07 ਜਨਵਰੀ 2014
ਸਤਿਕਾਰਯੋਗ ਸ. ਪ੍ਰਕਾਸ਼ ਸਿੰਘ ਬਾਦਲ ਜੀਓ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਜਦੋਂ ਸ. ਹਰਦਿਆਲ ਸਿੰਘ ਮਾਨ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਦੇ ਆਹੁਦੇ ਤੇ ਤਾਇਨਾਤ ਸਨ, ਤਾਂ ਉਨ੍ਹਾਂ ਨੇ ਡਰੱਗ ਮਾਫੀਏ ਦੇ ਵੱਡੇ ਗੈਰ ਕਾਨੂੰਨੀਂ ਕਾਰੋਬਾਰ ਕਰਨ ਵਾਲਿਆਂ ਅਪਰਾਧੀਆਂ ਨੂੰ ਸਾਹਮਣੇ ਲਿਆਂਦਾ ਸੀ ਤੇ ਉਸ ਸਮੇਂ ਸ. ਸੁਖਬੀਰ ਸਿੰਘ ਬਾਦਲ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਡੇਰੇ ਹੰਸਾਲੀ ਵਿਖੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚੇ ਸਨ। ਬਾਹਰੀ ਤੌਰ ਤੇ ਵੇਖਣ ਨੂੰ ਤਾਂ ਸ. ਸੁਖਬੀਰ ਸਿੰਘ ਬਾਦਲ ਦੀ ਇ ਫੇਰੀ ਧਾਰਮਿਕ ਜਾਪਦੀ ਸੀ ਪਰ ਅਸਲੀਅਤ ਵਿਚ ਉਸ ‘‘ਡਰੱਗ ਮਾਫੀਏ‘‘ ਦੀਆਂ ਪੜ੍ਹਤਾਂ ਖੁਲੱਣ ਦੇ ਡਰ ਤੋਂ ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ ਨੂੰ ਇਸ ਡਰੱਗ ਮਾਫੀਏ ਵਿਰੁੱਧ ਅਗਲੀ ਕਾਨੂੰਨੀਂ ਕਾਰਵਾਈ ਕਰਨ ਤੋਂ ਰੋਕਣ ਦੀ ਅਸਫਲ ਕੋਸ਼ਿਸ਼ ਸੀ। ਇਸ ਡਰੱਗ ਮਾਫੀਏ ਨਾਲ ਜੋ ਤਾਰਾਂ ਆਪ ਜੀ ਦੇ ਬਾਦਲ ਪਰਿਵਾਰ ਅਤੇ ਆਪ ਜੀ ਦੀ ਕੈਰਿਨਟ ਦੇ ਵਜੀਰਾਂ ਨਾਲ ਜੁੜੀਆਂ ਹੋਈਆਂ ਸਨ, ਉਨ੍ਹਾਂ ਅਮਲਾਂ ਨੂੰ ਰੋਕਣ ਦੀ ਸੋਚ ਅਧੀਨ ਹੀ ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਵੱਡੇ ਪਟਿਆਲੇ ਜਿਲੇ ਦੀ ਜਿੰਮੇਵਾਰੀ ਸੌਂਪ ਦਿੱਤੀ ਸੀ। ਤਾਂ ਕਿ ਪੰਜਾਬ ਦੇ ਵਜੀਰਾਂ ਅਤੇ ਸਿਆਸੀ ਆਗੂਆਂ ਦੇ ਨਾਮ ਸਾਹਮਣੇ ਨਾਂ ਆ ਸਕਣ। ਉਸ ਸਮੇਂ ਅਸੀਂ 12 ਅਕਤੂਬਰ 2013 ਨੂੰ ਸ. ਸੁਖਬੀਰ ਸਿੰਘ ਬਾਦਲ , ਉਪ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਸੀ ਕਿ ਇਸ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਂਦੇ ਹੋਏ ਸਜਾਵਾਂ ਦਿਵਾਈਆਂ ਜਾਣ। ਆਪ ਜੀ ਦਾ ਵੀ ਬਿਆਨ ਆਇਆ ਸੀ ਕਿ ਨਸ਼ੀਲੇ ਪਦਾਰਥ ਪੰਜਾਬ ਦੀਆਂ ਸਰਹੱਦਾਂ ਰਾਹੀਂ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆ ਰਹੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਕਾਨੂੰਨੀਂ ਵਿਵਸਥਾ ਵਿਚ ਆਈਆਂ ਕਮਜ਼ੋਰੀਆਂ ਦੂਰ ਹੋਣ ਅਤੇ ਇਸ ਆ ਰਹੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੀ ਨਿਰਪੱਖਤਾ ਨਾਲ ਛਾਣਬੀਣ ਹੋਵੇ। ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਨਾਂ ਤਾਂ ਆਪ ਜੀ ਨੇ ਅਤੇ ਨਾਂ ਹੀ ਸਰਕਾਰ ਨੇ ਇਹ ਜਿੰਮੇਵਾਰੀ ਨਿਭਾਈ । ਜਿਹੜੇ ਬੀ.ਐਸ.ਐਫ ਅਤੇ ਫੌਜ ਦੇ ਕਮਾਂਡਰ ਹਨਅਤੇ ਸੰਬੰਧਤ ਸਰਹੱਦੀ ਜਿਲਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜਪੁਰ, ਫਾਜ਼ਿਲਕਾ ਜਿਨ੍ਹਾਂ ਜਿਲ੍ਹਿਆਂ ਦੀਆਂ ਸਰਹੱਦਾਂ ਰਾਹੀਂ ਇਹ ਨਸ਼ੀਲੇ ਪਦਾਰਥ ਬਾਹਰੋਂ ਪੰਜਾਬ ਵਿਚ ਆ ਰਹੇ ਹਨ ਉੂਨ੍ਹਾਂ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਆਪਣੀਆਂ ਇਨ੍ਹਾਂ
ਜਿੰਮੇਵਾਰੀਆਂ ਨੂੰ ਪੂਰੀਆਂ ਕਿਊਂ ਨਹੀਂ ਕਰਦੇ? ਇਨ੍ਹਾਂ ਬੀ.ਐਸ.ਐਫ , ਫੌਜ , ਪੁਲਿਸ ਅਤੇ ਸਿਵਲ ਅਫਸਰਾਂ ਦੀ ਕੀ (Accountability)ਹੈ? ਇਸ ਦਾ ਮਤਲਬ ਸਾਫ ਹੈ ਕਿ ਸੈਂਟਰ ਸਰਕਾਰ, ਆਪ ਜੀ, ਪੰਜਾਬ ਸਰਕਾਰ ਅਤੇ ਸੰਬੰਧਤ ਸਰਹੱਦੀ ਜਿਲਿਆਂ ਦੇ ਅਫਸਰ ਅਤੇ ਆਪ ਜੀ ਦੇ ਸਿਆਸਤਦਾਨ ਘਿਓ-ਖਿਚੜੀ ਹਨ ਅਤੇ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਹੀ ਸਿਰਫ ਆਪ ਜੀ ਵੱਲੋਂ ਬਿਆਨਬਾਜੀ ਕੀਤੀ ਜਾ ਰਹੀ ਹੈ।
ਦੁੱਖ ਅਤੇ ਅਫਸੋਸ ਹੈ ਕਿ ਆਪ ਜੀ ਨੇ ਇਸ ਵੱਡੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਕਰਨ ਵਾਲੇ ਰੈਕੇਟ ਨੂੰ ਸਾਹਮਣੇ ਲਿਆਉਣ ਦੀ ਬਜਾਏ ਉਸ ਫਾਈਲ ਨੂੰ ਬੰਦ ਹੀ ਕਰਵਾ ਦਿੱਤਾ ਸੀ। ਉਸ ਉਪਰੰਤ ਵੀ ਡਰੱਗ ਮਾਫੀਏ ਦੀਆਂ ਗੈਰਕਾਨੂੰਨੀਂ ਕਾਰਵਾਈਆਂ ਹੈਰੋਇਨ, ਸਮੈਕ , ਅਫੀਮ ਆਦਿ ਨਸ਼ੀਲੇ ਪਦਾਰਥਾਂ ਦੀਆਂ ਵੱਡੀਆਂ ਖੇਪਾਂ ਹਰ ਦੂਸਰੇ ਤੀਸਰੇ ਦਿਨ ਫੜੀਆਂ ਜਾਂਦੀਆਂ ਆ ਰਹੀਆਂ ਹਨ। ਇਹ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਿਰੰਤਰ ਇਸ ਕਰਕੇ ਚੱਲ ਰਹੇ ਹਨ ਕਿਊਂਕਿ ਇਨ੍ਹਾਂ ਸਮੱਗਲਰਾਂ ਨੂੰ ਵਜੀਰਾਂ ਅਤੇ ਵੱਡੇ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਿਲ ਹੈ। ਅੱਜ ਜਦੋਂ ਡਰੱਗ ਮਾਫੀਏ ਦੇ ਸਰਗਣੇ ਜਗਦੀਸ਼ ਭੋਲਾ ਡੀ.ਐਸ.ਪੀ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ਦਾ ਨਾਮ ਇਸ ਕਾਰੋਬਾਰ ਵਿਚ ਜਨਤਕ ਤੌਰ ਤੇ ਐਲਾਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਪੰਜਾਬ ਦੇ ਦੋ-ਤਿੰਨ ਵਜੀਰ ਵੀ ਸਾਡੇ ਇਸ ਗੈਰਕਾਨੂੰਨੀਂ ਕਾਰੋਬਾਰ ਵਿਚ ਸ਼ਾਮਿਲ ਹਨ ਅਤੇ ਉਨ੍ਹਾਂ ਵਜੀਰਾਂ ਦੇ ਫੋਨ ਆਉਣ ਉਤੇ ਹੀ ਪੁਲਿਸ ਵੱਲੋਂ ਸਾਡੇ ਪੁਲਿਸ ਰਿਮਾਂਡ ਨਹੀਂ ਮੰਗੇ ਜਾਂਦੇ ਤਾਂ ਇਸ ਅਮਲ ਨਾਲ ‘‘ਬਿੱਲੀ ਪੂਰਨ ਰੂਪ ਵਿਚ ਥੈਲਿਓਂ ਬਾਹਰ ਆ ਚੁੱਕੀ ਹੈ।‘‘ ਫਿਰ ਪੰਜਾਬ ਦੀਆਂ ਜੇਲ੍ਹਾਂ ਦੇ ਰਹਿ ਚੁੱਕੇ ਡੀ.ਜੀ.ਪੀ ਸ਼੍ਰੀ ਸ਼ਸ਼ੀ ਕਾਂਤ ਆਈ.ਪੀ.ਐਸ ਨੇ ਆਪਣੇ ਆਹੁਦੇ ਤੇ ਤਾਇਨਾਤ ਹੁੰਦੇ ਹੋਏ ਆਪ ਜੀ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਕਈ ਵਜੀਰ ਅਤੇ ਸਿਆਸਤਦਾਨ ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀਂ ਕਾਰੋਬਾਰ ਵਿਚ ਮਸ਼ਰੂਫ ਹਨ , ਉਨ੍ਹਾਂ ਵਿਰੁੱਧ ਫੌਰੀ ਕਾਨੂੰਨੀਂ ਕਾਰਵਾਈ ਕਰਨ ਦੀ ਸਿਫਾਰਿਸ਼ ਕਰਦੇ ਹੋਏ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵਗਦੇ ਜਾ ਰਹੇ ਸਮਾਜ ਵਿਰੋਧੀ
ਨਸ਼ਿਆਂ ਦੇ ਦਰਿਆ ਨੂੰ ਸਮਾਪਤ ਰਕਨ ਦੀ ਅਪੀਲ ਕੀਤੀ ਸੀ। ਲੇਕਿਨ ਆਪ ਜੀ ਨੇ ਉਨ੍ਹਾਂ ਦੇ ਵੱਲੋਂ ਤੱਥਾਂ ਸਹਿਤ ਦਿੱਤੇ ਗਏ ਵੇਰਵੇ ਉਪਰੰਤ ਵੀ ਇਸ ਦਿਸ਼ਾ ਵੱਲ ਕੋਈ ਜਿੰਮੇਵਾਰਾਨਾ ਅਮਲ ਇਸ ਕਰਕੇ ਨਹੀਂ ਕੀਤਾ ਕਿਊਂਕਿ ਬਾਦਲ ਪਰਿਵਾਰ ਅਤੇ ਪੰਜਾਬ ਦੀ ਵਜਾਰਤ ਵਿਚ ਸ਼ਾਮਿਲ ਵਜੀਰ ਕਾਨੂੰਨ ਦੀ ਜਕੜ ਵਿਚ ਆਉਂਦੇ ਸਨ। ਫਿਰ ਹੁਣ ਦੋਸ਼ ਕਿਸ ਨੂੰ ਦਿੱਤਾ ਜਾਵੇ?
