ਪੰਜਾਬ ਦੇ ਬੱਬਰ ਸ਼ੇਰ ਜਿਹੜੇ ਪਿੰਜਰੇ ਵਿੱਚ ਬੰਦ ਕੀਤੇ ਹੋਏ ਸਨ ਨੂੰ ਅਜਾਦ ਕਰਵਾਉਣ ਲਈ ਹਰਿਆਣੇ ਦੇ ਇੱਕ ਗਰੀਬੜੇ ਸਿੱਖ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਾਲਮ ਸਰਕਾਰ ਨੂੰ ਲਲਕਾਰਿਆ । ਪੰਜਾਬ ਦੇ ਕਹਿੰਦੇ ਕਹਾਉਂਦੇ ਘੈਂਟ ਸਿੱਖ ਪਿੰਜਰੇ ਵਾਲ਼ੇ ਬੱਬਰ ਸ਼ੇਰਾਂ ਨੂੰ ਦਬਾ ਕੇ ਰੱਖਣਾ ਚਹੁੰਦੇ ਸਨ ਤਾਂ ਜੋ ਉਹ ਲਲਕਾਰ ਨਾ ਸਕਣ, ਕਿਉਂਕਿ ਉਹਨਾ ਨੇ ਕੂੜ ਦਾ ਰਾਜ ਭਾਗ ਸੰਭਾਲਣਾ ਹੈ । ਹਰਿਆਣੇ ਦੇ ਠਸਕਾ ਅਲੀ ਪਿੰਡ ਦੇ ਭਾਈ ਗੁਰਬਖਸ ਸਿੰਘ ਖਾਲਸਾ ਨੇ ੧੪ ਨਵੰਬਰ ਤੋਂ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ਼ ਆਰੰਭ ਕੀਤੀ । ਭਾਵੇਂ ਸਿੱਖੀ ਸਿਧਾਂਤ ਵਿੱਚ ਮਰਨ ਵਰਤ ਦੀ ਕਿਤੇ ਵੀ ਥਾਂ ਨਹੀਂ ਹੈ ਪਰ ਜਦੋਂ ਚਾਰੇ ਪਾਸੇ ਮੁਰਦੇਹਾਣੀ ਛਾਈ ਹੋਵੇ ਫਿਰ ਰੋਟੀ ਕਿਸ ਨੂੰ ਚੰਗੀ ਲੱਗਦੀ ਹੈ । ਜਦੋਂ ਕਿਸੇ ਦੇ ਘਰ ਨੌਜੁਆਨ ਲੜਕੇ ਦੀ ਮਰਗ ਹੋਈ ਹੋਵੇ ਘਰ ਦੇ ਜੀਅ ਅਕਸਰ ਕਹਿੰਦੇ ਹਨ, ਕਿ ਕੁੱਝ ਖਾਣ ਨੂੰ ਦਿਲ ਨਹੀਂ ਕਰਦਾ ਸਾਡੇ ਸਿੱਖੀ ਦੇ ਵਿਹੜੇ ਤਾਂ ੧੯੮੪ ਤੋਂ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ । ਇਸ ਸਿਧਾਂਤ ਨੂੰ ਹਿੰਦੂਆਂ ਨੇ ਮਹਾਤਮਾ ਗਾਂਧੀ ਦੇ ਨਾਮ ਤੇ ਹਾਈਜੈਕ ਵੀ ਕੀਤਾ ਹੋਇਆ ਹੈ । ਇਹ ਤਾ ਅਸਲ ਵਿੱਚ ਬੋਧੀਆਂ ਦਾ ਸਿਧਾਂਤ ਹੈ । ਮਰਨ ਵਰਤ ਰੱਖਣ ਨੂੰ ਅਸੀਂ ਅਸਲ ਵਿੱਚ ‘ਜਬਰ ਦਾ ਮੁਕਾਬਲਾ ਸਬਰ ਨਾਲ਼’ ਕਰਨਾ ਸਮਝਦੇ ਹਾਂ । ਇਸ ਪੂਰੀ ਲੜਾਈ ਦਾ ਸਲੋਗਨ ਵੀ ਏਹੋ ਰਿਹਾ ਹੈ । ਸਿੱਖਾਂ ਦੀ ਕਹਿੰਦੀ ਕਹਾਉਂਦੀ ਲੀਡਰਸਿਪ ਨੇ ਪਹਿਲਾਂ ਟਾਸਕ ਫੋਰਸ ਭੇਜ ਕੇ ਬੈਠਣ ਤੋਂ ਹੀ ਨਾਹ ਕਰ ਦਿਤੀ । ਫਿਰ ਉਹਨਾਂ ਟੈਂਟ ਪੱਟਣ ਦੀ ਕੋਸ਼ਿਸ ਕੀਤੀ । ਸੰਗਤ ਦੀ ਆਮਦ ਨੂੰ ਦੇਖਦੇ ਜਦੋਂ ਟੈਂਟ ਵੱਡਾ ਕਰਨਾ ਚਾਹਿਆਂ ਤਾਂ ਸੰਗਤ ਜਾਣੀ ਕਿ ‘ਗੁਰੂ’ ਕਿਉਂਕਿ ਸੰਗਤ ਗੁਰੂ ਦਾ ਦੂਸਰਾ ਰੂਪ ਹੈ ਦੀ ਪਰਵਾਹ ਕੀਤੇ ਬਿਨਾ ਲੱਠ ਮਾਰਾ ਨੇ ਮਨਾ ਕਰ ਦਿਤਾ । ਇਸ ਦੇ ਅੰਤਿਮ ਸਮੇਂ ਭਾਵੇਂ ਅਜੇ ਮੋਰਚਾ ਖਤਮ ਨਹੀਂ ਸੀ ਹੋਇਆ ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਵਾਪਸ ਇਸੇ ਮੋਰਚੇ ਵਿੱਚ ਆਉਣਗੇ ਪਰ ਲੱਠ ਮਾਰਾਂ ਨੇ ਮੋਰਚੇ ਨੂੰ ਪੁੱਟ ਕੇ ਰੜਾ ਕਰਨ ਵਿੱਚ ਦੇਰੀ ਨਹੀਂ ਕੀਤੀ ।
ਭਾਈ ਸਾਹਿਬ ਦੀਆਂ ਮੰਗਾਂ ਕੀ ਹਨ ? ਏਹੋ ਨਾ ! ਕਿ ਜਿਹੜੇ ਕੈਦੀ ਨਿਰਧਾਰਤ ਸਜਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਛੱਡਿਆ ਜਾਵੇ । ਜਿਹੜੇ ਸਿੱਖ ਕੈਦੀਆਂ ਦੀ ਭਾਈ ਗੁਰਬਖਸ਼ ਸਿੰਘ ਰਿਹਾਈ ਦੀ ਮੰਗ ਕਰ ਰਹੇ , ਉਹ ਕੈਦੀ ਉਹ ਹਨ ਜਿਹਨਾਂ ਨੂੰ ਉਮਰ ਕੈਦ ਹੋਈ ਹੈ । ਉਮਰ ਕੈਦ ਦੀ ਭਾਰਤੀ ਲਾਅ ਵਿੱਚ ਕੋਈ ਵਿਆਖਿਆ ਨਹੀਂ ਕਿ ਕਿੰਨੀ ਦੇਰ ਜੇਹਲ਼ ਵਿੱਚ ਡੱਕਣਾ ਹੈ । ਇਹ ਮਾਮਲਾ ਸਬੰਧਿਤ ਰਾਜ ਦਾ ਹੁੰਦਾ ਹੈ, ਕਿ ਉਹ ਕਿੰਨੇ ਸਮੇਂ ਲਈ ਅੰਦਰ ਰੱਖਦੀ ਹੈ । ਆਮ ਹਾਲਾਤਾਂ ਵਿੱਚ ਉਮਰ ਕੈਦ ਵਾਲੇ ੮ ਸਾਲ ਜਾਂ ਵੱਧ ਤੋਂ ਵੱਧ ੧੪ ਸਾਲ ਜੇਹਲ਼ ਅੰਦਰ ਰੱਖਦੇ ਹਨ । ਜਦੋਂ ਕਿਸੇ ਨੂੰ ਉਮਰ ਕੈਦ ਹੁੰਦੀ ਹੈ ਤਕਰੀਬਨ ਛੇ ਸਾਲ ਬਾਅਦ ਉਸ ਦਾ ਨਕਸ਼ਾ ਬਣਨਾ ਸ਼ੁਰੂ ਹੁੰਦਾ ਹੈ । ਉਹ ਨਕਸ਼ਾ ਕੈਦੀ ਨਾਲ਼ ਸਬੰਧਿਤ ਸਟੇਟ ਦੇ ਗ੍ਰਹਿ ਵਿਭਾਗ ਨੇ ਪਾਸ ਕਰਨਾ ਹੁੰਦਾ ਹੈ । ਸਿੱਖ ਕੈਦੀ ਜਾਂ ਦੱਬੀ ਕੁਚਲੀ ਜਮਾਤ ਨਾਲ਼ ਸਬੰਧਿਤ ਕੈਦੀ ਜਿਹੜੇ ਕੋਈ ਵੀ ਰਾਜਸੀ ਪਹੁੰਚ ਨਹੀਂ ਰੱਖਦੇ ਉਹਨਾਂ ਦਾ ਨਕਸ਼ਾ ਅੱਗੇ ਤੁਰਦਾ ਹੀ ਨਹੀਂ ।ਇਹ ਇਕੱਲੇ ਸਿੱਖਾਂ ਦੀ ਮੰਗ ਨਹੀਂ ਹੈ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ । ਮਨੁੱਖੀ ਅਧਿਕਾਰ ਸੰਗਠਨਾਂ ਨੂੰ ਏਧਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਵਿਚਾਰੇ ਕੈਦੀ ਵੀ ਛੁੱਟਣੇ ਚਾਹੀਦੇ ਹਨ ਜਿਹਨਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆ ਹਨ ਬਿਨਾ ਕਿਸੇ ਭੇਦ ਭਾਵ ਤੋਂ, ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਵੀ ਸਖਤ ਦਿਸਾ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਅਗਰ ਸਬੰਧਿਤ ਸਰਕਾਰ ਨਹੀਂ ਛੱਡਦੀ ਤਾਂ ਉਹਨਾਂ ਤੇ ਕਾਰਵਾਈ ਹੋਵੇ । ਕੋਰਟ ਨੂੰ ਉਮਰ ਕੈਦ ਦੀ ਵਿਆਖਿਆ ਵੀ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰਾਂ ਵਲੋਂ ਪੈਦਾ ਕੀਤਾ ਭੰਬਲ਼ਭੂਸਾ ਖਤਮ ਹੋਵੇ । ਇਸ ਭੁੱਖ ਹੜਤਾਲ਼ ਨਾਲ਼ ਸਾਡੀ ਇਹ ਗੱਲ ਸੰਸਾਰ ਪੱਧਰ ਤੇ ਗਈ ਹੈ ਕਿ ਭਾਰਤ ਵਿੱਚ ਸਿੱਖਾਂ ਨਾਲ਼ ਧੱਕਾ ਹੋ ਰਿਹਾ ਹੈ । ਇੱਕ ਪਾਸੇ ੨੯-੨੯ ਸਾਲ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੰਨਸਾਫ ਮੰਗਦਿਆ ਬੀਤ ਗਏ ਹਨ ਦੂਜੇ ਪਾਸੇ ਜਿਹੜੇ ਸਿੱਖ ਕੈਦੀ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਸੱਚਮੁੱਚ ਸਿੱਖਾਂ ਨਾਲ਼ ਧੱਕਾ ਹੋ ਰਿਹਾ ਹੈ ।
ਦੂਸਰੀ ਗੱਲ ਭਾਵੇਂ ਕਿ ਸਿੱਖ ਕੈਦੀਆਂ ਵਾਲ਼ੇ ਮਸਲੇ ਜਿਹਨਾਂ ਦੀ ਗੱਲ ਭਾਈ ਗੁਰਬਖਸ਼ ਸਿੰਘ ਕਰ ਰਹੇ ਹਨ । ਪੰਜਾਬ ਨਾਲ਼ ਸਬੰਧਿਤ ਨਹੀਂ ਹਨ ਕਿਉਂਕਿ ਜਿਹੜੇ ਛੇ ਕੈਦੀਆਂ ਦੀ ਗੱਲ ਭਾਈ ਗੁਰਬਖਸ਼ ਸਿੰਘ ਕਰ ਰਹੇ ਹਨ ਉਹਨਾਂ ਵਿੱਚੋਂ ਕੋਈ ਵੀ ਸਿੱਧੇ ਤੌਰ ਤੇ ਪੰਜਾਬ ਨਾਲ਼ ਸਬੰਧਿਤ ਨਹੀਂ ਹੈ, ਪਰ ਜਿਸ ਤਰੀਕੇ ਜਥੇਦਾਰ ਸਾਹਿਬ ਵਲੋਂ ਪੂਰੇ ਘਟਨਾਕ੍ਰਮ ਦੌਰਾਨ ਬਿਆਨ ਬਾਜੀ ਬਦਲੀ ਗਈ । ਕਦੇ ਹੱਕ ਵਿੱਚ ਗਏ ਕਦੇ, ਵਿਰੋਧ ਵਿੱਚ ਇਸ ਨਾਲ਼ ਜਥੇਦਾਰ ਸਾਹਿਬ ਦਾ ਵੱਕਾਰ ਸਿੱਖ ਸੰਗਤਾਂ ਵਿੱਚ ਨਾਂਹ ਪੱਖੀ ਗਿਆ ਹੈ । ਅਕਾਲ ਤਖਤ ਦੇ ਜਥੇਦਾਰ ਨੇ ਇਸ ਮੁਹਿੰਮ ਨੂੰ ਬੰਦ ਕਰਨ ਲਈ ਏਥੋਂ ਤੱਕ ਕਹਿ ਦਿਤਾ ਕਿ ਇਹ ਸਿੱਖੀ ਦਾ ਸਿਧਾਤ ਹੀ ਨਹੀਂ, ਦੂਜੇ ਸਬਦਾ ਵਿੱਚ ਅਕਾਲ ਤਖਤ ਨੇ ਇਹ ਜੋਰ ਲਗਾਇਆ ਕਿ ‘ਜਬਰ ਦਾ ਮੁਕਾਬਲਾ ਸਬਰ ਨਾਲ਼ ਨਾ ਕੀਤਾ ਜਾਵੇ’ । ਇਹ ਗੱਲ ਆਮ ਲੋਕਾਂ ਵਿੱਚ ਪ੍ਰਪੱਕ ਹੋ ਗਈ ਹੈ ਕਿ ਇਹ ਜਿਸ ਲਫਾਫੇ ਵਿੱਚੋਂ ਉਹ ਨਿਕਲ਼ਦੇ ਹਨ ਉਸੇ ਲਫਾਫੇ ਵਿੱਚੋਂ ਲਿਖੇ ਆਦੇਸ਼ਾਂ ਮੁਤਾਬਕ ਹੀ ਬਿਆਨ ਦਿੰਦੇ ਹਨ ਜੋ ਬਹੁਤ ਖਤਰਨਾਕ ਹੈ । ਮੇਰੀ ਜਾਂਚੇ ਅਗਰ ਪੰਜਾਬ ਵਿੱਚ ਸਰਕਾਰ ਨੇ ਲੰਬੇ ਸਮੇਂ ਲਈ ਰਾਜ ਕਰਨਾ ਹੈ ਤਾਂ ਲੋਕਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਅੰਦਾਜੀ ਘੱਟੋ ਘੱਟ ਕਰਨੀ ਚਾਹੀਦੀ ਹੈ ਅਤੇ ਜਥੇਦਾਰ ਵਰਗੀ ਵਕਾਰੀ ਪੋਸਟ ਉਸ ਪੋਸਟ ਦੇ ਵਕਾਰ ਨੂੰ ਸਮਝਣ ਵਾਲੇ ਨੂੰ ਹੀ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚ ਵਿਸ਼ਵਾਸ਼ ਪੈਦਾ ਹੋਵੇ । ਅਵਿਸ਼ਵਾਸ਼ ਡੰਡੇ ਨਾਲ਼ ਥੋੜ ਚਿਰਾ ਤਾਂ ਰੱਖ ਸਕਦੇ ਹਾਂ ਪਰ ਇਸ ਨੂੰ ਸਦੀਵੀ ਲੋਕਾਂ ਤੇ ਥੋਪਿਆ ਨਹੀਂ ਜਾ ਸਕਦਾ ।
ਇਸ ਭੁੱਖ ਹੜਤਾਲ਼ ਨੂੰ ਪਹਿਲਾਂ ਪਹਿਲ ਕੋਈ ਖਾਸ ਹੁੰਗਾਰਾ ਨਹੀਂ ਸੀ ਮਿਲਿਆਂ ਤਕਰੀਬਨ ੨੦ ਦਿਨ । ਫਿਰ ਸਾਰਿਆਂ ਸਲਾਹ ਬਣਾਈ ਕਿ ਮੂਵਮੈਂਟ ਨੂੰ ਤੇਜ ਕਰਨ ਲਈ ਸਾਨੂੰ ਲੋਕਾਂ ਵਿੱਚ ਜਾਣਾ ਪਵੇਗਾ । ਇਸ ਲਈ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ਼ ਲੋਕ ਲਹਿਰ ਬਣਾਉਣ ਲਈ ੨ ਦਸੰਬਰ ੨੦੧੩ ਨੂੰ ਫੈਸਲਾ ਕੀਤਾ ਗਿਆ ਕਿ ੪ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ । ਸਾਰੇ ਇਸ ਪੰਥਕ ਮੁੱਦੇ ਤੇ ਜੁੜਨੇ ਸ਼ੁਰੂ ਹੋ ਗਏ । ਸਰਕਾਰ ਦੀ ਸੀ. ਆਈ. ਡੀ. ਨੂੰ ਭਿਣਕ ਪੈ ਗਈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਇੱਕ ਵੱਡੀ ਲੋਕ ਲਹਿਰ ਬਣ ਸਕਦੀ ਹੈ ਇਸ ਨੂੰ ਡਰਾ ਕੇ ਧਮਕਾ ਕੇ ਖਤਮ ਕੀਤਾ ਜਾਵੇ । ਇਸੇ ਕੜੀ ਤਹਿਤ ਪੰਜਾਬ ਪੁਲਿਸ ਵਲੋਂ ਭਾਈ ਕੰਬਰਪਾਲ ਸਿੰਘ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਅਸੀਂ ਪੂਰੀ ਤਿਆਰੀ ਕੀਤੀ ਸੀ ਕਿ ਲੁਧਿਆਣੇ ਤੋਂ ਰਲਾਂਗੇ ਅਤੇ ਇਸ ਸਬੰਧੀ ਤਿਆਰੀਆਂ ਵੀ ਕਰ ਲਈਆਂ ਸਨ । ਕੁੱਝ ਗੱਡੀਆਂ ਕਿਰਾਏ ਤੇ ਵੀ ਲੈ ਲਈਆਂ ਸਨ ਤਾਂ ਜੋ ਮਾਰਚ ਦੀ ਸੋਭਾ ਵੱਧ ਤੋਂ ਵੱਧ ਵਧਾਈ ਜਾਵੇ । ਭਾਈ ਹਰਪਾਲ ਸਿੰਘ ਚੀਮਾਂ ਨਾਲ਼ ਗੱਲਬਾਤ ਹੋਈ ਉਹਨਾਂ ਕਿਹਾ ਕਿ ਤੁਸੀਂ ਅਕਾਲ ਤਖਤ ਸਾਹਿਬ ਪਹੁੰਚ ਜਾਵੋ, ਰਹਿੰਦੇ ਸਿੰਘ ਲੁਧਿਆਣੇ ਤੋਂ ਮਿਲ਼ ਜਾਣਗੇ । ਭਾਈ ਦਰਸਨ ਸਿੰਘ ਘੋਲੀਆ ਇੱਕ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਪੁੱਜ ਗਏ । ੪ ਤਰੀਕ ਸਵੇਰੇ ਸੁਵੱਖਤੇ ਭਾਈ ਚੀਮਾਂ ਨਾਲ਼ ਗੱਲ ਹੋਈ ਉਹਨਾਂ ਦੱਸਿਆ ਕਿ ਸਿੰਘਾਂ ਦੀ ਫੜੋ ਫੜੀ ਹੋ ਰਹੀ ਹੈ ਤੁਸੀਂ ਠੀਕ ਹੋ ? ਉਹਨਾਂ ਮੈਂਨੂੰ ਅੰਮ੍ਰਿਤਸਰ ਆਉਣ ਦੀ ਤਾਕੀਦ ਕੀਤੀ । ਮੈਂ ਰਣਨੀਤੀ ਤਹਿਤ ਟਰੇਨ ਰਾਂਹੀ ਅੰਮ੍ਰਿਤਸਰ ਪੁੱਜਾ । ਸਾਰੀਆਂ ਜਥੇਬੰਦੀਆਂ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਸਨ । ਅਰਦਾਸੀਆ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੰਗਤਾਂ ਅਤੇ ਪੰਜ ਪਿਆਰਿਆਂ ਨਾਲ਼ ਮਿਲ਼ ਅਰੰਭਤਾ ਦੀ ਅਰਦਾਸ ਅਕਾਲ ਤਖਤ ਸਾਹਿਬ ਵਿਖੇ ਕੀਤੀ । ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾ ਪਿਆਰਿਆਂ ਨੂੰ ਸਿਰੋਪੇ ਪਾ ਕੇ ਮਾਰਚ ਨੂੰ ਰਵਾਨਾ ਕੀਤਾ । ਜਦੋਂ ਅਕਾਲ ਤਕਤ ਸਾਹਿਬ ਦੀਆਂ ਪੌੜੀਆਂ ਤੋਂ ਹੇਠਾਂ ਉੱਤਰੇ ਤਾਂ ਮੀਡੀਆਂ ਨੇ ਘੇਰ ਲਿਆਂ । ਸਿੰਘਾਂ ਵਿੱਚ ਧੱਕਾ ਮੁੱਕੀ ਹੋਣ ਲੱਗੀ ਕਿਉਂਕਿ ਮੇਰੇ ਵਰਗੇ ਫੋਟੋਆਂ ਖਿਚਵਾਉਣ ਲਈ ਤਤਪਰ ਸਨ । ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੀਡੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਬਾਦਲ ਸਾਹਿਬ ਬੰਦੀ ਸਿੰਘਾਂ ਪ੍ਰਤੀ ਚਿੰਤਤ ਹਨ ਉਹ ਜਲਦੀ ਰਿਹਾਅ ਕਰਵਾ ਲੈਣਗੇ । ਸਰਕਾਰ ਦੇ ਸੋਹਲੇ ਗਾਉਂਦਿਆਂ ਮਾਰਚ ਨੂੰ ਰਵਾਨਾ ਕੀਤਾ । ਮਾਰਚ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਪਰਿਕਰਮਾ ਵੱਲ ਅੱਗੇ ਵਧਣ ਲੱਗਾ । ਪੰਥ ਵਿੱਚ ਮੇਰੇ ਵਰਗੇ ਫੋਟੋਆਂ ਵਜੋ ਮਸ਼ਹੂਰ ਲੀਡਰਾਂ ਨੇ ਸਾਰੇ ਚੈਨਲਾ ਵਾਲਿਆਂ ਨੂੰ ਇੰਟਰਵਿਊ ਲਈ ਘੇਰ ਲਿਆ । ਉਹ ਸਟਾਰ ਪਲੱਸ ਵਗੈਰਾ ਵਗੈਰ ਤੇ ਇਸ ਤਰਾਂ ਇੰਟਰਵਿਊ ਦੇ ਰਿਹੇ ਸਨ, ਜਿਵੇ ਉਹ ਲਾਈਵ ਦਿਖਾ ਰਹੇ ਹੋਣ । ਜਦੋਕਿ ਉਹਨਾਂ ਇੱਕ ਸੈਕੰਡ ਲਈ ਵੀ ਇਹ ਦ੍ਰਿਸ਼ ਨਹੀਂ ਦਿਖਾਇਆ । ਮਾਰਚ ਕਾਫੀ ਅੱਗੇ ਲੰਘ ਗਿਆ ਮੀਡੀਆ ਵਾਲੇ ਵੀਰਾਂ ਨੂੰ ਚੰਦ ਕੁ ਲੀਡਰ ਸਹਿਬਾਨ ਘੇਰੀ ਖੜੇ ਸਨ । ਏਨੇ ਨੂੰ ਖਬਰ ਮਿਲ਼ੀ ਕਿ ਦਾਦੂ ਵਾਲੇ ਸੰਤਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਅਸੀਂ ਰਣਨੀਤੀ ਬਦਲੀ ਕਿ ਮਾਰਚ ਨੂੰ ਬਜਾਰ ਵਿੱਚੋਂ ਕੱਢਿਆ ਜਾਵੇ । ਸਰਕਾਰ ਨੇ ਸੁਆਗਤ ਲਈ ਭਾਰੀ ਪੁਲਿਸ ਫੋਰਸ ਲਗਾਈ ਹੋਈ ਸੀ । ਪੁਲਿਸ ਨੇ ਕਿਹਾ ਕਿ ਮਾਰਚ ਨੂੰ ਏਥੇ ਹੀ ਖਤਮ ਕਰ ਦੇਵੋ । ਪ੍ਰਬੰਧਕ ਸਹਿਮਤ ਨਾ ਹੋਏ । ਮਾਰਚ ਨੇ ਅੱਗੇ ਵਧਣ ਦੀ ਕੋਸ਼ਿਸ ਕੀਤੀ । ਪੁਲਿਸ ਨੇ ਸਖਤੀ ਕਰ ਦਿਤੀ । ਧੱਕੇ ਮੁੱਕੀ ਵਿਚ ਮੇਰੇ ਸਮੇਤ ਕੁੱਝ ਸਿੰਘਾਂ ਦੇ ਮਾੜੀਆਂ ਮੋਟੀਆਂ ਸੱਟਾਂ ਵੀ ਲੱਗ ਗਈਆਂ । ਕਈ ਦਿਨ ਇੱਕ ਇੱਟ ਨੂੰ ਲਾਲ ਕਰਕੇ ਮੋਟੇ ਕੱਪੜੇ ਵਿੱਚ ਲਪੇਟ ਨਾਲੇ ਸੇਕ ਦਿੰਦਾ ਰਿਹਾ ਨਾਲ਼ੇ ਟਾਈਪ ਕਰਦਾ ਰਿਹਾ । ਇਸੇ ਦੌਰਾਨ ਪੰਜ ਪਿਆਰਿਆਂ ਵਿੱਚੋਂ ਇੱਕ ਸਿੱਖ ਮਨਪ੍ਰੀਤ ਸਿੰਘ ਦੀ ਦਸਤਾਰ ਉਤਰ ਗਈ । ਸੰਗਤ ਰੋਹ ਵਿੱਚ ਆ ਗਈ । ਨਾਹਰੇ ਲੱਗਣੇ ਸ਼ੁਰੂ ਹੋ ਗਏ । ਮਾਰਚ ਧੱਕਾ ਮੁੱਕੀ ਕਰਦਾ ਜਲਿਆਂ ਵਾਲੇ ਬਾਗ ਵੱਲ ਨੂੰ ਵੱਧ ਰਿਹਾ ਸੀ । ਪੁਲਿਸ ਵਾਲ਼ਿਆਂ ਨੇ ਚੌਂਕ ਵਿੱਚ ਬੈਰੀਗੇਟ ਲਗਾ ਮਾਰਚ ਨੂੰ ਅੱਗੇ ਜਾਣ ਤੋਂ ਰੋਕ ਲਿਆ । ਪੁਲਿਸ ਵਾਲੇ ਕਹਿਣ ਲੱਗੇ ਕਿ ਅਗਰ ਮਾਰਚ ਖਤਮ ਕਰ ਵਾਪਿਸ ਘਰਾਂ ਨੂੰ ਮੁੜਦੇ ਹੋ ਤਾਂ ਠੀਕ ਹੈ ਨਹੀਂ ਤਾਂ ਗ੍ਰਿਫਤਾਰ ਕਰ ਲਏ ਜਾਵੋਗੇ । ਸਾਰਿਆਂ ਨੇ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਦੇਵਾਂਗੇ ਪਰ ਵਾਪਿਸ ਨਹੀਂ ਮੁੜਾਂਗੇ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਕੇ ਚੱਲੇ ਹਾਂ ਵਾਪਿਸ ਨਹੀਂ ਜਾ ਸਕਦੇ । ਕਾਫੀ ਗਰਮਾ ਗਰਮੀ ਹੋਈ । ਪੁਲਿਸ ਨੇ ਪੂਰੇ ਸਿੰਘਾਂ ਨੂੰ ਘੇਰੇ ਵਿੱਚ ਲੈ ਲਿਆ । ਭਾਰੀ ਫੋਰਸ ਮੰਗਵਾ ਲਈ ਗਈ । ਏਥੇ ਇਹ ਵੀ ਜਿਕਰਯੋਗ ਹੈ ਕਿ ਮਾਰਚ ਬਿਲਕੁਲ ਸ਼ਾਂਤੀ ਨਾਲ਼ ਚੱਲ ਰਿਹਾ ਸੀ ਜਿਹੜਾ ਕਿ ਭਾਰਤੀ ਲੋਕਤੰਤਰ ਦੇ ਅਨੁਕੂਲ ਹੈ ਫਿਰ ਅਜਿਹਾ ਵਰਤਾਰਾ ਕਿਉਂ ? ਪੰਜ ਪਿਆਰੇ ਗੁਰੂ ਸਰੂਪ ਹੁੰਦੇ ਹਨ ਉਹਨਾਂ ਦੀ ਹੀ ਪੁਲਿਸ ਵਲੋਂ ਦਸਤਾਰ ਲਾਹ ਦੇਣੀ ਕਿੰਨੀ ਕੁ ਜਾਇਜ ਹੈ ? ਇਹ ਤਾਂ ਇਉਂ ਲੱਗਦਾ ਹੈ ਕਿ ਇਹਨਾਂ ਪੁਲਿਸ ਵਾਲ਼ਿਆਂ ਸੰਗਤ ਨੂੰ ਹਿੰਸਕ ਹੋਣ ਲਈ ਉਕਸਾਇਆ ਸੀ, ਤਾਂ ਕਿ ਉਹ ਆਪਣੀ ਮਨ ਮਰਜੀ ਕਰ ਸਕਣ । ਪੁਲਿਸ ਨੇ ਉਪਰੋ ਮਿਲੀਆਂ ਹਦਾਇਤਾ ਅਨੁਸਾਰ ਅਗਰ ਕੋਈ ਐਕਸਨ ਕਰਨਾ ਹੀ ਸੀ ਤਾਂ ਪੰਜਾ ਸਿੰਘਾਂ ਨੂੰ ਅਲੱਗ ਸੁਰੱਖਿਆ ਦੇ ਦਿੰਦੀ ਤਾਂ ਜੋ ਸਤਿਕਾਰ ਕਾਇਮ ਰਹਿੰਦਾ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪੁਲਿਸ ਨੂੰ ਪਤਾ ਹੈ ਕਿ ਅਗਰ ਏਹਨਾਂ ਨੂੰ ਜਸਪਾਲ ਸਿੰਘ ਵਾਗੂੰ ਸ਼ਰੇਆਮ ਗੋਲੀਆਂ ਮਾਰ ਕੇ ਸ਼ਹੀਦ ਕਰਾਂਗੇ ਤਾਂ ਸਾਨੂੰ ਸਰਕਾਰ ਮੈਡਲ ਦੇਵੇਗੀ । ਇਹ ਭਾਣਾ ਇਸੇ ਕਾਰਨ ਵਾਪਰਿਆ ਕਿ ਹਰ ਪੁਲਿਸ ਵਾਲਾ ਸਰਕਾਰ ਤੋਂ ਮਾੜੀ ਜਿਹੀ ਮਿਲ਼ੀ ਸਹਿ ਕਾਰਨ ਕਿੜ ਕੱਢਣ ਲਈ ਘੁੰਮ ਰਿਹਾ ਸੀ ।
ਸਾਰੀ ਸੰਗਤ ਪੂਰੇ ਰੋਸ ਵਿੱਚ ਸੀ । ਫੋਨ ਆਉਣੇ ਸ਼ੁਰੂ ਹੋ ਗਏ ਕਿ ਕਿੰਨੇ ਵਜੇ ਪਹੁੰਚ ਰਹੇ ਹੋ ਅਸੀਂ ਕਹਿਣਾ ਸ਼ੁਰੂ ਕੀਤਾ ਕਿ ਮਾਰਚ ਨੂੰ ਅੱਗੇ ਨਹੀਂ ਜਾਣ ਦਿਤਾ ਜਾ ਰਿਹਾ ਤੁਸੀੰ ਜਿਥੇ ਵੀ ਹੋ ਇਕੱਠੇ ਹੋਵੇ ਅਤੇ ਅੰਬ ਸਾਹਿਬ ਨੂੰ ਚਾਲੇ ਪਾਉ । ਅੰਮ੍ਰਿਤਸਰ ਸਾਰੀ ਸੰਗਤ ਚੌਂਕ ਵਿੱਚ ਹੀ ਧਰਨਾ ਲਗਾ ਕੇ ਬੈਠ ਗਈ । ਵੀਰ ਬਲਵੰਤ ਸਿੰਘ ਗੋਪਾਲੇ ਨੇ ਐਲਾਨ ਕੀਤਾ ਕਿ ਉਹ ਵੀ ਅੱਜ ਤੋਂ ਹੀ ਏਥੇ ਹੀ ਮਰਨ ਵਰਤ ਤੇ ਬੈਠੇਗਾ । ਸਾਰੀ ਸੰਗਤ ਜਾਪ ਕਰਨ ਲੱਗੀ । ਸਾਰੇ ਸਲਾਹਾਂ ਕਰਨ ਲੱਗੇ ਕਿ ਕੀ ਕੀਤਾ ਜਾਵੇ । ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਨੂੰ ਏਥੇ ਬੁਲਾਵੋ । ਉਹਨਾਂ ਅਰਦਾਸ ਕਰਕੇ ਤੋਰਿਆ ਹੈ ਉਹ ਹੀ ਫੈਸਲਾ ਦੇਣ ਕਿ ਅਸੀਂ ਕੀ ਕਰੀਏ ? ਮੀਡੀਏ ਵਾਲੇ ਵੀਰ ਲਗਾਤਾਰ ਕਵਰੇਜ ਕਰ ਰਹੇ ਸੀ । ਇੰਟਰਵਿਊ ਲੈ ਰਹੇ ਸੀ । ਅਸੀਂ ਵੀ ਆਪਣੇ ਸਹਿਯੋਗੀਆਂ ਨੂੰ ਫੋਨ ਕਰ ਕੇ ਕਹਿ ਰਹੇ ਸੀ ਕਿ ਸੱਭ ਕੁੱਝ ਫੇਸ ਬੁੱਕ ਤੇ ਪਾਇਆ ਜਾਵੇ । ਮਹੌਲ ਕਾਫੀ ਤਣਾਅ ਪੂਰਨ ਸੀ । ਮੀਡੀਏ ਵਾਲੇ ਵੀਰਾਂ ਨੇ ਆਪਣਾ ਬਾਖੂਬੀ ਨਾਲ਼ ਰੋਲ ਨਿਭਾਇਆਂ ਅਤੇ ਜਥੇਦਾਰ ਨੂੰ ਜਾ ਕੇ ਦੱਸਿਆ । ਜਥੇਦਾਰਾਂ ਉੱਪਰ ਗੱਲ ਕੀਤੀ ਅਤੇ ਜਥੇਦਾਰ ਨੇ ਸੰਗਤ ਨੂੰ ਉਸ ਧਰਨੇ ਵਾਲ਼ੀ ਜਗਾ ਜਾ ਕੇ ਦੱਸਿਆ ਕਿ ਉਹ ਮਾਰਚ ਲੈ ਜਾ ਸਕਦੇ ਹਨ ਪਰ ਇਸ ਮਾਰਚ ਦੀ ਅਗਵਾਈ ਜਸਬੀਰ ਸਿੰਘ ਰੋਡੇ ਕਰਨਗੇ । ਨੌਜੁਆਨਾ ਵਲੋਂ ਗੱਦਾਰ ਗੱਦਾਰ ਦੇ ਨਾਹਰੇ ਗੂੰਜਾਏ ਗਏ ਅਤੇ ਉਹਨਾਂ ਉਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ । ਸਾਰਿਆਂ ਮਤਾ ਪਕਾਇਆ ਕਿ ਮਾਰਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲੇਗਾ । ਪੁਲਿਸ ਨੇ ਕਿਹਾ ਕਿ ਉਹ ਮਾਰਚ ਦੇ ਅੱਗੇ ਅੱਗੇ ਚੱਲਣਗੇ ਤਾਂ ਜੋ ਕੋਈ ਪ੍ਰੇਸਾਨੀ ਨਾ ਆਵੇ । ਮਾਰਚ ਤਕਰੀਬਨ ੧ ਵਜੇ ਰਵਾਨਾ ਹੋਇਆ । ਏਦਾਂ ਕਿਉਂ ਹੋਇਆ ? ਸਰਕਾਰ ਦੇ ਖੁਫੀਆਂ ਵਿੰਗ ਨੂੰ ਸੂਹ ਲੱਗ ਚੁੱਕੀ ਸੀ ਕਿ ਇਸ ਮਾਰਚ ਵਿੱਚ ਭਾਰੀ ਭੀੜ ਹੋਵੇਗੀ ਅਤੇ ਸਰਕਾਰ ਕੰਬ ਗਈ ਸੀ । ਪਹਿਲਾਂ ਤਾਂ ਉਹ ਡਰਾ ਧਮਕਾ ਕੇ ਭਜਾਉਣਾ ਚਾਹੁੰਦੇ ਸਨ ਤਾਂ ਜੋ ਮਾਰਚ ਹੀ ਖਿਲਰ-ਪੁੱਲਰ ਜਾਵੇ ਪਰ ਸਾਰਿਆਂ ਦੀ ਸੂਝ ਬੂਝ ਨੇ ਇਸ ਨੂੰ ਨਵੀਂ ਦਿਸਾ ਦਿਤੀ ਇੱਕ ਜਿਹੜਾ ਭਾਣਾ ਦਸਤਾਰ ਉਤਰਨ ਵਾਲਾ ਵਾਪਰਿਆ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਅਗਰ ਸਖਤੀ ਕੀਤੀ ਤਾਂ ਲੋਕ ਭੜਕਣਗੇ । ਸਰਕਾਰ ਨੇ ਮਾਰਚ ਚਾਰ ਘੰਟੇ ਲੇਟ ਇਸ ਲਈ ਕੀਤਾ ਤਾਂ ਜੋ ਇਹ ਮਾਰਚ ਸਫਲ ਨਾ ਹੋ ਸਕੇ । ਕਿਉਕਿ ਕਾਫੀ ਸਿੰਘ ਸਿੱਧੇ ਹੀ ਅੰਬ ਸਾਹਿਬ ਪੁੱਜ ਗਏ ਸਨ ਅਤੇ ਕੁੱਝ ਘਰਾਂ ਨੂੰ ਚਲੇ ਗਏ ਸਨ ਕਿ ਹੁਣ ਮਾਰਚ ਨਹੀਂ ਨਿਕਲੇਗਾ । ਪਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ ਅਤੇ ਰਹਿਮਤ ਸਦਕਾ ਮਾਰਚ ਸਫਲ ਵੀ ਹੋਇਆ ।
ਮਾਰਚ ਦੇ ਅੰਤ ਵਿੱਚ ਭਾਈ ਗੁਰਬਖਸ ਸਿੰਘ ਖਾਲਸਾ ਨੇ ਬੜੇ ਗੜਕੇ ਨਾਲ਼ ਜੈਕਾਰੇ ਗਜਾਏ । ਉਹਨਾਂ ਸੰਗਤ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਉਹ ਪੂਰੀ ਤਰਾਂ ਤੰਦਰੁਸਤ ਹਨ ਉਹਨਾਂ ਨੂੰ ਕੁੱਝ ਨਹੀਂ ਹੋਇਆ । ਸਰਕਾਰ ਜਾਂ ਤਾ ਸਿੰਘਾਂ ਦੀ ਰਿਹਾਈ ਕਰਵਾਏਗੀ ਜਾਂ ਫਿਰ ਭਾਣਾ ਵਰਤੇਗਾ । ਨਾਲ਼ ਹੀ ਤਾਕੀਦ ਕੀਤੀ ਕਿ ਕੋਈ ਵੀ ਹੋਰ ਸਿੰਘ ਮਰਨ ਵਰਤ ਤੇ ਨਾ ਬੈਠੇ ਜਦੋਂ ਤੱਕ ਉਹ ਬੈਠੇ ਹਨ । ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ ਆਪਣੇ ਆਪਣੇ ਇਲਾਕੇ ਵਿੱਚੋਂ ਸਿੰਘਾਂ ਦੇ ਜੱਥੇ ਲੈ ਕੇ ਅੰਬ ਸਾਹਿਬ ਪਹੁੰਚਣ ।
