ਢਾਕਾ- ਬੰਗਲਾ ਦੇਸ਼ ਵਿੱਚ ਵਿਰੋਧੀ ਧਿਰਾਂ ਦੇ ਬਾਈਕਾਟ ਅਤੇ ਭਾਰੀ ਹਿੰਸਾ ਦੇ ਬਾਵਜੂਦ ਐਤਵਾਰ ਨੂੰ ਹੋਈ ਆਮ ਚੋਣ ਵਿੱਚ ਸੱਤਾਧਾਰੀ ਅਵਾਮੀ ਲੀਗ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਪ੍ਰਧਾਨਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਨੇ 147 ਸੀਟਾਂ ਵਿੱਚੋਂ 95 ਸੀਟਾਂ ਤੇ ਜਿੱਤ ਹਾਸਿਲ ਕੀਤੀ। ਜਾਤੀ ਪਾਰਟੀ ਨੂੰ 12 ਅਤੇ ਹੋਰ ਛੋਟੇ ਦਲਾਂ ਜਾਂ ਆਜਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ। ਇਨ੍ਹਾਂ ਚੋਣਾਂ ਵਿੱਚ ਬਹੁਤ ਹੀ ਘੱਟ ਲੋਕਾਂ ਨੇ ਭਾਗ ਲਿਆ।
ਬੰਗਲਾ ਦੇਸ਼ ਵਿੱਚ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਹੋਏ ਸੰਘਰਸ਼ ਵਿੱਚ 21 ਲੋਕ ਮਾਰੇ ਗਏ ਸਨ ਜਦਕਿ 200 ਤੋਂ ਵੱਧ ਚੋਣ ਬੂਥਾਂ ਤੇ ਅੱਗ ਲਗਾਈ ਗਈ ਸੀ। ਘੱਟ ਮੱਤਦਾਨ ਹੋਣ ਕਰਕੇ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁੱਖੀ ਸਾਬਕਾ ਪ੍ਰਧਾਨਮੰਤਰੀ ਖਾਲਿਦਾ ਜਿਆ ਨੇ ਇਸ ਚੋਣ ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹੋਏ ਦੂਸਰੇ ਵਿਰੋਧੀ ਦਲਾਂ ਨਾਲ ਮਿਲਕੇ ਦੋ ਦਿਨ ਦੇ ਬੰਦ ਦਾ ਐਲਾਨ ਕੀਤਾ ਹੈ।ਬੀਐਨਪੀ ਅਤੇ ੳਸ ਦੇ ਸਹਿਯੋਗੀ ਦਲਾਂ ਨੇ ਇਨ੍ਹਾਂ ਚੋਣਾਂ ਦਾ ਬਾਈ ਕਾਟ ਕੀਤਾ ਹੋਇਆ ਸੀ। ਹਿੰਸਾ ਤੋਂ ਡਰਦੇ ਜਿਆਦਾਤਰ ਲੋਕ ਘਰਾਂ ਵਿੱਚ ਹੀ ਦੁਬਕੇ ਰਹੇ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ।ਪ੍ਰਧਾਨਮੰਤਰੀ ਹਸੀਨਾ ਗੋਪਾਲ ਗੰਜ ਅਤੇ ਰੰਗਪੁਰ ਖੇਤਰ ਤੋਂ ਚੋਣ ਜਿੱਤ ਗਈ ਹੈ।