ਇਸੇ ਤਰਾਂ ਸ. ਨਿਰਮਲ ਸਿੰਘ ਕਾਹਲੋਂ ਸਪੀਕਰ ਪੰਜਾਬ ਵੱਲੋਂ ਵੀ ਪੰਜਾਬ ਦੀਆਂ ਪੰਚਾਇਤਾਂ ਲਈ ਮਸੀਨਰੀ ਦੀ ਖਰੀਦੋ ਫਰੋਖਤ ਕਰਦੇ ਸਮੇਂ ਵੱਡੀ ਘਪਲੇਬਾਜ਼ੀ ਹੋਣ ਦੇ ਅਮਲ ਵੀ ਸਾਹਮਣੇ ਆਏ ਹਨ। ਆਪਣੇ ਂਿੲਲਾਕੇ ਅਤੇ ਹੋਰ ਕਈ ਸਥਾਨਾਂ ਉੱਤੇ ਸ਼੍ਰੀ ਕਾਹਲੋਂ ਵੱਲੋਂ ਸਰਕਾਰੀ ਜਾਂ ਪੰਚਾਇਤੀ ਜਮੀਨਾਂ ਉੱਤੇ ਕਬਜ਼ੇ ਕਰਕੇ ਉਥੇ ਆਪਣੇ ਸਕੂਲ ਖੋਲ੍ਹਣ ਅਤੇ ਹੋਰ ਸੰਸਥਾਵਾਂ ਬਣਾਉਣ ਦੇ ਅਮਲ ਸਾਹਮਣੈ ਆਏ ਸਨ। ਅਸੀਂ ਡਰੱਗ ਮਾਫੀਏ ਅਤੇ ਜਮੀਨਾਂ ਦੀ ਗੈਰਕਾਨੂੰਨੀਂ ਢੰਗਾਂ ਰਾਹੀਂ ਕਬਜ਼ੇ ਕਰਨ ਵਾਲੇ ਜ਼ਮੀਨ ਮਾਫੀਏ ਵਿਰੁੱਧ ਫੌਰੀ ਕਾਰਵਾਈ ਕਰਨ ਦੀਆਂ ਬੇਨਤੀਆਂ ਕੀਤੀਆਂ ਸਨ। ਪਰ ਆਪ ਜੀ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਅਪਰਾਧੀਆਂ ਵਿਰੁੱਧ ਕਾਰਵਾਈ ਨਾਂ ਕਰਕੇ ਅਤੇ ਸਾਡੇ ਅਤਿ ਸੰਰੀਦਾ ਪੱਤਰਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਗੈਰਜਿੰਮੇਵਾਰਾਨਾਂ ਅਮਲ ਇਸ ਲਈ ਕੀਤੇ ਤਾਂ ਕਿ ਇ੍ਹਨਾਂ ਮਾਫੀਏ ਵੱਲੋਂ ਕੀਤੇ ਜਾਣ ਵਾਲੇ ਗੈਰਕਾਨੂੰਨੀਂ ਕੰਮਾਂ ਦੀ ਉਂਗਲ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਵਜੀਰਾਂ ਦੇ ਉੱਤੇ ਨਾਂ ਆ ਜਾਵੇ। ਬੀਤੇ ਸਮੇਂ ਵਿਚ ਜਦੋਂ ਐਨ.ਆਰ.ਆਈ ਸੰਮੇਲਨ ਬੁਲਾਇਆ ਗਿਆ ਸੀ ਤਾਂ ਉਸ ਸਮੇਂ ਆਪ ਜੀ ਦੇ ਕੈਬਿਨਟ ਵਜੀਰ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਦੇ ਅਧਿਕਾਰਾਂ ਨੂੰ ਚੁਨੌਤੀ ਦਿੰਦੇ ਹੋਏ ਬਿਆਨਬਾਜ਼ੀ ਕੀਤੀ ਗਈ ਸੀ ਤਾਂ ਆਪ ਜੀ ਦਾ ਕਹਿਣਾ ਸੀ ਕਿ ਇਨ੍ਹਾਂ ਨੇ ਮੇਰੀ ਦਾੜ੍ਹੀ ਨੂੰ ਹੱਥ ਪਾ ਲਿਆ ਹੈ, ਉਹ ਬਿਲਕੁਲ ਸਹੀ ਸੀ। ਜੋ ਅੱਜ ਡਰੱਗ ਮਾਫੀਏ ਦੇ ਸਰਗਣੇ ਨੇ ਸੱਚਾਈ ਬਿਆਨੀ ਹੈ, ਉਸ ਤੋਂ ਰੇਤਾ-ਬਜਰੀ, ਕੇਬਲ ਨੈਟਵਰਕ, ਟੀ.ਵੀ ਚੈਨਲਾਂ ਅਤੇ ਨਸ਼ੀਲੇ ਪਦਾਰਥਾਂ ਦੀ ਪੰਜਾਬ ਵਿਚ ਹੋ ਰਹੀ ਖਰੀਦੋ ਫਰੋਖਤ ਵਿਚ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਇਕੱਤਰ ਕੀਤੇ ਜਾ ਰਹੇ ਧੰਨ-ਦੌਲਤਾਂ ਦੇ ਭੰਡਾਰ ਆਪ ਜੀ ਅਤੇ ਪੰਜਾਬ ਦੇ ਵਜੀਰਾਂ ਵੱਲੋਂ ਕੀਤੇ ਜਾਣ ਵਾਲੇ ਅਮਲਾਂ ਨੇ ਸੱਚ ਨੂੰ ਪ੍ਰਤੱਖ ਕਰ ਦਿੱਤਾ ਹੈ।
ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਗੱਲ ਹੈ ਕਿ ਜਦੋਂ ਸ. ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਇ੍ਹਨਾਂ ਵੱਡੇ ਵੱਡੇ ਰੈਕੇਟਾਂ, ਗੋਰਖ ਧੰਦਿਆਂ ਵਿਚ ਨਾਮ ਪ੍ਰਤੱਖ ਹੋ ਰਿਹਾ ਹੈ ਤੇ ਪੰਜਾਬ ਦੀ ਜਨਤਾ , ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਹਰ ਇਨਸਾਫ ਪਸੰਦ ਇਨਸਾਨ ਵੱਲੋਂ ਇਹ ਮੰਗ ਉਠ ਰਹੀ ਹੈ ਕਿ ਡਰੱਗ ਮਾਫੀਏ ਦੇ ਗੈਰਕਾਨੂੰਨੀਂ ਕਾਰੋਬਾਰ ਵਿਚ ਸ.ਬਿਕਰਮ ਸਿੰਘ ਮਜੀਠੀਆ, ਵੀਰ ਸਿੰਘ ਲੋਪੋਂਕੇ, ਡਾ: ਰਤਨ ਸਿੰਘ ਅਜਨਾਲਾ,ਬੋਨੀ ਐਮ.ਐਲ.ਏ, ਚਾਹਲ , ਬਿੱਟੂ ਔਲਖ ਅਤੇ ਪੰਜਾਬ ਦੇ ਤਿੰਨ ਵਜੀਰਾਂ ਦੇ ਨਾਮ ਸਾਹਮਣੇ ਆਉਣ ਤੇ ਇਸ ਦੀ ਸੀ.ਬੀ.ਆਈ ਤੋਂ ਜਾਂਚ ਕਰਾਉਣ ਦੀ ਜੋਰਦਾਰ ਮੰਗ ਉਠ ਰਹੀ ਹੈ ਤਾਂ ਆਪ ਜੀ ਅਤੇ ਆਪ ਜੀ ਦੀ ਬਾਦਲ ਬੀ.ਜੇ.ਪੀ ਸਰਕਾਰ ਇਹ ਜਾਂਚ ਸੀ.ਬੀ.ਆਈ ਤੋਂ ਕਰਾਉਣ ਤੋਂ ਮੁਨਕਰ ਹੁੰਦੇ ਆ ਰਹੇ ਹਨ। ਜਿਸ ਨਾਲ ਪੰਜਾਬ ਨਿਵਾਸੀਆਂ ਦੇ ਮਨ ਵਿਚ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਦੇ ਇਨ੍ਹਾਂ ਰੈਕੇਟਾਂ ਵਿਚ ਸ਼ਮੂਲੀਅਤ ਹੋਣ ਅਤੇ ਪੁਸ਼ਤ ਪਨਾਹੀ ਕਰਨ ਦੀ ਗੱਲ ਪ੍ਰਤੱਖ ਹੁੰਦੀ ਜਾ ਰਹੀ ਹੈ।
ਅਸੀਂ ਆਪ ਜੀ ਨੂੰ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਜੋ ਐਨ.ਆਰ.ਆਈ ਸੰਮੇਲਨ ਕਰਵਾਏ ਜਾ ਰਹੇ ਹਨ ਅਤੇ ਕਬੱਡੀ ਦੀਆਂ ਕਬੱਡੀ ਕਲੱਬ ਵੱਲੋਂ ਪੰਜਾਬ ਵਿਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਇਹ ਪੰਜਾਬ ਵਿਚ ਵੱਡੇ ਕਾਰੋਬਾਰਾਂ ਅਤੇ ਕਬੱਡੀ ਦੀ ਖੇਡ ਨੂੰ ਪ੍ਰਫੁਲਿੱਤ ਕਰਨ ਦੇ ਬਹਾਨੇ ਅਸਲੀਅਤ ਵਿਚ ਨਸ਼ੀਲੇ ਪਦਾਰਥਾਂ ਦੇ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਕਾਰੋਬਾਰ ਕਰਨ ਵਾਲੇ ਸਮਗਲਰਾਂ ਨੂੰ ਆਪਸ ਵਿਚ ਮਿਲਣ ਅਤੇ ਆਪਣੇ ਇਸ ਗੈਰਕਾਨੂੰਨੀਂ ਧੰਦੇ ਕਰਨ ਦੇ ਢੰਗਾਂ ਉਤੇ ਵਿਚਾਰ ਕਰਨ ਲਈ ਪਲੇਟਫਾਰਮ ਦਿੱਤਾ ਜਾਂਦਾ ਹੈ। ਜਿਸ ਕਾਰੋਬਾਰ ਵਿਚ ਬਾਦਲ ਪਰਿਵਾਰ ਅਤੇ ਵੱਡੇ ਸਿਆਸਤਦਾਨਾਂ ਦੇ ਹਿੱਸੇ ਤੈਅ ਕੀਤੇ ਜਾਂਦੇ ਹਨ। ਇਥੇ ਇਹ ਵੀ ਵਰਣਨ ਕਰਨਾਂ ਜਰੂਰੀ ਹੈ ਕਿ ਜਿਸ ਸ਼੍ਰੀ ਸੁਮੇਧ ਸੈਣੀ ਵਰਗੇ ਪੁਲਿਸ ਅਫਸਰਾਂ ਨੇ ਸਿੱਖ ਕੌਮ ਦੀ ਨੌਜਵਾਨੀਂ ਦਾ ਝੂਠੇ ਪੁਲਿਸ ਮਕਾਬਲਿਆਂ ਰਾਹੀਂ ਵੱਡੀ ਗਿਣਤੀ ਵਿਚ ਕਤਲੇਆਮ ਕੀਤਾ ਹੈ ਅਤੇ ਜਿਸ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਵਿਰੁੱਧ ਐਫੀਡੈਵਿਟ ਦੇ ਕੇ ਉਸ ਨਿਰਦੋਸ਼ ਸਿੱਖ ਨੌਜਵਾਨ ਨੂੰ ਫਾਂਸੀ ਦੇ ਹੁਕਮ ਸੁਨਾਉਣ ਵਿਚ ਸਰਕਾਰੀ ਦਬਾਅ ਅਧੀਨ ਸਹਿਯੋਗ ਕੀਤਾ ਹੈਅਤੇ ਜਿਸ ਉੱਤੇ ਦਿੱਲੀ ਦੀ ਸੀ.