ਇਸ ਤੋਂ ਬਾਅਦ ੫ ਦਸੰਬਰ ਦੀ ਰਾਤ ਨੂੰ ਭਾਈ ਸਾਹਿਬ ਨੂੰ ਧਰਨੇ ਵਾਲੀ ਜਗਾ ਤੋਂ ਪੁਲਿਸ ਦੁਆਰਾ ਚੁੱਕ ਲਿਆ ਗਿਆ । ਭੁੱਖ ਹੜਤਾਲ਼ ਤੇ ਬੈਠਣ ਵਾਲ਼ਿਆਂ ਦੀ ਹੋੜ ਲੱਗ ਗਈ । ਲੁਧਿਆਣੇ ਦੇ ਨੌਜੁਆਨ ਭਾਈ ਦਮਨਦੀਪ ਸਿੰਘ ਨੇ ਮੋਰਚਾ ਸੰਭਾਲ਼ਿਆ । ਮੋਰਚੇ ਵਿੱਚ ਲੋਕਾਂ ਦੀ ਭਾਰੀ ਭੀੜ ਜਮਾ ਹੋਣੀ ਸੁਰੂ ਹੋ ਗਈ । ਓਧਰ ਭਾਈ ਸਾਹਿਬ ਨੇ ਜੇਹਲ਼ ਵਿੱਚ ਪਾਣੀ ਵੀ ਤਿਆਗ ਦਿਤਾ । ਭਾਈ ਸਾਹਿਬ ਦੀ ਸੇਹਤ ਹੋਰ ਖਰਾਬ ਹੋਣੀ ਸ਼ੁਰੂ ਹੋ ਗਈ । ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ । ਉਹਨਾਂ ਬਦਨਾਮੀ ਤੋਂ ਬਚਣ ਲਈ ਭਾਈ ਸਾਹਿਬ ਨੂੰ ਪੀ.ਜੀ.ਆਈ ਦਾਖਲ ਕਰਵਾ ਦਿਤਾ ਗਿਆ । ੧੦ ਦਸੰਬਰ ਨੂੰ ਭਾਈ ਸਾਹਿਬ ਆਪਣੇ ਮੋਰਚੇ ਵਿੱਚ ਆ ਕੇ ਫਿਰ ਡਟ ਗਏ । ਏਧਰ ਭੁੱਖ ਹੜਤਾਲ਼ ਚੱਲ ਰਹੀ ਸੀ ਓਧਰ ਸਰਕਾਰ ਕਬੱਡੀ –ਕਬੱਡੀ ਕਰਨ ਵਿੱਚ ਮਸ਼ਰੂਫ ਸੀ । ਕਿਸੇ ਵੀ ਸਿਆਸੀ ਲੀਡਰ ਦਾ ਕੋਈ ਵੀ ਬਿਆਨ ਨਹੀਂ ਸੀ ਆ ਰਿਹਾ । ਪੱਤਰਕਾਰਾਂ ਦੇ ਪੁੱਛਣ ਤੇ ਏਦਾਂ ਦਾ ਉੱਤਰ ਦਿਤਾ ਜਾਂਦਾ ਸੀ ਕਿ ਜਿਵੇਂ ਕੁੱਝ ਪਤਾ ਹੀ ਨਾ ਹੋਵੇ । ੧੪ ਦਸੰਬਰ ਨੂੰ ਲੁਧਿਆਣੇ ਵਿਖੇ ਵਿਸਵ ਕਬੱਡੀ ਕੱਪ ਦਾ ਫਾਈਨਲ ਚੱਲ ਰਿਹਾ ਸੀ । ਸਟੇਜ ਤੇ ਬਾਦਲ ਸਾਹਿਬ ਬਿਰਾਜਮਾਨ ਸਨ । ਪਾਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਵੀ ਸਟੇਜ ਤੇ ਬਿਰਾਜਮਾਨ ਸਨ । ਨਾਚ ਗਾਣਾ ਹੋ ਰਿਹਾ ਸੀ । ਜਸਪਿੰਦਰ ਨਰੂਲਾ ਗਾ ਰਹੀ ਸੀ । ਅੱਜ ਕੱਲ ਦੇ ਗਾਇਕ ਢੌਂਗ ਕਰਦੇ ਹਨ ਗਾਉਣ ਦਾ । ਜਸਪਿੰਦਰ ਨਰੂਲਾ ਵੀ ਬੱਸ ਮਾਈਕ ਫੜ ਕੇ ਪਿੱਛੇ ਡੈਕ ਚੱਲ ਰਿਹਾ ਸੀ ਤੇ ‘ਮੂੰਹ ਹਿਲਾ’ ਏਧਰ ਓਧਰ ਟੱਪ ਰਹੀ ਸੀ । ਇਹ ਗੱਲ ਵੀਰ ਗੁਰਪ੍ਰੀਤ ਸਿੰਘ ਗੁਰੀ ਨੂੰ ਪਤਾ ਨਹੀਂ ਸੀ ਤੇ ਉਹ ਚਾਹੁੰਦਾ ਸੀ ਕਿ ਆਪਣੀ ਅਵਾਜ ਨੂੰ ਬਾਦਲ ਸਾਹਿਬ ਤੱਕ ਪਾਕਿ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਵਾਂ ਕੀ ਪਤਾ ਏਹ ਏਥੋ ਮੇਰੀ ਗੱਲ ਸੁਣ ਲੈਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਭਾਈ ਗੁਰਬਖਸ਼ ਸਿੰਘ ਜੀ ਨੇ ਲਗਾਇਆਂ ਹੈ ਉਹ ਸਫਲ ਹੋ ਜਾਵੇ ਅਤੇ ਸਿੰਘ ਰਿਹਾਅ ਹੋ ਜਾਣ । ਵੀਰ ਲਾਈਵ ਚੱਲ ਰਹੇ ਪ੍ਰੋਗਰਾਮ ਦੌਰਾਨ ਵੀ ਆਈ ਪੀ ਦੇ ਸੁਰੱਖਿਆ ਘੇਰੇ ਨੂੰ ਬੜੀ ਦ੍ਰਿੜਤਾ ਨਾਲ਼ ਤੋੜਦਾ ਅੱਗੇ ਵਧਿਆ ਅਤੇ ਪੂਰੇ ਜੋਸ ਨਾਲ ਸਟੇਜ ਤੇ ਚੜ੍ਹ ਗਿਆ । ਏਸ ਦੌਰਾਨ ਵੀਰ ਦੀ ਦਸਤਾਰ ਵੀ ਉੱਤਰ ਗਈ । ਜਸਪਿੰਦਰ ਨਰੂਲਾ ਦਾ ਬਾਊਸਰ ਅੱਗੇ ਵਧਿਆਂ ਵੀਰ ਨੇ ਧੱਕਾ ਦੇ ਕੇ ਉਸ ਨੂੰ ਗਿਰਾ ਦਿਤਾ ਅਤੇ ਮਾਈਕ ਖੋਹ ਲਿਆ । ਉਹਨਾਂ ਆਪਣਾ ਸੰਦੇਸ ਦੱਸਿਆ ਕਿ ਸਾਡਾ ਵੀਰ ਭਾਈ ਗੁਰਬਖਸ਼ ਸਿੰਘ ਸਿੰਘਾਂ ਦੀ ਰਿਹਾਈ ਲਈ ਮਹੀਨੇ ਤੋਂ ਭੁੱਖ ਹੜਤਾਲ਼ ਤੇ ਹੈ ਅਤੇ ਤੁਸੀਂ ਨਾਚ ਗਾਣਾ ਦੇਖਣ ਵਿੱਚ ਮਸਤ ਹੋ । ਮਾਈਕ ਬੰਦ ਹੋਣ ਕਾਰਨ ਲਾਈਵ ਸੰਗਤ ਨਹੀਂ ਸੁਣ ਸਕੀ । ਏਨੇ ਨੂੰ ਪਲਿਸ ਵੀ ਸਟੇਜ ਤੇ ਆ ਗਈ ਅਤੇ ਵੀਰ ਨੂੰ ਕਾਬੂ ਕਰਕੇ ਥਾਣੇ ਲੈ ਗਈ । ਉਸ ਦਿਨ ਜਿਸ ਦਿਨ ਇਹ ਘਟਨਾ ਵਾਪਰੀ ਮੈਂ ਭਾਈ ਗੁਰਬਖਸ਼ ਸਿੰਘ ਜੀ ਕੋਲ਼ ਬੈਠਾ ਸੀ । ਜਦ ਉਹਨਾਂ ਨੂੰ ਏਹ ਘਟਨਾ ਪਤਾ ਲੱਗੀ ਤਾਂ ਭਾਈ ਸਾਹਿਬ ਖਿੜ ਗਏ ਅਤੇ ਖੁਸ਼ ਹੋ ਕੇ ਕਹਿਣ ਲੱਗੇ ਜਿਹੜਾ ਕੰਮ ਸਾਡੇ ਤੋਂ ਤੀਹਾਂ ਦਿਨਾਂ ਵਿੱਚ ਨਹੀਂ ਹੋਇਆ ਸਦਕੇ ਗੁਰਪ੍ਰੀਤ ਸਿੰਘ ਦੇ ਉਹ ਚੰਦ ਸੈਕਿੰਡ ਵਿੱਚ ਕਰ ਗਿਆ । ਸਰਕਾਰ ਜੀ ਇਹ ਨੌਜੁਆਨਾ ਦੇ ਜਜਬਾਤ ਹਨ ਇਹਨਾਂ ਦੀ ਤਸੱਲੀ ਕਰਵਾਉਣੀ ਆਪ ਜੀ ਦਾ ਫਰਜ ਹੈ ਨਾ ਕਿ ਡੰਡੇ ਦੇ ਜੋਰ ਨਾਲ਼ ਦਬਾਉਣਾ ਇਹ ਡੰਡਾ ਬਹੁਤੀ ਦੇਰ ਨਹੀਂ ਚੱਲਦਾ ਕੁਦਰਤ ਦੀ ਲਾਠੀ ਜਦੋਂ ਚੱਲਦੀ ਹੈ ਉਹ ਮਾਰ ਵੱਧ ਕਰਦੀ ਹੈ ਉਸ ਨੂੰ ਸਮਝੋ । ਕਿਲਾ ਹਾਂਸ (ਜਿਲਾ ਲੁਧਿਆਣਾ) ਪਿੰਡ ਦੇ ਗੁਰਪ੍ਰੀਤ ਸਿੰਘ ਗੁਰੀ ਜਿਸ ਨੇ ਸਾਂਤ ਮਈ ਤਰੀਕੇ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਰੀਕਾ ਲੱਭਿਆ ਕਿਉਜੋ ਪੀ.ਟੀ.ਸੀ. ਵਗੈਰਾ ਵੀ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ਼ ਨੂੰ ਨਹੀਂ ਦਿਖਾ ਰਿਹਾ ਭਾਵੇਂ ਉਹਨਾਂ ਨੂੰ ੩੬ ਦਿਨ ਤੋਂ ਉੱਪਰ ਹੋ ਗਏ ਸਨ ਪਰ ਮੀਡੀਏ ਨੂੰ ਕੋਈ ਫਰਕ ਨਹੀਂ , ਨਾਂ ਹੀ ਪੰਥਕ ਸਰਕਾਰ ਸੁਣ ਰਹੀ ਸੀ ਫਿਰ ਭਾਵੁਕ ਨੌਜੁਆਨ ਕੀ ਕਰਦਾ ? ਉਸ ਨੂੰ ਏਹ ਰਾਹ ਠੀਕ ਲੱਗਿਆ ਉਹਨਾਂ ਆਪਣੀ ਅਵਾਜ ਅਤੇ ਗੁੱਸੇ ਨੂੰ ਸਰਕਾਰ ਦੇ ਬੋਲ਼ੇ ਕੰਨਾ ਤੱਕ ਪਹੰਚਾ ਦਿਤਾ । ਸਰਕਾਰੀ ਪੁਲਿਸ ਨੇ ੧੪ ਦਸੰਬਰ ਦੀ ਰਾਤ ਨੂੰ ਪਹਿਲਾਂ ਤਾਂ ਸਟੇਡੀਅਮ ਅੰਦਰ ਹੀ ਡਾਗਾਂ ਨਾਲ਼ ਬੁਰੀ ਤਰਾਂ ਕੁੱਟਿਆਂ । ਫਿਰ ਉਹਨਾਂ ਨੂੰ ਸੀ ਆਈ ਏ ਸਟਾਫ ਲੈ ਜਾਇਆ ਗਿਆ । ਉਹਨਾਂ ਓਥੇ ਫਿਰ ਬੁਰੀ ਤਰਾਂ ਟੌਰਚਰ ਕੀਤਾ ਪਰ ਨਾਲ਼ ਨਾਲ਼ ਮੀਡੀਏ ਨੂੰ ਝੂਠ ਬੋਲਦੇ ਰਹੇ ਕਿ ਅਸੀਂ ਤਾਂ ਮਾਮੂਲੀ ਪੁੱਛ ਪੜਤਾਲ਼ ਤੋਂ ਬਾਅਦ ਰਿਹਾਅ ਕਰ ਦਿਤਾ ਹੈ । ਪਰ ਅਸਲੀਅਤ ਇਹ ਸੀ ਕਿ ਭਾਈ ਗੁਰੀ ਨੂੰ ਜੇਹਲ ਵਿੱਚ ੭/੫੧ ਦਾ ਕੇਸ ਪਾ ਕੇ ਡੱਕਿਆ ਹੋਇਆ ਸੀ । ਏਥੇ ਇਹ ਵੀ ਦੱਸਣਯੋਗ ਹੈ ਕਿ ੭/੫੧ ਦੇ ਕੇਸ ਵਿੱਚ ਜਮਾਨਤ ਦੇਣ ਦਾ ਅਧਿਕਾਰ ਪੁਲਿਸ ਕੋਲ਼ ਹੀ ਹੈ ਜੋ ਆਮ ਕਰਕੇ ਸਬੰਧਿਤ ਥਾਣੇ ਵਿੱਚ ਹੀ ਮੌਕੇ ਤੇ ਹੀ ਮਿਲ਼ ਜਾਂਦੀ ਹੈ, ਪਰ ਸਿੱਖਾਂ ਲਈ ੭/੫੧ ਦਾ ਮਤਲਬ ਹੋਰ ਹੈ ਉਹਨਾਂ ਲਈ ਐਨਾ ਸੌਖਾ ਨਹੀਂ ਕਿਉਂਕਿ ਉਹ ਗੁਲਾਮ ਹਨ ਇਹ ਮੈਂ ਨਹੀਂ ਕਹਿ ਰਿਹਾ ਪੁਲਿਸ ਹੀ ਸਾਨੂੰ ਸਮਝਾ ਰਹੀ ਹੈ ।
ਪੂਰੇ ਸੱਤ ਦਿਨ ਐਡਵੋਕੇਟ ਸ.ਗੁਰਜਿੰਦਰ ਸਿੰਘ ਸਾਹਨੀ ਅਤੇ ਭਾਈ ਜਸਪਾਲ ਸਿੰਘ ਮੰਝਪੁਰ ਪੁਲਿਸ ਵਾਲ਼ਿਆਂ ਕੋਲ਼ ਧੱਕੇ ਖਾਂਦੇ ਰਹੇ । ੧੯ ਤਰੀਕ ਦੀ ਗੱਲ ਦੱਸਦਾ ਕਿ ਕੀ ਕੀ ਹੋਇਆ । ਅਸੀਂ ਤਕਰੀਬਨ ਤਿੰਨ ਵਜੇ ਡੀ.ਸੀ.ਪੀ. ਬਰਾੜ ਸਾਹਿਬ ਮਿਲ਼ੇ ਅਤੇ ਉਹਨਾਂ ਨੂੰ ਜਮਾਨਤ ਦੇ ਕਾਗਜ ਦਿਤੇ । ਉਹਨਾਂ ਨੈਬ ਕੋਰਟ ਰਾਂਹੀ ਸੁਨੇਹਾ ਭੇਜਿਆ ਕਿ ਸਬੰਧਿਤ ਥਾਣੇ ਤੋਂ ਰਿਪੋਰਟ ਕਰਵਾ ਕੇ ਲਿਆਓ । ਇਹ ਰਿਪੋਰਟ ਕਰਵਾੳੇਣ ਵਾਲੀ ਗੱਲ ਸਿੱਖਾਂ ਤੋਂ ਬਗੈਰ ਹੋਰ ਕਿਸੇ ਤੋਂ ਨਹੀਂ ਮੰਗਵਾਉਂਦੇ । ਫਿਰ ਐਡਵੋਕੇਟ ਸਾਹਿਬ ਰਿਪੋਰਟ ਕਰਵਾਉਣ ਅੱਠ ਨੰਬਰ ਪੁਲਿਸ ਚੋਂਕੀ ਗਏ । ਓਥੇ ਚੌਂਕੀ ਇੰਚਾਰਜ ਦਵਿੰਦਰ ਚੌਧਰੀ ਨੂੰ ਮਿਲ਼ੇ ਉਹਨਾਂ ਅੱਧਾ ਘੰਟਾ ਖੱਜਲ਼ ਖੁਆਰ ਕਰਨ ਤੋਂ ਬਾਅਦ ਕਿਹਾ ਕਿ ਸਬੰਧਿਥ ਆਈ ਓ ਕੋਲ਼ ਜਾਓ । ਆਈ ਓ ਅਜੈਬ ਸਿੰਘ ਥਾਣੇ ਨਹੀ ਸੀ ਉਹ ਕਾਫੀ ਇੰਤਜਾਰ ਤੋਂ ਬਾਅਦ ਪਹੁੰਚਿਆ । ਉਹਨਾਂ ਰਿਪੋਰਟ ਦੇਣ ਲਈ ਅਗਲੇ ਦਿਨ ਦਾ ਟਾਈਮ ਦੇ ਦਿਤਾ । ਹਫਤੇ ਦੀ ਭੱਜ ਦੌੜ ਤੋਂ ਬਾਅਦ ਜਦੋਂ ਜਥੇਬੰਦੀਆ ਇਹ ਪ੍ਰੋਗਰਾਮ ਦੇਣ ਲੱਗੀਆਂ ਕਿ ਅਸੀਂ ਸਾਰੇ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾਵਾਂਗੇ, ਫਿਰ ਪ੍ਰਸਾਸਨ ਨੂੰ ਹੱਥਾ ਪੈਰਾ ਪੈ ਗਈ । ਉਹਨਾਂ ਖੱਜਲ਼ ਖੁਆਰੀ ਤੋਂ ਬਾਅਦ ੨੧ ਦਸੰਬਰ ਨੂੰ ਜਮਾਨਤ ਦਿਤੀ । ਜਦੋਂ ਵੀਰ ਰਿਹਾਅ ਹੋ ਕੇ ਜੇਹਲ਼ ਤੋਂ ਬਾਹਰ ਆਇਆ ਤਾਂ ਉਹਨਾਂ ਦੱਸਿਆ ਕਿ ਉਹ ਸਿਰਫ ਆਪਣੀ ਅਵਾਜ ਨੂੰ ਸਰਕਾਰ ਦੇ ਕੰਨਾ ਤੱਕ ਪਹੁੰਚਾਉਣਾ ਚਾਹੁੰਦਾ ਸੀ ਕਿਉਂਕਿ ਸਰਕਾਰ ਸੁਣ ਨਹੀਂ ਸੀ ਰਹੀ । ਗੁਰੀ ਨੇ ਆਪਣੀ ਦਸਤਾਰ ਉਤਰਨ ਬਾਰੇ ਦੱਸਿਆਂ ਕਿ ਜਦੋਂ ਉਹ ਸਕਿਉਰਟੀ ਲਈ ਲਗਾਇਆ ਉੱਚਾ ਜੰਗਲ਼ਾ ਟੱਪਣ ਲੱਗਿਆ ਉਸ ਟਾਈਮ ਹੀ ਉਸ ਦੀ ਦਸਤਾਰ ਉੱਤਰ ਗਈ ਸੀ । ਵੀਰ ਕਹਿਣ ਲੱਗਾ ਕਿ ਅਗਰ ਮੈਂ ਦਸਤਾਰ ਚੁੱਕਣ ਲੱਗ ਜਾਂਦਾ ਤਾਂ ਸਟੇਜ ਤੇ ਨਹੀਂ ਸੀ ਚੜ੍ਹ ਪਾਉਣਾ ਰਾਸਤੇ ਵਿੱਚ ਹੀ ਕਾਬੂ ਕਰ ਲੈਣਾ ਸੀ । ਉਹਨਾਂ ਦੱਸਿਆ ਕਿ ਉਸ ਕੋਲ਼ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਵਾਲ਼ੇ ਪਰਚੇ ਵੀ ਸਨ ਜੋ ਉਹਨਾਂ ਪੁਲਿਸ ਨੂੰ ਦਿਤੇ । ਇੰਝ ਪੰਜਾਬ ਦੇ ਲੋਕਾਂ ਦੀ ਇੱਕਮੁੱਠਤਾ ਨੇ ਇਸ ਭੁੱਖ ਹੜਤਾਲ਼ ਵਾਲ਼ੇ ਕਾਰਨ ਨੂੰ ਨੇਪਰੇ ਚੜਾਉਣ ਵਿੱਚ ਮੱਦਦ ਕੀਤੀ ।
ਜਿਹੜੇ ਛੇ ਸਿੰਘਾਂ ਦੀ ਭਾਈ ਗੁਰਬਖਸ਼ ਸਿੰਘ ਜੀ ਰਿਹਾਈ ਦੀ ਮੰਗ ਕਰ ਰਹੇ ਸਨ ਉਹਨਾਂ ਵਿੱਚ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸੇਰ ਸਿੰਘ ਸ਼ੇਰਾ, ਇੰਜੀ.ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ ਖਹਿਰਾ ਅਤੇ ਭਾਈ ਵਰਿਆਮ ਸਿੰਘ ਜਿਹਨਾਂ ਦੀ ਜੇਹਲ਼ ਵਿੱਚ ਹੀ ਅੱਖਾਂ ਦੀ ਰੌਸਨੀ ਤੱਕ ਚਲੇ ਗਈ ਹੈ ਅਤੇ ਬਹੁਤ ਬਿਰਧ ਅਵਸਥਾ ਵਿੱਚ ਹਨ । ਮੋਰਚੇ ਨੂੰ ਦੇਸ਼ ਵਿਦੇ ਤੋਂ ਅਥਾਹ ਸਹਿਯੋਗ ਮਿਲ਼ ਰਿਹਾ ਸੀ । ਮੰਨੇ ਪ੍ਰਮੰਨੇ ਕਲਾਕਾਰ ਗੁਰਦਾਸ ਮਾਨ ਤੱਕ ਇਸ ਮੋਰਚੇ ਦੀ ਹਮਾਇਤ ਤੇ ਜੁੜ ਗਏ ਸਨ । ਪੰਜ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ੨੩ ਦਸੰਬਰ ਨੂੰ ਹੰਗਾਮੀ ਮੀਟਿੰਗ ਸੱਦ ਲਈ । ਉਹਨਾਂ ਮੀਟਿੰਗ ਵਿੱਚ ਇੱਕ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਭਾਈ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ਼ ਛੱਡਣ ਦਸਲਾਹ ਦਿਤੀ ਗਈ ਸੀ । ਉਹਨਾਂ ਪੰਜਾ ਸਿੰਘਾਂ ਦੇ ਦਸਤਖਤ ਵਾਲੀ ਚਿੱਠੀ ੨੪ ਦਸੰਬਰ ਨੂੰ ਅੰਬ ਸਾਹਿਬ ਪਹੁੰਚਾਈ । ਇਸ ਤੇ ਬਾਈ ਗੁਰਬਖਸ਼ ਸਿੰਘ ਨੇ ਸਖਤ ਸਟੈਂਡ ਲੈਂਦਿਆਂ ਆਪਣੀ ਓਹੋ ਗੱਲ ਦੁਹਰਾਈ ਕਿ ਉਹ ਮੋਰਚਾ ਛੇ ਸਿੰਘਾਂ ਦੀ ਰਿਹਾਈ ਤੋਂ ਬਿਨਾ ਨਹੀਂ ਛੱਡਣਗੇ । ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇ ਜਥੇਦਾਰਾਂ ਨੂੰ ਮੇਰੀ ਜਾਨ ਏਨੀ ਹੀ ਪਿਆਰੀ ਹੈ ਤਾਂ ਉਹ ਏਸ ਧਰਨੀ ਵਾਲੀ ਜਗਰ ਆ ਕੇ ਮੇਰੇ ਨਾਲ਼ ਗੱਲ ਕਰਨ । ੨੫ ਤਰੀਕ ਦਿਨ ਚੜ੍ਹਨ ਤੋਂ ਪਹਿਲਾਂ ਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਅੰਬ ਸਾਹਿਬ ਪਹੁੰਚ ਗਏ । ਏਸੇ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਵੀ ਪਧਾਰੇ ਅਤੇ ਉਹਨਾਂ ਭਾਈ ਗੁਰਬਖਸ਼ ਸਿੰਘ ਨੂੰ ਭਰੋਸਾ ਦੇ ਕੇ ਭੁੱਖ ਹੜਤਾਲ਼ ਖਤਮ ਕਰਨ ਲਈ ਰਾਜੀ ਕਰ ਲਿਆ । ਏਸ ਫੈਸਲੇ ਤੋਂ ਪੰਜ ਮੈਂਬਰੀ ਕਮੇਟੀ ਜਿਹੜੀ ਮੋਰਚੇ ਦੇ ਕੰਮ ਕਾਜ ਦੇਖਣ ਲਈ ਬਣੀ ਸੀ ਨੇ ਆਪਣਾ ਹੱਥ ਪਿੱਛੇ ਖਿੱਚ ਲਿਆਂ ਅਤੇ ਆਪਣੇ ਬਿਆਨ ਨੂੰ ਲਿਖਤੀ ਰੂਪ ਵਿੱਚ ਸੋਸਲ ਸਾਈਟਾ ਤੇ ਵੀ ਪਾ ਦਿਤਾ ਕਿ ਇਹ ਫੈਸਲਾ ਭਾਈ ਗੁਰਬਖਸ਼ ਸਿੰਘ ਜੀ ਦਾ ਇਕੱਲਿਆਂ ਦਾ ਹੈ । ਭਾਈ ਗੁਰਬਖਸ਼ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ੨੭ ਤਰੀਕ ਤੱਕ ਚਾਰ ਸਿੰਘ ਪੈਰੋਲ (ਛੁੱਟੀ ) ਤੇ ਆਂ ਜਾਣਗੇ ਬਾਕੀ ਰਹਿੰਦੇ ਦੋ ਸਿੰਘ ਵੀ ਜਲਦੀ ਹੀ ਪੈਰੋਲ ਤੇ ਬਾਹਰ ਆਉਣਗੇ ਅਤੇ ਇਹਨਾਂ ਦੀ ਪੈਰੋਲ ਨੂੰ ਪੱਕੀ ਰਿਹਾਈ ਵਿੱਚ ਬਦਲਾਉਣ ਲਈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਉਹਨਾਂ ਨੂੰ ਭਰੋਸਾ ਦਿਤਾ ਹੈ । ਉਹਨਾਂ ਐਲਾਨ ਕੀਤਾ ਕਿ ਉਹ ੨੬ ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਜਾਣਗੇ ਅਤੇ ੨੭ ਦਸੰਬਰ ਨੂੰ ਪਹਿਲਾਂ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਉਹ ਆਪਣੀ ਭੁੱਖ ਹੜਤਾਲ਼ ਸਮਾਪਤ ਕਰਨਗੇ । ੨੬ ਤਰੀਕ ਤੱਕ ਦੋ ਸਿੰਘ ਇੰਜੀ.ਗੁਰਮੀਤ ਸਿੰਘ ਅਤੇ ਭਾਈ ਲਾਲ ਸਿੰਘ ੨੮ ਦਿਨਾਂ ਦੀ ਪੈਰੋਲ ਤੇ ਰਿਹਾਅ ਹੋ ਕੇ ਪਹੁੰਚ ਗਏ । ਦੋ ਸਿੰਘਾਂ ਦੇ ਕਾਗਜ਼ ਤਿਆਰ ਹੋਣੇ ਸ਼ੁਰੂ ਹੋ ਗਏ । ਭਾਈ ਸਾਹਿਬ ੨੬ ਦਸੰਬਰ ਦੀ ਸ਼ਾਮ ਨੂੰ ਦਰਬਾਰ ਸਾਹਿਬ ਪਹੁੰਚੇ ਅਤੇ ਉਹਨਾਂ ਓਥੇ ਐਲਾਨ ਕੀਤਾ ਜੇ ਬਾਕੀ ਦੇ ਦੋ ਸਿੰਘ ਕੱਲ ਤੱਕ ਪੈਰੋਲ ਤੇ ਰਿਹਾਅ ਨਾ ਹੋਏ ਤਾਂ ਉਹ ਆਪਣੀ ਭੁੱਖ ਹੜਤਾਲ਼ ਜਾਰੀ ਰੱਖਣਗੇ । ਏਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਉਹ ੨੬ ਤਰੀਕ ਨੂੰ ਅੰਬ ਸਾਹਿਬ ਤੋਂ ਨਿਕਲ਼ੇ ਤਾਂ ਸ੍ਰੋਮਣੀ ਕਮੇਟੀ ਦੇ ਲੱਠ ਮਾਰਾਂ ਨੇ ਮੋਰਚੇ ਨੂੰ ਪੱਟ ਕੇ ਰੜਾ ਮੈਦਾਨ ਬਣਾ ਦਿਤਾ ਸੀ ।
੨੭ ਤਰੀਕ ਦੀ ਸਵੇਰ ਲੁਧਿਆਣਾ ਦੀ ਪੁਲਿਸ ਸਰਗਰਮ ਹੋ ਗਈ ਭਾਈ ਲਖਵਿੰਦਰ ਸਿੰਘ ਲੱਖਾ ਦੀ ਪੈਰੋਲ ਦੇ ਕਾਗਜ ਪੂਰੇ ਕਰਵਾਉਣ ਲਈ । ਏਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੇ ਚਾਰ ਸਿੰਘ ਸਰਕਾਰ ਨੇ ਪੈਰੋਲ ਤੇ ਛੱਡੇ ਵੀ ਹਨ ਉਹਨਾਂ ਲਈ ਸਰਕਾਰ ਨੇ ਦੋ-ਦੋ ਲੱਖ ਰੁਪੈ ਦੇ ਬੌਡ ਭਰਵਾਏ ਹਨ । ਭਾਈ ਲਖਵਿੰਦਰ ਸਿੰਘ ਦੀ ਪੈਰੋਲ ਲਈ ਦਾਸ ਲੇਖਕ ਨੇ ਬੌਂਡ ਭਰਿਆ । ੨੭ ਤਰੀਕ ਨੂੰ ਤਕਰੀਬਨ ੧ ਵਜੇ ਸਾਰੇ ਕਾਗਜ ਪੂਰੇ ਹੋ ਚੁੱਕੇ ਸਨ ਪਰ ਚੰਡੀਗੜ ਤੋਂ ਰਿਹਾਈ ਲਈ ਜਰੂਰੀ ਫੈਕਸ ਆਉਣੀ ਰਹਿੰਦੀ ਸੀ । ਭਾਈ ਸਾਹਿਬ ਭੁੱਖ ਹੜਤਾਲ਼ ਖਤਮ ਕਰਨ ਵਿਚ ਰਾਜੀ ਨਹੀਂ ਸਨ ਕਿਉਂਕਿ ਉਹ ਚਹੁੰਦੇ ਸਨ ਕਿ ਘੱਟੋ ਘੱਟ ਚਾਰ ਸਿੰਘ ਤਾਂ ਬਾਹਰ ਆਉਣ । ਤਕਰੀਬਨ ਚਾਰ ਵਜੇ ਡੀ.ਸੀ ਦਫਤਰ ਫੈਕਸ ਆਈ, ਏਧਰ ਫੈਕਸ ਆਈ ਕਿ ਸਰਕਾਰ ਦੇ ਪਰਸਨਲ ਚੈਨਲ ਪੀਟੀਸੀ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਦੋ ਹੋਰ ਸਿੰਘਾਂ ਦੀ ਰਿਹਾਈ ਹੋ ਗਈ ਹੈ । ਆਖਰ ਭਾਈ ਸਾਹਿਬ ਨੇ ੨੭ ਦਸੰਬਰ ਤਕਰੀਬਨ ਪੰਜ ਵਜੇ ਜਥੇਦਾਰ ਸਾਹਿਬ ਦੇ ਹੱਥੋਂ ਜਸੂ ਪੀ ਕੇ ਆਪਣਾ ਵਚਨ ਪੂਰਾ ਕੀਤਾ । ਅਸੀਂ ਤਕਰੀਬਨ ਸੱਤ ਵਜੇ ਭਾਈ ਲਖਵਿੰਦਰ ਸਿੰਘ ਲੱਖਾ ਨੂੰ ਲੈਣ ਬੁੜੈਲ ਜੇਹਲ਼ ਤੋਂ ਲੈਣ ਪਹੁੰਚੇ , ਭਾਈ ਸਾਹਿਬ ਦਾ ਜਮਾਨਤੀਆ ਹੋਣ ਕਾਰਨ ਮੈਂਨੂੰ ਵੀ ਜਾਣਾ ਪਿਆ ਤਾਂ ਬੁੜੈਲ ਜੇਹਲ਼ ਦੇ ਸਾਹਮਣੇ ਕੈਮਰੇ ਚੁੱਕੀ ਪ੍ਰੈਸ ਵਾਲ਼ਿਆਂ ਦੀ ਅਥਾਹ ਭੀੜ ਸੀ । ਉਹ ਮਿੰਟ ਮਿੰਟ ਦੀ ਪ੍ਰਸ਼ਥਿਤੀ ਤੇ ਨਜ਼ਰ ਰੱਖ ਰਹੇ ਸਨ । ਜੇਹਲ਼ ਵਿੱਚੋਂ ਨਿਕਲ਼ਦੀ ਹਰ ਗੱਡੀ ਤੇ ਕੈਮਰੇ ਫੋਕਸ ਕਰਨ ਲੱਗ ਜਾਂਦੇ ਸਨ । ਜਦੋਂ ਭਾਈ ਲਖਵਿੰਦਰ ਸਿੰਘ ਦੀ ਕਾਰ ਜੇਹਲ਼ ਦੇ ਗੇਟ ਤੇ ਪਹੁੰਚੀ ਤਾਂ ਅਸੀਂ ਸਾਰਿਆਂ ਨੇ ਇੰਝ ਘੇਰ ਲਿਆ ਜਿਵੇਂ ਵਿਆਹੁਲੀ ਕੁੜੀ ਨੂੰ ਦੇਖਣ ਲਈ ਪਿੰਡ ਦੇ ਲੋਕੀ ਘੇਰਦੇ ਹਨ । ਭਾਈ ਸਾਹਿਬ ਨੂੰ ਮੈਂ ਪਹਿਲੀ ਵਾਰ ਮਿਲ਼ਿਆ ਸੀ । ਹਸੂੰ ਹਸੂੰ ਕਰਦਾ ਚਿਹਰਾ ਕਿਆਂ ਨੂਰ ਸੀ ਮੁਖੜੇ ਤੇ ਮਨ ਵਿੱਚ ਆਉਂਦਾ ਸੀ ‘ਏਦਾਂ ਦੇ ਸੋਹਣੇ ਸੁਨੱਖੇ ਨੌਜੁਆਨਾ ਨੂੰ ਡੱਕਿਆ ਹੋਇਆ ਏ ?’ । ਸਾਇਦ ਜੇਹਲ ਪ੍ਰਸਾਸਨ ਦੀਆਂ ਹਦਾਇਤਾ ਕਾਰਨ ਉਹਨਾਂ ਗੱਡੀ ਨੂੰ ਜੇਹਲ਼ ਦੇ ਗੇਟ ਤੇ ਜਿਆਦਾ ਦੇਰ ਨਹੀਂ ਰੋਕਿਆ ਅਤੇ ਉਹਨਾਂ ਅਵਾਜ ਲਗਾ ਦਿਤੀ ਕਿ ਅੰਬ ਸਾਹਿਬ ਪਹੁੰਚ ਜਾਉ ।
ਅਸੀਂ ਫਟਾਫਟ ਆਪਣੀਆਂ ਗੱਡੀਆਂ ਨੂੰ ਸਟਾਰਟ ਕੀਤਾ ਅਤੇ ਗੁਰਦੁਆਰਾ ਅੰਬ ਸਾਹਿਬ ਵੱਲ ਨੂੰ ਚਾਲੇ ਪਾਏ । ਭਾਈ ਸਾਹਿਬ ਦੀ ਗੱਡੀ ਨੂੰ ਦੋ ਦਰਿਆ ਵਾਗੂੰ ਆਪ ਮੁਹਾਰੇ ਪਹੁੰਚੇ ਨੌਜੁਆਨ ਮੋਟਰਸਾਈਕਲ ਤੇ ਪਾਇਲਟ ਕਰ ਰਹੇ ਸਨ । ਜੈਕਾਰੇ ਗੂੰਜ ਰਹੇ ਸਨ, ਮਨ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਸੀ ਸਾਰੇ ਬੜੀ ਸਾਨੋ ਸੌਕਤ ਨਾਲ਼ ਗੁਰਦੁਆਰਾ ਅੰਬ ਸਾਹਿਬ ਪਹੁੰਚੇ । ਇੱਕ ਕਾਰ ਭਾਈ ਲਖਵਿੰਦਰ ਸਿੰਘ ਦੀ ਦੂਸਰੀ ਕਾਰ ਭਾਈ ਸ਼ਮਸੇਰ ਸਿੰਘ ਸੇਰਾ ਦੀ । ਦੋਵੇਂ ਸਿੰਘ ਜਦੋਂ ਅੰਬ ਸਾਹਿਬ ਪਹੁੰਚੇ ਤਾਂ ਪ੍ਰੈਸ ਵਾਲ਼ੇ ਘੇਰ ਕੇ ਖੜ ਗਏ । ਇੰਗਲਿਸ਼ ਨਿਊਜ ਪੇਪਰਾਂ ਵਾਲ਼ੇ ਇੰਗਲਿਸ਼ ਵਿੱਚ ਸੁਆਲ ਕਰ ਰਹੇ ਸਨ ਭਾਈ ਸਾਹਿਬ ਬੜੀ ਦ੍ਰਿੜਤਾ ਨਾਲ ਜੁਆਬ ਦੇ ਰਹੇ ਸਨ । ਉਹਨਾਂ ਇੱਕ ਸੁਆਲ ਪੁਛਿਆ ਕਿ ਅੱਜ ਬੜੀ ਸਾਨੋ ਸੌਕਤ ਨਾਲ਼ ਬਾਹਰ ਆ ਰਹੇ ਹੋ ਜਦੋਂ ਜੇਹਲ਼ ਅੰਦਰ ਮੁਜਰਮਾਂ ਵਾਗੂੰ ਗਏ ਸੀ ਉਸ ਟਾਈਮ ਕਿਵੇਂ ਮਹਿਸੂਸ ਹੋ ਰਿਹਾ ਸੀ ? ਭਾਈ ਸਾਹਿਬ ਨੇ ਕਿਹਾ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਸੀ ਨਾਂ ਹੀ ਆਪਣੇ ਵਾਸਤੇ ਕੀਤਾ ਸੀ । ਇਸ ਕਰਕੇ ਉਸ ਟਾਈਮ ਵੀ ਸ਼ਾਨ ਨਾਲ਼ ਗਏ ਸੀ ਅੱਜ ਵੀ ਸਾਨ ਨਾਲ਼ ਹੀ ਵਾਪਸ ਆਏ ਹਾਂ । ਪੱਤਰਕਾਰਾ ਪੁੱਛਿਆ ਕਿ ਇੰਗਲਿਸ਼ ਕਿਥੋਂ ਸਿੱਖੀ ਭਾਈ ਸਾਹਿਬ ਕਹਿਣ ਲੱਗੇ ਕਿ ਜੇਹਲ਼ ਵਿੱਚ ਇੰਗਲਿਸ਼ ਅਖਬਾਰ ਪੜਦੇ ਸੀ ਉਸੇ ਨਾਲ਼ ਹੀ ਥੋੜੀ ਬਹੁਤ ਇੰਪਰੂਵ ਹੋ ਗਈ । ਇੰਝ ਚਾਰ ਸਿੰਘਾਂ ਦੀ ਪੈਰੋਲ ਨਾਲ਼ ਇਹ ਮੋਰਚਾ ਸਫਲ ਹੋਇਆ । ਹੁਣ ਦੇਖਦੇ ਹਾਂ ਕਿ ਵਾਅਦੇ ਮੁਤਾਬਕ ਇਹ ਪੈਰੋਲ ਪੱਕੀ ਰਿਹਾਈ ਵਿੱਚ ਬਦਲਦੀ ਹੈ ਜਾਂ ਨਹੀਂ, ਬਾਕੀ ਦੇ ਸਿੰਘ ਬਾਹਰ ਆਉਂਦੇ ਹਨ ਜਾਂ ਨਹੀਂ ਕਿਉਂਕਿ ਹੁਣ ਆਪਣੀ ਸਜਾ ਤੋਂ ਵੱਧ ਸਜਾ ਭੁਗਤ ਚੁੱਕੇ ਸਿੱਖਾਂ ਦੀ ਗਿਣਤੀ ੧੧੭ ਤੱਕ ਪੁੱਜ ਗਈ ਹੈ । ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ਼ ਨੇ ਭਾਰਤੀ ਲੋਕਤੰਤਰ ਦਾ ਘਿਨੌਣਾ ਚਿਹਰਾ ਦੁਨੀਆ ਸਾਹਮਣੇ ਇੱਕ ਵਾਰ ਫੇਰ ਨੰਗਾ ਕਰ ਦਿਤਾ ਹੈ । ਸਾਨੂੰ ਇਹ ਵੀ ਹੋਰ ਪੱਕਾ ਹੋ ਗਿਆ ਹੈ ਕਿ ਅਸੀਂ ਗੁਲਾਮ ਹਾਂ ।
ਭਾਈ ਗੁਰਬਖਸ਼ ਸਿੰਘ ਦੀ ਭਾਰਤੀ ਲੋਕਤੰਤਰ ਨੂੰ ਦਹਾੜ
This entry was posted in ਲੇਖ.