ਨਵੀਂ ਦਿੱਲੀ- ਰਜਦ ਨੇਤਾ ਲਾਲੂ ਪ੍ਰਸਾਦ ਯਾਦਵ ਦੇ ਮੁਜਫ਼ਰਨਗਰ ਦੰਗਾ ਪੀੜਤਾਂ ਦੇ ਕੈਂਪ ਦਾ ਦੌਰਾ ਕਰਨ ਤੇ ਸਪਾ ਨੇਤਾ ਮੁਲਾਇਮ ਯਾਦਵ ਉਨ੍ਹਾਂ ਨਾਲ ਸਖਤ ਨਾਰਾਜ਼ ਹੋ ਗਏ ਹਨ। ਮੁਲਾਇਮ ਨੇ ਲਾਲੂ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਉਹ ਤਾਂ ਕਾਂਗਰਸ ਦੀਆਂ ਜੁੱਤੀਆਂ ਚੱਟ ਰਹੇ ਹਨ। ਮੁਲਾਇਮ ਦੇ ਇਸ ਬਿਆਨ ਤੋਂ ਬਾਅਦ ਲਾਲੂ ਨੇ ਕਿਹਾ ਕਿ ਊਹ ਕਾਂਗਰਸ ਦੇ ਨਾਲ ਸਨ,ਹੈ ਅਤੇ ਰਹਿਣਗੇ। ਲਾਲੂ ਨੇ ਕਿਹਾ ਕਿ ਦੰਗਾ ਪੀੜਤ ਕੈਂਪਾਂ ਵਿੱਚ ਮੁਸੀਬਤਾਂ ਝੱਲ ਰਹੇ ਹਨ ਅਤੇ ਮੁਲਾਇਮ ਪਾਰਟੀਆਂ ਕਰ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਮੁਲਾਇਮ ਨੇ ਜੋ ਰਾਤਭਰ ਸੈਫਈ ਵਿੱਚ ਡਾਂਸ ਵੇਖਿਆ ਹੈ ਅਜੇ ਤੱਕ ੳੇਸ ਦਾ ਨਸ਼ਾ ਉਤਰਿਆ ਨਹੀਂ ਹੈ।
ਲਾਲੂ ਨੇ ਮੁਜਫ਼ਰਨਗਰ ਵਿੱਚ ਮੁਲਾਇਮ ਦੀ ਆਲੋਚਨਾ ਕੀਤੀ ਹੈ, ਜਿਸ ਕਰਕੇ ੳਹ ਲਾਲੂ ਤੋਂ ਕਾਫ਼ੀ ਖਿਝੇ ਹੋਏ ਹਨ। ਅਜੇ ਤੱਕ ਲਾਲੂ-ਮੁਲਾਇਮ ਇੱਕ ਦੂਸਰੇ ਤੇ ਸਿੱਧਾ ਵਾਰ ਨਹੀਂ ਸਨ ਕਰਦੇ, ਪਰ ਲੋਕਸਭਾ ਚੋਣਾਂ ਨਜ਼ਦੀਕ ਆਉਣ ਕਰਕੇ ਉਨ੍ਹਾਂ ਵਿੱਚ ਤਲਖੀ ਵੱਧ ਗਈ ਹੈ। ਮੁਸਲਮਾਨਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਦੋਵੇਂ ਹੀ ਆਪਣੇ ਆਪ ਨੂੰ ਮੁਸਲਮਾਨਾਂ ਦਾ ਅਸਲੀ ਹਮਦਰਦ ਹੋਣ ਦਾ ਦਾਅਵਾ ਪੇਸ਼ ਕਰ ਰਹੇ ਹਨ। ਲਾਲੂ ਬਿਹਾਰ ਵਿੱਚ ਕਾਂਗਰਸ ਦਾ ਸਮਰਥਣ ਪ੍ਰਾਪਤ ਕਰਨ ਲਈ ਸੋਨੀਆ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹ ਰਹੇ ਹਨ ਤਾਂ ਮੁਲਾਇਮ ਕੁਝ ਮੁੱਦਿਆਂ ਤੇ ਕਾਂਗਰਸ ਤੋਂ ਖਫ਼ਾ ਹੈ।