ਬੀ.ਆਈ ਦੀ ਅਦਾਲਤ ਵਿਚ ਬਤੌਰ ਕਤਲ ਦੇ ਮੁਜਰਿਮ ਦਾ ਕੇਸ ਚੱਲ ਰਿਹਾ ਹੈ । ਉਨ੍ਹਾਂ ਨੂੰ ਕਾਨੂੰਨੀਂ ਸ਼ਿਕੰਜੇ ਵਿਚ ਨਾਂ ਆਉਣ ਦੇਣ ਦੀ ਸੋਚ ਅਧੀਨ ਤਰੱਕੀਆਂ ਦੇ ਕੇ ਡੀ.ਜੀ.ਪੀ ਪੰਜਾਬ ਬਣਾ ਕੇ ਫਿਰ ਅਜਿਹੇ ਗੈਰਕਾਨੂੰਨੀਂ ਧੰਦਿਆਂ ਵਿਚ ਉਨ੍ਹਾਂ ਦੀ ਦੁਰਵਰਤੋਂ ਹੋਣ ਦੇ ਅਮਲ ਨਿਰੰਤਰ ਜਾਰੀ ਹਨ। ਫਿਰ ਅਜਿਹੇ ਅਫਸਰਾਂ ਰਾਹੀਂ ਪੁਲਿਸ ਦੀ ਤਾਕਤ ਦੀ ਦੁਰਵਰਤੋਂ ਕਰਕੇ ਆਪ ਜੀ ਨੇ ਆਪਣੇ ਉੱਤੇ ਚੱਲੇ ਰਿਸ਼ਵਤਖੋਰੀ ਦੇ ਕੇਸਾਂ ਦੇ ਸਮੁੱਚੇ ਗਵਾਹ ਮੁਕਰਾ ਦਿੱਤੇ ਹਨ। ਇਸੇ ਤਰਾਂ ਸ. ਨਿਰਮਲ ਸਿੰਘ ਕਾਹਲੋਂ ਵੱਲੋਂ ਕੀਤੇ ਗਏ ਘਪਲਿਆਂ ਦੇ ਗਵਾਹ ਵੀ ਤਾਕਤ ਦੀ ਦੁਰਵਰਤੋਂ ਕਰਕੇ ਮੁਕਰਾ ਦਿੱਤੇ ਹਨ। ਹੁਣ ਆਪ ਜੀ ਨੇ ਪੰਜਾਬ ਦੀ ਕਾਂਗਰਸ ਪਾਰਟੀ ਵਿਚ ਦੋਫਾੜ ਕਰਵਾ ਦਿੱਤਾ ਹੈੇ । ਇਸ ਦੋਫਾੜ ਕਰਵਾਉਣ ਵਿਚ ਆਪ ਜੀ ਨੇ ਕੈਪਟਨ ਅਮਰਿੰਦਰ ਸਿੰਘ ਜਿਸ ਵਿਰੁੱਧ ਮੋਹਾਲੀ ਦੇ ਅਦਾਲਤ ਵਿਚ ਰਿਸ਼ਵਤਖੋਰੀ ਦੇ ਕੇਸ ਚਲਦੇ ਹਨ, ਉਨ੍ਹਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਆਪ ਜੀ ਦੇ ਗਵਾਹ ਵੀ ਮੁਕਰਾ ਦਿੱਤੇ ਜਾਣਗੇ । ਇਸ ਲਈ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਵਤਖੋਰੀ ਦੇ ਕੇਸ ਦੀ ਜਾਂਚ ਵੀ ਸੀ.ਬੀ.ਆਈ ਦੇ ਹਵਾਲੇ ਕਰਨ ਦੀ ਆਪ ਜੀ ਨੂੰ ਗੁਜਾਰਿਸ਼ ਕਰਦੇ ਹਾਂ। ਇਸੇ ਤਰਾਂ ਪਹਿਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਉਸ ਸਮੇਂ ਕਾਂਗਰਸ ਨੂੰ ਦੋਫਾੜ ਕਰਨ ਲਈ ਆਪ ਜੀ ਨੇ ਬੀਬੀ ਰਜਿੰਦਰ ਕੌਰ ਭੱਠਲ ਦੇ ਕੇਸਾਂ ਵਿਚ ਰਾਹਤ ਦੇ ਕੇ ਉਨ੍ਹਾਂ ਦੀ ਆਪਣੇ ਸੁਆਰਥਾਂ ਦੀ ਪੂਰਤੀ ਲਈ ਦੁਰਵਰਤੋਂ ਕੀਤੀ ਸੀ। ਅਜਿਹੀਆਂ ਕਾਰਵਾਈਆਂ ਦੀ ਬਦੌਲਤ ‘‘ਕਾਨੂੰਨ ਦੇ ਰਾਜ‘‘ (ਞਚ;ਕ ਰ ਿ:ਮ) ਨੂੰ ਅਮਲੀ ਰੂਪ ਵਿਚ ਲਾਗੂ ਕਰਨ ਅਤੇ ਉਸ ਦੇ ਮੁਤਾਬਿਕ ਕਾਨੂੰਨੀਂ ਕਾਰਵਾਈ ਹੋਣ ਵਿਚ ਆਪ ਜੀ ਅਤੇ ਆਪ ਜੀ ਦੀ ਸਰਕਾਰ ਵੱਡੀ ਰੁਕਾਵਟ ਬਣ ਚੁੱਕੀ ਹੈ। ਇਹ ਸਾਰਾ ਗੈਰਕਾਨੂੰਨੀਂ ਵਰਤਾਰਾ ਆਪ ਜੀ ਦੀ ਬਾਦਲ ਬੀ.ਜੇ.ਪੀ ਦੀ ਹਕੂਮਤ ਵਿਚ ਇਸ ਕਰਕੇ ਹੋ ਰਿਹਾ ਹੈ ਕਿਊਂਕਿ ਆਪ ਜੀ ਅਤੇ ਆਪ ਜੀ ਦੇ ਵਜੀਰਾਂ ਦੇ ਨਾਲ ਨਾਲ ਬੀ.ਜੇ.ਪੀ ਦੇ ਰਿਸ਼ਵਤਖੋਰ ਆਗੂ ਵੀ ਨਸ਼ੀਲੇ ਪਦਾਰਥਾਂ ਅਤੇ ਹੋਰ ਗੈਰਕਾਨੂੰਨੀਂ ਕਾਰੋਬਾਰ ਵਿਚ ਸ਼ਾਮਿਲ ਹਨ। ਜੇਕਰ ਇੰਝ ਕਹਿ ਲਿਆ ਜਾਵੇ ਕਿ ‘‘ਚੋਰ-ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ‘‘ ਤਾਂ ਇਸ ਵਿਚ ਕੋਈ ਅਤਿ ਕਥਨੀਂ ਨਹੀਂ ਹੋਵੇਗੀ।
