆਗੂਆਂ ਨਾਲ ਇਨ੍ਹਾਂ ਸਿੰਘਾਂ ਦੀ ਪੱਕੀ ਰਿਹਾਈ ਲਈ ਅਗਲੀ ਰਣਨੀਤੀ ਤੈਅ ਕਰਨਗੇ । ਉਨ੍ਹਾਂ ਇਸ ਪੰਥਕ ਮੀਟਿੰਗ ‘ਚ ਸਮੂਹ ਸੰਗਤਾਂ, ਸਿੱਖ ਚਿੰਤਕਾਂ, ਸੰਤ ਸਮਾਜ ਦੇ ਨੁਮਾਇੰਦਿਆਂ ਅਤੇ ਪੰਥ ਪ੍ਰੇਮੀਆਂ ਨੂੰ ਸ਼ਾਮਿਲ ਹੋਣ ਲਈ ਕਿਹਾ। ਇਸ ਮੌਕੇ ਭਾਈ ਲਖਵਿੰਦਰ ਸਿੰਘ ਲੱਖਾ ਨੇ ਇਸ ਸਫਲਤਾ ਲਈ ਭਾਈ ਗੁਰਬਖਸ਼ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਯਤਨਾਂ ਕਾਰਨ ਹੀ ਸੰਭਵ ਹੋਇਆ ਹੈ। ਇਸੇ ਦੌਰਾਨ ਭਾਈ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੇਲ੍ਹ ‘ਚ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਗੁਰਬਾਣੀ ਪੜ੍ਹਨ ‘ਤੇ ਹੀ ਲਗਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਰਿਵਾਰ ਨਾਲ ਵਿਚਰਦੇ ਹੋਏ ਸਿੱਖੀ ਸਿਧਾਂਤਾਂ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਦੇ ਰਹਿਣਗੇ।
ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਰਿਹਾਅ ਹੋਣ ਉਪਰੰਤ ਗੁਰੁਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ
This entry was posted in ਪੰਜਾਬ.