27 ਦਸੰਬਰ 2013 ਦੇ ਦਿਨ ਨਿਤੀਸ਼ ਕੁਮਾਰ (ਚੀਫ਼ ਮਨਿਸਟਰ ਬਿਹਾਰ) ਪਟਨਾ ਦੇ ਗੁਰਦੁਆਰੇ ਵਿਚ ਇਕ ਸਮਾਗਮ ਵਿਚ ਸ਼ਾਮਿਲ ਹੋਣ ਵਾਸਤੇ ਗਿਆ ੳਤੇ ਉਸ ਨੇ ਸਿੱਖਾਂ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਸਿਰ ਢਕਣ ਤੋਂ ਨਾਂਹ ਕਰ ਦਿੱਤੀ। ਹਾਲਾਂ ਕਿ ਪੁਲਸ ਤੇ ਸਕਿਊਟਿਰਟੀ ਵਾਲੇ ਹਿੰਦੂਆਂ ਨੇ ਵੀ ਸਿਰ ਢਕੇ ਹੋਏ ਸਨ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਉਸ ਦਾ ਹਕੂਮਤ ਦਾ ਨਸ਼ਾ ਸੀ ਕਿ ਉਸ ਦੀ ਫ਼ਿਰਕੂ ਹਿੰਦੂਆਂ ਦੀ ਵੋਟਾਂ ਲੈਣ ਦੀ ਸੋਚ ਸੀ ਜਾਂ ਉਸ ਵੱਲੋਂ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਉਣਾ ਸੀ। ਉਸ ਦੀ ਇਸ ਹਰਕਤ ਨਾਲ ਸਿੱਖਾਂ ਦੇ ਦਿਲ ਵਲੂੰਧਰੇ ਗਏ ਹਨ ਅਤੇ ਉਸ ਨੂੰ ਇਹ ਹਰਕਤ ਕਰ ਕਰ ਕੇ ਉਸੇ ਗੁਰਦੁਆਰੇ ਵਿਚ ਜਾ ਕੇ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਕੁਝ ਲੋਕਾਂ ਦਾ ਇਹ ਕਹਿਣਾ ਕਿ ਗੁਰਦੁਆਰਿਆਂ ਵਿਚ ਪੱਗਾਂ ਲਥਦੀਆਂ ਹਨ ਤੇ ਇਸ ਕਰ ਕੇ ਨਿਤੀਸ਼ ਕੁਮਾਰ (ਚੀਫ਼ ਮਨਿਸਟਰ ਬਿਹਾਰ) ਦਾ ਗੁਰਦੁਆਰੇ ਦੇ ਸਮਾਗਮ ਵਿਚ ਸਿਰ ਢਕਣ ਤੋਂ ਨਾਂਹ ਕਰਨਾ ਗ਼ਲਤ ਨਹੀਂ ਹੈ, ਸਿਰਫ਼ ਇਕ ਵਾਹਿਯਾਤ, ਬੇਹੂਦਾ ਤੇ ਫ਼ਜ਼ੂਲ ਗੱਲ ਹੈ। ਗੁਰਦੁਆਰਿਆਂ ਵਿਚ ਇਕ ਦੂਜੇ ਦੀਆਂ ਪੱਗਾਂ ਲਾਹੁਣ ਵਾਲੇ ਮਹਾਂਪਾਪੀ ਹਨ। ਇਸ ਨਾਲ ਨਿਤੀਸ਼ ਕੁਮਾਰ ਦੀ ਗ਼ਲਤ ਹਰਕਤ ਹੱਕ-ਬਜਾਨਬ ਨਹੀਂ ਹੋ ਜਾਂਦੀ। ਇਕ ਪਾਪ ਨੂੰ ਦੂਜੇ ਪਾਪ ਨਾਲ ਸਹੀ ਸਾਬਿਤ ਨਹੀਂ ਕੀਤਾ ਜਾ ਸਕਦਾ।