ਇਹ ਹੋਰ ਵੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਆਪ ਜੀ ਵੱਲੋਂ ਡੂੰਘੀ ਠੇਸ ਪਹੁੰਚਾਉਣ ਦੇ ਅਮਲ ਕੀਤੇ ਜਾ ਰਹੇ ਹਨ ਕਿ ਜਿਸ ਬੀ.ਜੇ.ਪੀ ਜਮਾਤ ਨੇ ਪਹਿਲਾਂ ਕਾਂਗਰਸ ਨਾਲ ਰਲ ਕੇ 1984 ਵਿਚ ਸਿੱਖ ਕੌਮ ਦਾ ਕਤਲੇਆਮ ਕਰਵਾਇਆ। ਫਿਰ 1992 ਵਿਚ ਇਨ੍ਹਾਂ ਦੋਵਾਂ ਜਮਾਤਾਂ ਅਤੇ ਫਿਰਕੂ ਆਗੂਆਂ ਨੇ ਸਾਂਝੀ ਸਾਜਿਸ਼ ਅਧੀਨ ਮੁਸਲਿਮ ਕੌਮ ਦੇ ਧਾਰਮਿਕ ਸਥਾਨ ਸ੍ਰੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਵਾਇਆ। ਫਿਰ 2000 ਵਿਚ ਚਿੱਠੀ ਸਿੰਘਪੁਰਾ (ਜੰਮੂ ਕਸ਼ਮੀਰ) ਵਿਚ ਹਿੰਦ ਫੌਜ ਰਾਹੀਂ 43 ਸਿੱਖਾਂ ਦਾ ਕਤਲੇਆਮ ਕਰਵਾਇਆ। ਉਸ ਸਮੇਂ ਆਪ ਜੀ ਦੀ ਪੰਜਾਬ ਵਿਚ ਸਰਕਾਰ ਸੀ , ਆਪ ਜੀ ਜਦੋਂ ਐਨ.ਆਰ.ਆਈ ਸੰਮੇਲਨ ਬੁਲਾ ਕੇ ਬਾਹਰਲੇ ਸਿੱਖਾਂ ਦੀ ਗੱਲ ਕਰ ਰਹੇ ਹੋ ਤਾਂ ਜੰਮੂ ਕਸ਼ਮੀਰ ਵਿਚ ਕਤਲੇਆਮ ਦਾ ਨਿਸ਼ਾਨਾ ਬਣਨ ਵਾਲੇ ਸਿੱਖ ਵੀ ਤਾਂ ਸਿੱਖ ਕੌਮ ਵਿਚੋਂ ਹਨ। ਉਨ੍ਹਾਂ ਸੰਬੰਧੀ ਅਸੀਂ ਉਸ ਸਮੇਂ ਦੀ ਸੈਂਟਰ ਦੀ ਬੀ.ਜੇ.ਪੀ ਦੀ ਹਕੂਮਤ , ਜੰਮੂ ਕਸ਼ਮੀਰ ਦੇ ਗਵਰਨਰ ਜਰਨਲ ਵੋਹਰਾ ਨੂੰ ਪੱਤਰ ਲਿਖੇ ਸਨ ਪਰ ਅੱਜ ਤੱਕ ਨਾਂ ਤਾਂ ਸੈਂਟਰ ਹਕੂਮਤਾਂ ਵੱਲੋਂ ਅਤੇ ਨਾਂ ਹੀ ਆਪ ਜੀ ਅਤੇ ਆਪ ਜੀ ਦੀ ਸਰਕਾਰ ਵੱਲੋਂ ਚਿੱਠੀਸਿੰਘ ਪੁਰਾ ਦੇ ਸਿੱਖਾਂ ਦੇ ਕਾਤਲਾਂ ਦੀ ਪਹਿਚਾਣ ਕਰਨ ਅਤੇ ਇਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਨ ਲਈ ਕੋਈ ਰਤੀ ਪਰ ਵੀ ਅਮਲ ਨਹੀਂ ਕੀਤਾ ਗਿਆ। ਫਿਰ ਜਿਸ ਬੀ.ਜੇ.ਪੀ ਜਮਾਤ ਦੇ ਆਗੂ ਸ਼੍ਰੀ ਮੋਦੀ ਨੇ 2002 ਵਿਚ ਗੁਜਰਾਤ ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਵਾਇਆ । ਫਿਰ 2008 ਵਿਚ ਕੇਰਲਾ, ਉੜੀਸਾ, ਕਰਨਾਟਕਾ ਆਦਿ ਦੱਖਣੀ ਸੂਬਿਆਂ ਵਿਚ ਇਸਾਈ ਪਾਦਰੀਆਂ ਦੇ ਕਤਲ ਕਰਵਾਏ, ਨੰਨਜਾਂ ਨਾਲ ਜਬਰ ਜਿਨਾਹ ਕਰਵਾਏ, ਗਿਰਜਾ ਘਰਾਂ ਨੂੰ ਢਹਿ ਢੇਰੀ ਕੀਤਾ ਅਤੇ ਹੁਣ ਉਸ ਮੋਦੀ ਵੱਲੋਂ ਗੁਜਰਾਤ ਵਿਚ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਬੇਘਰ ਕਰਕੇ ਉਨ੍ਹਾਂ ਦਾ ਜਬਰੀ ਉਜਾੜਾ ਕੀਤਾ ਜਾ ਰਿਹਾ ਹੈ, ਉਸ ਮੋਦੀ ਨੂੰ 23 ਫਰਵਰੀ ਨੂੰ ਪੰਜਾਬ ਵਿਚ ਬੁਲਾ ਕੇ , ਸਰਕਾਰੀ ਪੱਧਰ ਤੇ ਅਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਕੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ, ਇਹ ਦੁੱਖਦਾਇਕ ਅਤੇ ਪੰਜਾਬ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਾਲੇ ਅਮਲ ਨਾਂ ਕੀਤੇ ਜਾਣ ਤਾਂ ਬਿਹਤਰ ਹੋਵੇਗਾ। ਕਿਊਂਕਿ ਪੰਜਾਬ ਸੂਬਾ ਅਤੇ ਇਥੋਂ ਦੇ ਬਸਿੰਦੇ ਪੂਰਨ ਅਮਨ ਚੈਨ ਨਾਲ ਵਿਚਰ ਰਹੇ ਹਨ। ਇਸ ਲਈ ਆਪ ਜੀ ਵੱਲੋਂ ਕਦੇ ਫਿਰਕੂ ਆਗੂ ਸ਼੍ਰੀ ਅਡਵਾਨੀ, ਕਦੀ ਸਾਧਵੀ ਰਿਤੁੰਬਰਾ,ਕਦੀ ਉਮਾ ਭਾਰਤੀ ਅਤੇ ਹੁਣ ਮੋਦੀ ਵਰਗਿਆਂ ਨੂੰ ਬੁਲਾ ਕੇ ਪੰਜਾਬ ਦੇ ਹਾਲਾਤਾਂ ਨੂੰ ਖੁਦ ਹੀ ਖਰਾਬ ਕਰਨ ਦੇ ਭਾਗੀ ਬਣ ਰਹੇ ਹੋ । ਇਥੇ ਇਹ ਵੀ ਵਰਣਨ ਕਰਨਾਂ ਜਰੂਰੀ ਹੈ ਕਿ ਜਦੋਂ ਬੀਤੇ 6 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਹਰ ਸਿੰਘ ਜੀ ਦੀ ਬਰਸੀ ਮਨਾਈ ਗਈ ਸੀ ਤਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੀਚੇ ਆ ਕੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਆਪ ਜੀ ਵੱਲੋਂ 23 ਫਰਵਰੀ ਨੂੰ ਮੋਦੀ ਨੂੰ ਪੰਜਾਬ ਵਿਚ ਬੁਲਾਉਣ ਦੇ ਕੌਮ ਵਿਰੋਧੀ ਅਮਲਾਂ ਸੰਬੰਧੀ ਗਲ ਕੀਤੀ ਸੀ, ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਵੀ ਮੋਦੀ ਨੂੰ ਪੰਜਾਬ ਵਿਚ ਬੁਲਾ ਕੇ ਇਥੋਂ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਸਖਤ ਵਿਰੋਧੀ ਹਾਂ। ਇਸ ਲਈ ਆਪ ਜੀ ਨੂੰ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਕਰਦੇ ਹਾਂ ਕਿ 23 ਫਰਵਰੀ ਨੂੰ ਮੋਦੀ ਵਰਗੇ ਸਿੱਖ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਨੂੰ ਪੰਜਾਬ ਦੀ ਧਰਤੀ ਤੇ ਬੁਲਾਉਣ ਦੀ ਬਿਲਕੁਲ ਗੁਸਤਾਖੀ ਨਾਂ ਕੀਤੀ ਜਾਵੇ। ਆਪ ਜੀ ਦੀ ਜਾਣਕਾਰੀ ਹਿਤ ਇਸ ਪੱਤਰ ਦੇ ਨਾਲ 12 ਅਕਤੂਬਰ 2013 ਨੂੰ ਸ. ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਦੇ ਨਾਮ ਲਿਖੇ ਗਏ ਪੱਤਰ ਅਤੇ ਆਪ ਜੀ ਵੱਲੋਂ ਸਿੱਖ ਐਨ.ਆਰ.ਆਈਜ਼ ਦੇ ਸ੍ਰੀ ਅਨੰਦਪੁਰ ਸਾਹਿਬ ਅਤੇ ਜਲੰਧਰ ਵਾਲੇ ਰੱਖੇ ਗਏ ਸੰਮੇਲਨ ਸਮੇਂ ਪਹੁੰਚੇ ਸਿੱਖ ਐਨ.ਆਰ.