ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਬੀਤੇ ਕਲ੍ਹ ਵਾਪਰੀ ਮੰਗਭਾਗੀ ਘਟਨਾ ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆ ਮੰਗ ਕੀਤੀ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾ ਕੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਾਲਿਆ ਦੇ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ ਪ੍ਰਬੰਧਕਾਂ ਨੇ ਸਿਰਫ ਗਿਆਨੀ ਪ੍ਰਤਾਪ ਸਿੰਘ ਨੂੰ ਮੀਤ ਗਰੰਥੀ ਲਗਾਉਣ ਦਾ ਹੀ ਫੈਸਲਾ ਕੀਤਾ ਸੀ ਨਾ ਕਿ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਤੋ ਫਾਰਗ ਕਰਨ ਦਾ ਕੋਈ ਮਤਾ ਕੀਤਾ ਸੀ। ਉਹਨਾਂ ਕਿਹਾ ਕਿ ਇਹ ਫੈਸਲਾ ਸਿਰਫ ਕਮੇਟੀ ਦੇ ਆਹੁਦੇਦਾਰਾਂ ਨੇ ਹੀ ਤਖਤ ਸਾਹਿਬ ਦੀ ਜਰੂਰਤ ਨੂੰ ਮਹਿਸੂਸ ਕਰਦਿਆ ਕੀਤੀ ਅਤੇ ਅਜਿਹੇ ਫੈਸਲੇ ਲੈਣ ਦੇ ਅਖਤਿਆਰ ਕਮੇਟੀ ਹਨ ਜਦ ਕਿ ਉਹਨਾਂ ਦਾ ਇਸ ਫੈਸਲੇ ਵਿੱਚ ਕੋਈ ਵੀ ਰੋਲ ਨਹੀ ਹੈ। ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਤੋ ਹਟਾਇਆ ਨਹੀ ਗਿਆ ਸਗੋਂ ਮੀਤ ਹੈ¤ਡ ਗ੍ਰੰਥੀ ਦੀ ਨਵੀ ਨਿਯੁਕਤੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁਝ ਆਗੂਆ ਜਿਹਨਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵਿਸ਼ੇਸ਼ ਤੌਰ ਤੇ ਸ਼ਾਮਲ ਹੈ ਵੱਲੋ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦੰਗਾ ਕਰਾਉਣ ਦੇ ਪਿਛੇ ਸਰਨਾ ਭਰਾਵਾਂ ਤੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਮੀਤ ਪ੍ਰਧਾਨ ਸ੍ਰੀ ਭਜਨ ਸਿੰਘ ਵਾਲੀਆ ਦਾ ਹੱਥ ਹੈ। ਉਹਨਾਂ ਸਪੱਸ਼ਟ ਕਰਦਿਆ ਕਿਹਾ ਕਿ ਉਹਨਾਂ ਦੇ ਵੱਡੇ ਭਰਾਤਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਭਜਨ ਸਿੰਘ ਵਾਲੀਆ ਤਾਂ ਪਟਨਾ ਸਾਹਿਬ ਗਏ ਹੀ ਨਹੀ ਸਨ।ਉਹਨਾਂ ਕਿਹਾ ਕਿ ਉਹ ਵੀ ਇੱਕ ਦਿਨ ਪਹਿਲਾਂ ਪਟਨਾ ਸਾਹਿਬ ਪੁੱਜੇ ਸਨ ਤੇ ਰਾਤ ਦੇ ਦੀਵਾਨ ਵਿੱਚ ਸ਼ਮੂਲੀਅਤ ਵੀ ਕੀਤੀ ਸੀ। ਉਹਨਾਂ ਕਿਹਾ ਕਿ ਦੀਵਾਨ ਵਿੱਚ ਹਾਜਰੀਆ ਭਰਨ ਤੋ ਬਾਅਦ ਉਹ ਰਾਤ ਹੋਟਲ ਵਿੱਚ ਠਹਿਰੇ ਸਨ। ਉਹਨਾਂ ਦੱਸਿਆ ਕਿ ਅਗਲੀ ਸਵੇਰੇ ਜਦੋਂ ਉਹ ਤਖਤ ਸਾਹਿਬ ਵੱਲ ਜਾ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਤਖਤ ਸਾਹਿਬ ਤੇ ਕੋਈ ਦੰਗਾ ਹੋਇਆ ਹੈ ਜਿਸ ‘ਤੇ ਉਹਨਾਂ ਨੇ ਉਸ ਵੇਲੇ ਹੀ ਅਫਸੋਸ ਪ੍ਰਗਟ ਕੀਤਾ ਤੇ ਜਾਂਚ ਦੀ ਮੰਗ ਵੀ ਕੀਤੀ।ਉਹਨਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਜਿਹੜਾ ਦੋਸ਼ ਲਗਾ ਰਿਹਾ ਹੈ, ਉਸ ਨੂੰ ਉਹਨਾਂ ਦਾ ਖੁੱਲਾ ਚੈਲਿੰਜ ਹੈ ਕਿ ਉਹ ਕਿਸੇ ਵੀ ਟੀ.ਵੀ ਚੈਨਲ ਤੇ ਵਿਸ਼ੇਸ਼ ਕਰਕੇ ਪੀ.ਟੀ.ਸੀ ਬਨਾਮ ਪ੍ਰਕਾਸ਼ ਟੈਲੀਕਾਸਟ ਸੈਂਟਰ ਚੈਨਲ ‘ਤੇ ਵੀ ਉਹ ਸਿਰਸਾ ਜਾਂ ਉਸਦੇ ਹੋਰ ਸਾਥੀਆ ਨਾਲ ਦਿੱਲੀ ਕਮੇਟੀ ਦੇ ਖਾਤਿਆ ਤੇ ਪਟਨਾ ਸਾਹਿਬ ਦੀ ਘਟਨਾ ਬਾਰੇ ਖੁੱਲੀ ਬਹਿਸ ਕਰਨ ਲਈ ਤਿਆਰ ਹਨ ਅਤੇ ਦੋਹਾਂ ਧਿਰਾਂ ਦੇ ਵਿਚਾਰ ਸੁਣ ਕੇ ਸਿੱਖ ਸੰਗਤਾਂ ਦੀ ਕਚਿਹਰੀ ਵਿੱਚ ਫੈਸਲਾ ਹੋ ਜਾਵੇਗਾ ਕਿ ਸੱਚਾ ਕੌਣ ਤੇ ਝੂਠਾ ਕੌਣ ਹੈ। ਉਹਨਾਂ ਕਿਹਾ ਕਿ ਸਿਰਸੇ ਨੂੰ ਦੋਸ਼ ਲਾਉਣ ਤੋ ਪਹਿਲਾ ਆਪਣੇ ਤੇ ਆਪਣੇ ਪਰਿਵਾਰ ਵੱਲ ਵੇਖ ਲੈਣਾ ਚਾਹੀਦਾ ਹੈ ਕਿ ਉਹ ਸਿੱਖੀ ਦੀ ਮਰਿਆਦਾ, ਪਰੰਪਰਾਵਾਂ ਤੇ ਅਸੂਲਾਂ ਤੇ ਖਰੇ ਉਤਰਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਨੂੰ ਉਸ ਵੇਲੇ ਹੋਰ ਅਫਸੋਸ ਹੋਇਆ ਜਦੋਂ ਗਿਆਨੀ ਇਕਬਾਲ ਸਿੰਘ ਨੇ ਪੀ.ਟੀ.ਸੀ ਤੇ ਇਹ ਬਿਆਨ ਦਾਗ ਦਿੱਤਾ ਕਿ ਉਹਨਾਂ ਦੀ ਬੇਇੱਜ਼ਤੀ ਕਰਾਉਣ ਵਿੱਚ ਸਰਨਿਆ ਦਾ ਹੱਥ ਹੈ। ਉਹਨਾਂ ਕਿਹਾ ਕਿ ਇੱਕ ਤਖਤ ਦੇ ਜਥੇਦਾਰ ਦਾ ਇਹ ਫਰਜ ਬਣਦਾ ਹੈ ਕਿ ਉਹ ਕੋਈ ਵੀ ਬਿਆਨਬਾਜੀ ਕਰਨ ਤੋ ਪਹਿਲਾਂ ਮਾਮਲੇ ਦੀ ਘੋਖ ਕਰੇ ਤੇ ਫਿਰ ਕੋਈ ਲਫਜ ਆਪਣੇ ਮੁਖਾਰਬਿੰਦ ਤੋ ਬਾਹਰ ਕੱਢੇ ਕਿਉਕਿ ਉਹ ਕਿਸੇ ਇੱਕ ਧੜੇ ਜਾਂ ਇੱਕ ਪਾਰਟੀ ਦੀ ਨਹੀ ਸਗੋ ਸਿੱਖ ਕੌਮ ਦੀ ਨੁੰਮਾਇੰਦਗੀ ਕਰਦੇ ਹੁੰਦੇ ਹਨ ਅਤੇ ਹਰ ਬਿਆਨ ਲਈ ਕੌਮ ਨੂੰ ਜਵਾਬਦੇਹ ਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਇਸ ਦੀ ਜਾਂਚ ਲਈ ਇੱਕ ਪੰਜ ਸਾਬਕਾ ਸੀਨੀਅਰ ਪੁਲੀਸ ਅਧਿਕਾਰੀਆ ਜਾਂ ਪੰਜ ਸੀਨੀਅਰ ਵਕੀਲਾਂ ਜਾਂ ਫਿਰ ਪੰਜ ਸਾਬਕਾ ਜੱਜਾਂ ਦਾ ਇੱਕ ਪੈਨਲ ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਹ ਜਿਹਨਾਂ ਜਿਹਨਾਂ ਸੰਸਥਾਵਾਂ ਦੇ ਮੈਂਬਰ ਜਾਂ ਆਹੁਦੇਦਾਰ ਹਨ ਤੋ ਅਸਤੀਫਾ ਦੇ ਕੇ ਘਰ ਬੈਠ ਜਾਣਗੇ ਅਤੇ ਜੇਕਰ ਗਿਆਨੀ ਇਕਬਾਲ ਸਿੰਘ ਦੇ ਦੋਸ਼ ਗਲਤ ਸਾਬਿਤ ਹੁੰਦੇ ਹਨ ਤਾਂ ਗਿਆਨੀ ਇਕਬਾਲ ਸਿੰਘ ਨੂੰ ਆਪਣੇ ਆਹੁਦੇ ਤੋ ਅਸਤੀਫਾ ਦੇ ਕੇ ਘਰ ਬੈਠ ਜਾਣਾ ਪਵੇਗਾ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦਾ ਉਹ ਅੱਜ ਵੀ ਸਤਿਕਾਰ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।