ਦੂਜਾ, 1906 ਦੀ ਦਰਬਾਰ ਸਾਹਿਬ ਦੀ ਇਕ ਫ਼ੋਟੋ, ਜਿਸ ਵਿਚ ਵਿਚ ਇਕ ਸਾਧੂ ਨੰਗੇ ਸਿਰ ਬੈਠਾ ਹੋਇਆ ਦਿਸਦਾ ਹੈ, ਦਾ ਹਵਾਲਾ ਦੇ ਕੇ ਇਹ ਕਹਿਣਾ ਕਿ ਗੁਰਦੁਆਰੇ ਵਿਚ ਨੰਗੇ ਸਿਰ ਦੀ ਰਿਵਾਇਤ ਸੀ, ਬਿਲਕੁਲ ਗ਼ਲਤ ਮਿਸਾਲ ਹੈ: ਪਹਿਲੀ ਗੱਲ ਤਾਂ ਇਹ ਹੈ ਕਿ 1906 ਵਿਚ ਦਾਰਬਾਰ ਸਾਹਿਬ ‘ਤੇ ਉਦਾਸੀ ਤੇ ਨਿਰਮਲੇ ਪੁਜਾਰੀਆਂ (ਜੋ ਕਿ ਸਿੱਖ ਪਹਿਰਾਵੇ ਵਿਚ ਹਿੰਦੂ ਸਨ) ਦਾ ਕਬਜ਼ਾ ਸੀ। ਉਨ੍ਹਾਂ ਪੁਜਾਰੀਆਂ ਨੇ ਤਾਂ ਉਥੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਲਿਆ ਕੇ ਰੱਖੀਆਂ ਹੋਈਆਂ ਸਨ; ਤੇ ਉਥੇ ਡਾਇਰ ਵਰਗਿਆਂ ਨੂੰ ਸਿਰੋਪੇ ਵੀ ਦਿੱਤੇ ਜਾਂਦੇ ਸਨ। ਦੂਜਾ, ਉਦੋਂ ਦਰਬਾਰ ਸਾਹਿਬ ਦੀ ਮੌਜੂਦਾ ਪਰਿਕਰਮਾ ਅਜੇ ਬਣੀ ਨਹੀਂ ਸੀ ਤੇ ਇਹ ਪਬਲਿਕ ਜਗਹ ਸੀ। ਮੌਜੂਦਾ ਪਰਿਕਰਮਾ ਬਹੁਤ ਮਗਰੋਂ ਬਣੀ ਸੀ। ਪਹਿਲਾਂ ਇਸ ਪਰਿਕਰਮਾ ਵਿਚ ਬਹੁਤ ਸਾਰੇ ਘਰ ਵੀ ਸਨ, ਇਸ ਦੀਆਂ ਕੈਮਰਾ ਤਸਵੀਰਾਂ ਅੱਜ ਵੀ ਮੌਜੂਦ ਹਨ।
3. ਹਰ ਧਰਮ, ਸੋਸਾਇਟੀ ਜਾਂ ਜਮਾਤ ਦੇ ਅਦਾਰੇ ਦੇ ਆਪਣੇ ਅਸੂਲ ਹਨ। ਉਨ੍ਹਾਂ ਜਗਹ ‘ਤੇ ਉਨ੍ਹਾਂ ਦੀ ਰਿਵਾਇਤ ਮੰਨਣੀ ਲਾਜ਼ਮੀ ਹੈ (ਉਹ ਗ਼ਲਤ ਹੈ ਜਾਂ ਸਹੀ ਹੈ, ਇਸ ਬਾਰੇ ਇੱਥੇ ਬਹਿਸ ਕਰਨ ਦਾ ਕੋਈ ਮਾਅਨਾ ਨਹੀਂ)। ਮਿਸਾਲ ਵਜੋਂ ਦੱਖਣ ਦੇ ਕਈ ਮੰਦਰਾਂ ਵਿਚ ਧੋਤੀ ਤੋਂ ਇਲਾਵਾ ਕਿਸੇ ਪਹਿਰਾਵੇ ਵਿਚ ਨਹੀਂ ਜਾਇਆ ਜਾ ਸਕਦਾ (ਕੁਝ ਸਮਾਂ ਪਹਿਲਾਂ ਦੱਖਣ ਵਿਚ ਮੈਨੂੰ ਇਸੇ ਮਜਬੂਰੀ ਕਾਰਨ ਇਕ ਮੰਦਰ ਦੇਖਣ ਦੀ ਇਜਾਜ਼ਤ ਨਹੀਂ ਸੀ ਮਿਲੀ ਕਿਉਂ ਕਿ ਮੈਂ ਧੋਤੀ ਪਾਉਣ ਤੋਂ ਨਾਂਹ ਕਰ ਦਿੱਤੀ ਸੀ; ਮੈਂ ਉਨ੍ਹਾਂ ‘ਤੇ ਇਤਰਾਜ਼ ਨਹੀਂ ਕਰ ਸਕਦਾ; ਇਹ ਉਨ੍ਹਾਂ ਦੀ ਰਿਵਾਇਤ ਹੈ ਤੇ ਇਸ ‘ਤੇ ਅਮਲ ਕਰਨਾ ਉਨ੍ਹਾਂ ਦਾ ਹੱਕ ਹੈ)। ਇੰਞ ਹੀ ਤਕਰੀਬਨ ਹਰ ਧਾਰਮਿਕ ਅਦਾਰੇ ਵਿਚ ਨੰਗੇ ਪੈਰ ਜਾਣਾ ਲਾਜ਼ਮੀ ਹੁੰਦਾ ਹੈ। ਭਲਕ ਨੂੰ ਤਾਂ ਕੋਈ ਇਹ ਵੀ ਕਹਿ ਦੇਵੇਗਾ ਕਿ ਗੁਰਦੁਆਰੇ ਵਿਚ ਬੂਟਾਂ ਸਣੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
4. ਜੇ ਨਿਤੀਸ਼ ਕੁਮਾਰ ਸਿੱਖ ਧਰਮ ਦੇ ਅਸੂਲਾਂ ਜਾਂ ਗੁਰਦੁਆਰੇ ਦੇ ਅਬਦ ਨੂੰ ਮਨਜ਼ੂਰ ਨਹੀਂ ਕਰਨਾ ਚਾਹੁੰਦਾ ਸੀ ਤਾਂ ਉਸ ਨੂੰ ਉਥੇ ਜਾਣਾ ਹੀ ਨਹੀਂ ਸੀ ਚਾਹੀਦਾ।
5.ਇਸ ਵਿਚ ਪਟਨਾ ਦੇ ਗੁਰਦੁਆਰੇ ਦੀ ਕਮੇਟੀ ਦਾ ਵੀ ਬਰਾਬਰ ਦਾ ਕਸੂਰ ਹੈ; ਉਨ੍ਹਾਂ ਨੂੰ ਵੀ ਕਹਿ ਦੇਣਾ ਚਾਹੀਦਾ ਸੀ ਕਿ ਉਹ (ਨਤੀਸ਼) ਨੂੰ ਜੀ ਆਇਆਂ ਨਹੀਂ ਕਹਿੰਦੇ; ਉਨ੍ਹਾਂ ਨੂੰ ਪੂਰਾ ਪ੍ਰੋਟੈਸਟ ਕਰਨਾ ਚਾਹੀਦਾ ਸੀ, ਉਸ ਦਾ ਬਾਈਕਾਟ ਕਰਨਾ ਚਾਹੀਦਾ ਸੀ ਤੇ ਉਸ ਨੂੰ ਸਮਾਗਮ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ। ਉਹ ਸਾਰੇ ਵੀ ਗੁਰੁ ਦੇ ਤਨਖ਼ਾਹੀਏ ਹਨ।
6. ਬੂਥਾਪੋਥੀ (ਫੇਸਬੁਕ) ‘ਤੇ ਵੀ ਕੁਝ ਲੋਕਾਂ ਨੇ, ਖ਼ਾਸ ਕਰ ਕੇ ਕਮਿਊਨਸਿਟਾਂ ਨੇ, ਇਸ ਨੁਕਤੇ ‘ਤੇ ਨਿਤੀਸ਼ ਨੂੰ ਸਹੀ ਠਹਿਰਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਸਾਨੂੰ ਪਤਾ ਹੈ ਕਿ ਉਨ੍ਹਾਂ ਨੂੰ ‘ਧਰਮ’ ਲਫ਼ਜ਼ ਨਾਲ ਨਫ਼ਰਤ ਹੈ, ਇਸ ਕਰ ਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਧਰਮ ਦੇ ਨੁਕਤਿਆਂ ਬਾਰੇ ਟਿੱਪਣੀਆਂ ਨਾ ਦਿਆ ਕਰਨ। ਇਸ ਤੋਂ ਉਨ੍ਹਾਂ ਦੀ ਘਟੀਆ ਜ਼ਿਹਨੀਅਤ ਦਾ ਇਜ਼ਹਾਰ ਹੁੰਦਾ ਹੈ।