ਆਈਜ਼ ਦੇ ਨਾਮ ਮੇਰੇ ਵੱਲੋਂ ਤੱਥਾਂ ‘ਤੇ ਆਧਾਰਿਤ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆਂ ਨੂੰ ਲੈ ਕੇ ਲਿਖੇ ਗਏ ਤਾਜ਼ਾ ਪੱਤਰ ਦੀਆਂ ਨਕਲ ਕਾਪੀਆਂ ਵੀ ਨੱਥੀ ਕੀਤੀਆਂ ਜਾਂਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੇ ਬਸਿੰਦਿਆਂ ਅਤੇ ਸਿੱਖ ਕੌਮ ਦੇ ਬਿਨਾਂ ਤੇ ਇਸ ਪੱਤਰ ਰਾਹੀਂ ਇਹ ਵੀ ਮੰਗ ਕਰਦਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਪੰਜਾਬ ਵਿਚ ਬੀਤੇ ਸਮੇਂ ਤੋਂ ਨਿਰਵਿਘਨ ਚੱਲ ਰਹੇ ਗੈਰਕਾਨੂੂੰਨੀਂ ਕਾਰੋਬਾਰ ਨੂੰ ਜੜੋਂ ਖਤਮ ਕਰਨ ਲਈ, ਇਥੋਂ ਦੇ ਸਿਆਸਤਦਾਨਾਂ ਅਤੇ ਬਹੁਤੀ ਅਫਸਰਸ਼ਾਹੀ ਵੱਲੋਂ ਕੀਤੇ ਜਾਣ ਵਾਲੇ ਘਪਲਿਆਂ ਅਤੇ ਰਿਸ਼ਵਤਖੋਰੀ ਰਾਹੀਂ ਜਮੀਨਾਂ ਜਾਇਦਾਦਾਂ ਬਨਾਉਣ ਦੇ ਮੰਦਭਾਗੇ ਸਮਾਜ ਵਿਰੋਧੀ ਰੁਝਾਨ ਦਾ ਅੰਤ ਕਰਨ ਲਈ ਇਹ ਜਰੂਰੀ ਹੈ ਕਿ ਇਨ੍ਹਾਂ ਸਭ ਗੈਰਕਾਨੂੂੰਨੀਂ ਅਤੇ ਗੈਰਸਮਾਜਿਕ ਹੋ ਰਹੇ ਅਮਲਾਂ ਦੀ ਛਾਣਬੀਣ ਸੀ.ਬੀ.ਆਈ ਤੋਂ ਕਰਵਾਈ ਜਾਵੇ। ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਪੰਜਾਬ ਦੇ ਸੂਬੇ ਵਿਚ ਗੈਰਕਾਨੂੰਨੀਂ ਕੰਮ ਕਰਨ ਵਾਲਿਆਂ ਸਮੱਗਲਰਾਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਕੇ ਸਜਾਵਾਂ ਦਿਵਾਈਆਂ ਜਾ ਸਕਣ । ਪੰਜਾਬ ਦੀ ਕਾਨੂੰਨੀਂ ਵਿਵਸਥਾ ਦੀ ਨਿਘਰਦੀ ਜਾ ਰਹੀ ਅਤੇ ਦਿਨੋਂ ਦਿਨ ਗੰਧਲੇ ਬਣਦੇ ਜਾ ਰਹੇ ਮਾਹੌਲ ਨੂੰ ਸਖਤੀ ਨਾਲ ਠੱਲ੍ਹ ਪਾਈ ਜਾ ਸਕੇ। ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵੱਲੋਂ ਇਸ ਪੱਤਰ ਵਿਚ ਕੀਤੀਆਂ ਗਈਆਂ ਬੇਨਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਸ਼ੀਲੇ ਪਦਾਰਥਾਂ ਦੇ ਹੋ ਰਹੇ ਕਾਰੋਬਾਰ ਨੂੰ ਅਤੇ ਹੋਰ ਗੈਰਕਾਨੂੰਨੀਂ ਅਮਲਾਂ ਨੂੰ ਬੰਦ ਕਰਨ ਲਈ ਬਿਨਾਂ ਕਿਸੇ ਝਿਜਕ ਤੇ ਸੀ.ਬੀ.ਆਈ ਦੀ ਜਾਂਚ ਕਰਵਾਉਣ ਲਈ ਸੈਂਟਰ ਨੂੰ ਜਲਦੀ ਹੀ ਪਹੁੰਚ ਕਰੋਗੇ ਅਤੇ ਪੰਜਾਬ ਦੀ ਜਨਤਾ ਵਿਚ ਉੱਠ ਰਹੇ ਤੌਖਲੇ ਨੂੂੰ ਸ਼ਾਂਤ ਕਰੋਗੇ। ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ।
ਪੂਰਨ ਸਤਿਕਾਰ ਅਤੇ ਉਮੀਦ ਸਹਿਤ
ਗੁਰੂ ਘਰ ਅਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਸ. ਪ੍ਰਕਾਸ਼ ਸਿੰਘ ਬਾਦਲ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