ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਅਹੁਦਿਆਂ ਦੀ ਲਾਲਸਾ ਨੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਬਣੀ ਬਣਾਈ ਲਹਿਰ ਨੂੰ ਗ੍ਰਹਿਣ ਲਾ ਦਿੱਤਾ ਹੈ। ਸ਼ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਦੀਆਂ ਲੋਕ ਵਿਰੋਧੀ ਕਾਰਵਾਈਆਂ ਨਾਲ ਲੋਕਾਂ ਦੇ ਗੁੱਸੇ ਦੇ ਸਿੱਟੇ ਵਜੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਮਾਹੌਲ ਬਣ ਰਿਹਾ ਸੀ ਪ੍ਰੰਤੂ ਨੇਤਾਵਾਂ ਦੀਂ ਖਹਿਬਾਜ਼ੀ ਨੇ ਸਵਾਦ ਕਿਰਕਰਾ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਦੀ ਨਵੀਂ ਸੂਚੀ ਦਾ ਇਹ ਫੈਸਲਾ ਬਹੁਤ ਹੀ ਦੇਰ ਨਾਲ ਕੀਤਾ ਗਿਆ ਹੈ ਪ੍ਰੰਤੂ ਇਸ ਸੂਚੀ ਵਿੱਚ ਸਾਰੇ ਧੜਿਆਂ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਰ ਵੀ ਅਜੇ ਕਾਂਗਰਸੀ ਨੇਤਾਵਾਂ ਵਿੱਚ ਅਹੁਦੇ ਲੈਣ ਦੀ ਹੋੜ ਲੱਗੀ ਹੋਈ ਹੈ। ਕਾਂਗਰਸ ਹਾਈ ਕਮਾਂਡ ਨੂੰ ਹੁਣ ਤਾਂ ਪੰਜਾਬ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਪ੍ਰਧਾਨ ਡੈਜਗੀਨੇਟ ਕਰਕੇ ਜਿਲ੍ਹੇ ਸੰਭਾਲ ਦੇਣੇ ਚਾਹੀਦੇ ਹਨ ਤਾਂ ਹੀ ਉਹ ਸ਼ਾਂਤ ਹੋਣਗੇ। 292 ਮੈਂਬਰੀ ਇਸ ਕਮੇਟੀ ਵਿੱਚ 14 ਉਪ ਪ੍ਰਧਾਨ,35 ਜਨਰਲ ਸਕੱਤਰ,61 ਸਕੱਤਰ,34 ਸਥਾਈ ਆਮੰਤ੍ਰਿਤ ਮੈਂਬਰ ਅਤੇ 148 ਕਾਰਜਕਾਰਨੀ ਮੈਂਬਰਾਂ ਵਿੱਚ 9 ਇਸਤਰੀਆਂ ਅਹੁਦੇਦਾਰ ਅਤੇ 18 ਕਾਰਜਕਾਰਨੀ ਮੈਂਬਰ, ਸ਼ਾਮਲ ਹਨ। ਕਾਂਗਰਸ ਦੇ ਸੰਵਿਧਾਨ ਅਨੁਸਾਰ ਇੱਕ ਪ੍ਰਧਾਨ ,ਦੋ ਉਪ ਪ੍ਰਧਾਨ,ਦੋ ਜਨਰਲ ਸਕੱਤਰ ਅਤੇ ਇੱਕ ਖਜਾਨਚੀ ਦੀ ਚੋਣ ਹੁੰਦੀ ਹੈ ਅਤੇ 31 ਮੈਂਬਰੀ ਕਾਰਜਕਾਰਨੀ ਕਮੇਟੀ ਬਣਦੀ ਹੈ। ਸਭ ਤੋਂ ਪਹਿਲਾਂ ਕਾਂਗਰਸ ਦਾ ਮੁੱਢਲਾ ਮੈਂਬਰ ਅਤੇ ਇਹਨਾਂ ਵਿੱਚੋਂ 20 ਮੈਂਬਰ ਬਣਾਉਣ ਵਾਲਾ ਐਕਟਿਵ ਮੈਂਬਰ ਬਣਦਾ ਹੈ। ਇਸ ਤੋਂ ਬਾਅਦ ਐਕਟਿਵ ਮੈਂਬਰ ਬਲਾਕ ਅਤੇ ਜਿਲ੍ਹਾ ਦੇ ਮੈਬਰਾਂ ਦੀ ਚੋਣ ਕਰਦੇ ਹਨ। ਫਿਰ ਇਹ ਪੀ.ਪੀ.ਸੀ.ਸੀ. ਦੇ ਮੈਂਬਰਾਂ ਦੀ ਚੋਣ ਕਰਦੇ ਹਨ ਅਤੇ ਫਿਰ ਪੀ.ਪੀ.ਸੀ.ਸੀ.ਦੇ ਮੈਂਬਰ ਹੀ ਪੰਜਾਬ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਦੇ ਹਨ। ਉਹ ਹੀ ਏ.ਆਈ.ਸੀ.ਸੀ.ਦੇ ਮੈਂਬਰਾਂ ਦੀ ਚੋਣ ਕਰਦੇ ਹਨ। ਏ.ਆਈ.ਸੀ.ਸੀ. ਦੇ ਮੈਂਬਰ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦੇ ਹਨ। ਇਹ ਚੋਣ ਦੋ ਸਾਲ ਲਈ ਹੁੰਦੀ ਹੈ। ਦੁੱਖ ਦੀ ਗੱਲ ਹੈ ਕਿ ਕਾਂਗਰਸ ਵਿੱਚ ਇਹ ਚੋਣ ਸਿਰਫ ਕਾਗਜ਼ੀ ਕਾਰਵਾਈ ਬਣਕੇ ਰਹਿ ਗਈ ਹੈ। ਹੁਣ ਤਾਂ ਸਾਰੇ ਪ੍ਰਧਾਨ ਅਤੇ ਅਹੁਦੇਦਾਰ ਨਾਮਜਦ ਹੀ ਕੀਤੇ ਜਾਂਦੇ ਹਨ,ਚੋਣ ਤਾਂ ਕਦੀ ਕਦਾਂਈਂ ਹੀ ਹੁੰਦੀ ਹੈ। ਇਸ ਕਰਕੇ ਕਾਂਗਰਸ ਦੇ ਸੰਵਿਧਾਨ ਨੂੰ ਅੱਖੋਂ ਪ੍ਰੋਖੇ ਕੀਤਾ ਜਾ ਰਿਹਾ ਹੈ। ਅਸਲ ਵਿੱਚ ਹੁਣ ਅਹੁਦੇਦਾਰ ਮਲਾਈਆਂ ਖਾਣ ਗਿਝ ਗਏ ਹਨ। ਉਹ ਅਹੁਦਿਆਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਤਾਂ ਹੀ ਬਗਾਬਤੀ ਸੁਰਾਂ ਕੱਢ ਰਹੇ ਹਨ। ਹੁਣ ਕਾਂਗਰਸ ਪਾਰਟੀ ਸਿਰਫ ਨੇਤਾਵਾਂ ਦੀ ਪਾਰਟੀ ਬਣਕੇ ਰਹਿ ਗਈ ਹੈ,ਕੋਈ ਕਾਂਗਰਸ ਦਾ ਵਰਕਰ ਕਹਾਉਣ ਨੂੰ ਤਿਆਰ ਹੀ ਨਹੀਂ ਜਦੋਂ ਕਿ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਹੁਣ ਤਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਿਰਫ 5 ਮਹੀਨੇ ਬਾਕੀ ਹਨ ਪ੍ਰੰਤੂ ਇਹ ਅਹੁਦੇਦਾਰ ਪਾਰਟੀ ਲਈ ਕੰਮ ਕਰਨ ਦੀ ਥਾਂ ਬਿਲੀਆਂ ਵਾਂਗੂੰ ਲੜ ਰਹੇ ਹਨ,ਜੇ ਅਹੁਦਿਆਂ ਬਿਨਾਂ ਕਾਂਗਰਸੀਆਂ ਨੂੰ ਵਰਕਰ ਬਣਕੇ ਰੋਟੀ ਹਜਮ ਨਹੀਂ ਆਉਂਦੀ ਤਾਂ ਆਪ ਪਾਰਟੀ ਦਾ ਰਸਤਾ ਖੁਲ੍ਹਾ ਹੈ,ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲਉ, ਇਹ ਧਿਆਨ ਰੱਖਣਾ ਉਥੇ ਲਾਲ ਬੱਤੀ,ਗਨਮੈਨ,ਭਰਿਸ਼ਟਾਚਾਰ ਅਤੇ ਫੋਕੇ ਵਿਖਾਵੇ ਦੀ ਮਨਾਹੀ ਹੈ। ਉਥੇ ਤਾਂ ਝਾੜੂ ਚੁਕਣਾ ਪੈਣਾ ਹੈ ,ਜਿਹੜਾ ਅਹੁਦਿਆਂ ਦੇ ਲਾਲਚੀ ਨੇਤਾਵਾਂ ਤੋਂ ਚੁੱਕ ਨਹੀਂ ਹੋਣਾ। ਇਹ ਨੇਤਾ ਤਾਂ ਆਪਣੀ ਪਾਰਟੀ ਤੇ ਹੀ ਝਾੜੂ ਫੇਰਕੇ ਸੁਖ ਦਾ ਸਾਹ ਲੈਣਗੇ। ਅਹੁਦੇਦਾਰਾਂ ਦੀ ਸੂਚੀ ਬਹੁਤ ਹੀ ¦ਬੀ ਹੈ,ਕਾਂਗਰਸੀ ਨੇਤਾਵਾਂ ਦੀ ਇਸ ਪਾਰਟੀ ਵਿੱਚ ਬਿਨਾਂ ਤਾਜ ਤੋਂ ਉਹ ਆਪਣੇ ਆਪ ਨੂੰ ਕਾਂਗਰਸੀ ਵਰਕਰ ਕਹਾਉਣਾ ਗਵਾਰਾ ਨਹੀਂ ਖਾਂਦਾ। ਪੰਜਾਬ ਦੇ ਕਾਂਗਰਸੀ ਨੇਤਾ ਉਪਰੋਥਲੀ ਦੋ ਹਾਰਾਂ ਤੋਂ ਵੀ ਸਬਕ ਸਿੱਖਣ ਨੂੰ ਤਿਆਰ ਨਹੀਂ, ਅਜੇ ਵੀ ਅਖਬਾਰਾਂ ਦੀਆਂ ਸੁਰਖੀਆਂ ਅਸੰਤੁਸ਼ਟਤਾ ਦੀ ਸੀਨੀਅਰ ਨੇਤਾਵਾਂ ਵਲੋਂ ਉਲੀਕੀ ਯੋਜਨਾਬੱਧ ਝਲਕ ਦਾ ਪ੍ਰਗਟਾਵਾ ਕਰ ਰਹੀਆਂ ਹਨ। ਕਾਂਗਰਸ ਦੇ ਨੇਤਾ ਆਪ ਮੁਹਾਰੇ ਹੋਏ ਪਏ ਹਨ ,ਇਉਂ ਮਹਿਸੂਸ ਹੋ ਰਿਹਾ ਹੈ ਕਿ ਕਾਂਗਰਸ ਵਿੱਚ ਅਨੁਸ਼ਾਸ਼ਨ ਦਾ ਨਾਮੋ ਨਿਸ਼ਾਨ ਨਹੀਂ। ਇਸ ਸੂਚੀ ਵਿੱਚ ਕਈ ਸੀਨੀਅਰ ਨੇਤਾ ਅਣਡਿਠ ਕਰ ਦਿੱਤੇ ਗਏ ਹਨ ਜਿਵੇਂ ਕਿ ਲਾਲ ਸਿੰਘ ਜਿਹੜਾ ਕੰਬੋਜ ਬਰਾਦਰੀ ਨਾਲ ਸੰਬੰਧਤ ਪਛੜੀਆਂ ਸ਼੍ਰੇਣੀਆਂ ਦੀ ਪ੍ਰਤੀਨਿਧਤਾ ਕਰਦਾ ਸੀ। ਸ੍ਰ.ਬੇਅੰਤ ਸਿੰਘ ਦੇ ਸਮੇਂ ਤੋਂ ਬਾਅਦ ਪਿਛਲੇ 20 ਸਾਲਾਂ ਤੋਂ ਲਗਾਤਾਰ ਪਾਰਟੀ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਰਿਹਾ ਹੈ ਅਤੇ ਹਰ ਪ੍ਰਧਾਨ ਦਾ ਚਹੇਤਾ ਗਿਣਿਆਂ ਜਾਂਦਾ ਸੀ। ਇਉਂ ਲੱਗ ਰਿਹਾ ਹੈ ਜਿਵੇਂ ਘਾਗ ਨੇਤਾਵਾਂ ਨੇ ਪਾਰਟੀ ਦਾ ਠੇਕਾ ਹੀਂ ਲਿਆ ਹੋਇਆ ਹੈ। ਨਵੀਂ ਨੌਜਵਾਨ ਪੀੜ੍ਹੀ ਨੂੰ ਵੀ ਮੌਕਾ ਦੇਣ ਨੂੰ ਹੀ ਤਿਆਰ ਨਹੀਂ। ਕੰਬੋਜ ਬਰਾਦਰੀ ਦੇ ਸੀ.ਡੀ.ਸਿੰਘ ਕੰਬੋਜ,ਹੰਸ ਰਾਜ ਜੋਸ਼ਨ,ਮਦਨ ਲਾਲ ਜਲਾਲਪੁਰ,ਹਰਦਿਆਲ ਸਿੰਘ ਕੰਬੋਜ ਅਤੇ ਰਾਜਿੰਦਰ ਸਿੰਘ ਨੂੰ ਅਹੁਦੇ ਦਿੱਤੇ ਗਏ ਹਨ। ਚੌਧਰੀ ਜਗਜੀਤ ਸਿੰਘ, ਜਗਮੀਤ ਸਿੰਘ ਬਰਾੜ,ਰਾਣਾ ਗੁਰਜੀਤ ਸਿੰਘ,ਅਰਵਿੰਦ ਖੰਨਾ,ਜਸਬੀਰ ਸਿੰਘ ਖੰਗੂੜਾ,ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਸੁਖ ਸਰਕਾਰੀਆ, ਰਾਣਾ ਕੇ.ਪੀ.ਸਿੰਘ ਅਤੇ ਚੌਧਰੀ ਸੰਤੋਖ ਸਿੰਘ ਦੇ ਨਾਂ ਵੀ ਗਾਇਬ ਹਨ। ਜਗਮੀਤ ਸਿੰਘ ਬਰਾੜ ਨੂੰ ਛੱਡਕੇ ਬਾਕੀ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਹਨ। ਜਗਮੀਤ ਸਿੰਘ ਬਰਾੜ ਦਾ ਤਾਂ ਇੱਕੋ ਇੱਕ ਮੁਕਤਸਰ ਜਿਲ੍ਹੇ ਦਾ ਪ੍ਰਧਾਨ ਸ਼੍ਰੀ ਗੁਰਦਾਸ ਗਿਰਧਰ ਨੂੰ ਬਦਲਕੇ ਉਹਦੀ ਥਾਂ ਗੁਰਮੀਤ ਸਿੰਘ ਖੁਡੀਆਂ ਪ੍ਰਧਾਨ ਬਣਾ ਦਿੱਤਾ ਗਿਆ ਹੈ। ਜਗਮੀਤ ਬਰਾੜ ਦੇ ਸਮਰਥੱਕਾਂ ਵਿੱਚ ਉਸਦਾ ਭਰਾ ਰਿਪਜੀਤ ਸਿੰਘ ਬਰਾੜ,ਗੁਰਦਾਸ ਗਿਰਧਰ ਅਤੇ ਮੋਗੇ ਤੋਂ ਵਿਜੇ ਸਾਥੀ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਇਸ ਸੂਚੀ ਵਿੱਚ ਅਨੁਸੂਚਿਤ ਜਾਤੀਆਂ ਨੂੰ ਵਧੇਰੇ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਇਸ ਦੇ ਨਾਲ ਹੀ ਇਸਤਰੀਆਂ ਜਿਹਨਾਂ ਨੂੰ 33 ਫੀ ਸਦੀ ਪ੍ਰਤੀਨਿਧਤਾ ਦੇਣ ਦੀਆਂ ਕਾਂਗਰਸ ਪਾਰਟੀ ਡੀਂਗਾਂ ਮਾਰਦੀ ਸੀ, ਉਹਨਾਂ ਦੀ ਪ੍ਰਤੀਨਿਧਤਾ ਨਾ ਮਾਤਰ ਹੀ ਸਿਰਫ 9 ਇਸਤਰੀਆਂ ਰਜੀਆ ਸੁਲਤਾਨਾ,ਉਪ ਪ੍ਰਧਾਨ,ਅਰੁਨਾ ਚੌਧਰੀ,ਲਖਵਿੰਦਰ ਕੌਰ ਗਰਚਾ ਅਤੇ ਕਰਨ ਕੌਰ ਬਰਾੜ ਜਨਰਲ ਸਕੱਤਰ,ਮਾਈ ਰੂਪ ਕੌਰ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸੰਗਰੂਰ,ਹਰਚੰਦ ਕੌਰ ਅਤੇ ਮਨਪ੍ਰੀਤ ਕੌਰ ਡੌਲੀ ਸਕੱਤਰ ,ਕਾਰਜਕਾਰੀ ਮੈਂਬਰਾਂ ਵਿੱਚ ਅੰਬਿਕਾ ਸੋਨੀ,ਰਾਜਿੰਦਰ ਕੌਰ ਭੱਠਲ,ਪਰਨੀਤ ਕੌਰ,ਸੰਤੋਸ਼ ਚੌਧਰੀ,ਚਰਨਜੀਤ ਕੌਰ ਬਾਜਵਾ,ਹਰਬੰਸ ਕੌਰ ਦੂਲੋ,ਗੁਰਇਕਬਾਲ ਕੌਰ, ਸੁਮਨ ਕੇ.ਪੀ.,ਜਗਦਰਸ਼ਨ ਕੌਰ,ਮਨੀਸ਼ਾ ਗੁਲਾਟੀ,ਸਰਬਰੀ ਬੇਗਮ,ਮਮਤਾ ਗੁਪਤਾ,ਸਤਿਕਾਰ ਕੌਰ,ਗੁਰਪ੍ਰੀਤ ਕੌਰ ਧਾਲੀਵਾਲ,ਸੁਰਿੰਦਰ ਕੌਰ ਬਾਲੀਆਂ ਅਤੇ ਪਰਪ੍ਰੀਤ ਕੌਰ ਬਰਾੜ ਸ਼ਾਮਲ ਹਨ। ਇਸਤਰੀਆਂ ਦੀ ਪ੍ਰਤੀਨਿਧਤਾ 9 ਫੀ ਸਦੀ ਬਣਦੀ ਹੈ। ਅਨੁਸੂਚਿਤ ਜਾਤੀਆਂ ਵਿੱਚੋਂੇ 4 ਉਪ ਪ੍ਰਧਾਨ ਤ੍ਰਿਲੋਚਨ ਸਿੰਘ ਸੂੰਢ,ਚਰਨਜੀਤ ਸਿੰਘ ਚੰਨੀ,ਸਾਧੂ ਸਿੰਘ ਧਰਮਸੌਤ, ਅਤੇ ਸਰਦੂਲ ਸਿੰਘ ਬੁੰਡਾਲਾ,9 ਜਨਰਲ ਸਕੱਤਰ ਅਜਾਇਬ ਸਿੰਘ ਭੱਟੀ,ਜੋਗਿੰਦਰ ਸਿੰਘ ਛੀਨਾ ,ਸਤਨਾਮ ਸਿੰਘ ਕੈਂਥ,,ਡੀ.ਆਰ.ਭੱਟੀ,ਮੁਹੰਮਦ ਸਦੀਕ,ਜੋਗਿੰਦਰ ਸਿੰਘ ਮਾਨ,ਅਰੁਨਾ ਚੌਧਰੀ,ਰਾਜ ਕੁਮਾਰ ਚੱਬੇਵਾਲ ,ਪਵਨ ਆਦੀਆ ਅਤੇ 5 ਸਕੱਤਰ ਹਰਚੰਦ ਕੌਰ,ਸੁਰਿੰਦਰ ਚੌਧਰੀ,ਡਾ.ਰਾਮ ਲਾਲ ਜੱਸੀ,ਪ੍ਰੀਤਮ ਸਿੰਘ ਭੱਟੀ ਅਤੇ ਹਰਨੇਕ ਸਿੰਘ ਦੀਵਾਨਾ ,ਧਰਮ ਪਾਲ ਬੰਗੜ ਜਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਅਤੇ 15 ਕਾਰਜਕਾਰਨੀ ਦੇ ਮੈਂਬਰ ਬਣਾਏ ਗਏ ਹਨ। ਚੌਧਰੀ ਸੰਤੋਖ ਸਿੰਘ ਦਾ ਲੜਕਾ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਹੈ। ਪਰਤਾਪ ਸਿੰਘ ਬਾਜਵਾ ਦੀ ਛਾਪ ਤਾਂ ਸ਼ਪੱਸ਼ਟ ਦਿਖਾਈ ਦਿੰਦੀ ਹੀ ਹੈ ਪ੍ਰੰਤੂ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਦੀ ਪ੍ਰਤੀ ਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਪੱਖੀ ਉਪ ਪ੍ਰਧਾਨ ਸਰਦੂਲ ਸਿੰਘ ਬੁੰਡਾਲਾ,ਸਾਧੂ ਸਿੰਘ ਧਰਮਸੌਤ,ਸੰਗਤ ਸਿੰਘ ਗਿਲਜ਼ੀਆਂ,ਗੁਰਪ੍ਰੀਤ ਸਿੰਘ ਕਾਂਗੜ,ਰਾਣਾ ਗੁਰਮੀਤ ਸਿੰਘ ਸੋਢੀ,ਕੇਵਲ ਸਿੰਘ ਢਿਲੋਂ,ਰਜੀਆ ਸੁਲਤਾਨਾ, ਜਨਰਲ ਸਕੱਤਰਾਂ ਵਿੱਚ ਜੀਤ ਮਹਿੰਦਰ ਸਿੰਘ,ਅਜਾਇਬ ਸਿੰਘ ਭੱਟੀ,ਹਰਪ੍ਰਤਾਪ ਸਿੰਘ ਅਜਨਾਲਾ,ਅਰੁਨਾ ਚੌਧਰੀ,ਹਰਮਹਿੰਦਰ ਸਿੰਘ ਗਿਲ,ਕੁਲਦੀਪ ਸਿੰਘ ਰਾਣਾ,ਰਮੇਸ਼ ਸਿੰਗਲਾ,ਤੇਜਿੰਦਰ ਸਿੰਘ ਬਿਟੂ,ਜਸਬੀਰ ਸਿੰਘ ਗਿਲ,ਜਿਲ੍ਹਾ ਪ੍ਰਧਾਨਾਂ ਵਿੱਚ ਪਟਿਆਲਾ ਤੋਂ ਪ੍ਰੇਮ ਕ੍ਰਿਸ਼ਨ ਪੁਰੀ ਸ਼ਹਿਰੀ,ਹਰਦਿਆਲ ਸਿੰਘ ਕੰਬੋਜ ਦਿਹਾਤੀ,ਜਗਬੀਰ ਸਿੰਘ ਬਰਾੜ ਜ¦ਧਰ ਦਿਹਾਤੀ,ਮੋਹਨ ਲਾਲ ਅਗਰਵਾਲ ਅਤੇ ਗੁਰਾ ਸਿੰਘ ਤੁੰਗਵਾਲੀ ਦੋਵੇਂ ਬਠਿੰਡਾ ਸ਼ਹਿਰੀ ਤੇ ਦਿਹਾਤੀ, ਅਤੇ ਇਸਤੋਂ ਇਲਾਵਾ ਸਕੱਤਰ ਅਤੇ ਕਾਰਜਕਾਰਨੀ ਦੇ ਮੈਂਬਰ ਵੀ ਸ਼ਾਮਲ ਹਨ। ਪਰਤਾਪ ਸਿੰਘ ਬਾਜਵਾ 27 ਜਿਲ੍ਹਾ ਪ੍ਰਧਾਨਾਂ ਵਿੱਚੋਂ 21 ਜਿਲ੍ਹਿਆਂ ਦੇ ਪ੍ਰਧਾਨ ਬਦਲਣ ਵਿੱਚ ਵੀ ਸਫਲ ਹੋ ਗਿਆ ਹੈ। ਅੰਮ੍ਰਿਤਸਰ ਜਿਲ੍ਹੇ ਦੇ ਦੋਵੇਂ ਸ਼ਹਿਰੀ ਤੇ ਦਿਹਾਤੀ ਸ਼੍ਰੀ ਬਾਜਵਾ ਨੇ ਆਪਣੇ ਵਿਅਕਤੀ ਪ੍ਰਧਾਨ ਬਣਾ ਲਏ ਹਨ। ਤਰਨਤਾਰਨ ਤੋਂ ਵੀ ਗੁਰਚੇਤ ਸਿੰਘ ਭੁਲਰ ਦੇ ਲੜਕੇ ਸੁਖਪਾਲ ਸਿੰਘ ਭੁਲਰ ਨੂੰ ਪ੍ਰਧਾਨ ਬਣਾ ਲਿਆ ਹੈ। ਇਸ ਪੁਨਰਗਠਨ ਵਿੱਚ ਸਭ ਤੋਂ ਜਿਆਦਾ ਲਾਭ ਸ੍ਰ.ਬੇਅੰਤ ਸਿੰਘ ਦੇ ਪੁਰਾਣੇ ੱਧੜੇ ਨੂੰ ਹੋਇਆ ਹੈ ਕਿਉਂਕਿ ਬੇਅੰਤ ਸਿੰਘ ਪਰਿਵਾਰ ਦੇ ਹਮਾਇਤੀਆਂ ਨੂੰ ਪਿਛਲੀ ਕਮੇਟੀ ਵਿੱਚ ਅਣਡਿਠ ਕੀਤਾ ਗਿਆ ਸੀ। ਇਸ ਕਮੇਟੀ ਵਿੱਚ ਇਸ ਪਰਿਵਾਰ ਦੇ ਹਮਾਇਤੀਆਂ ਵਿੱਚ ਤ੍ਰਿਲੋਚਨ ਸਿੰਘ ਸੂੰਢ,ਸਰਦੂਲ ਸਿੰਘ ਬੁੰਡਾਲਾ,ਸਾਧੂ ਸਿੰਘ ਧਰਮਸੌਤ ਅਤੇ ਰਣਦੀਪ ਸਿੰਘ ਨਾਭਾ ਉਪ ਪ੍ਰਧਾਨ,ਜਗਮੋਹਨ ਸਿੰਘ ਕੰਗ,ਗੁਰਕੀਰਤ ਸਿੰਘ ਕੋਟਲੀ,ਮੁਹੰਮਦ ਸਦੀਕ,ਹਰਮਹਿੰਦਰ ਸਿੰਘ ਜੱਸੀ ,ਸੁਰਿੰਦਰ ਡਾਬਰ,ਰਮੇਸ਼ ਸਿੰਗਲਾ ਅਤੇ ਪ੍ਰਮਿੰਦਰ ਸਿੰਘ ਪਿੰਕੀ ਜਨਰਲ ਸਕੱਤਰ,ਜਿਲ੍ਹਾ ਪ੍ਰਧਾਨਾਂ ਵਿੱਚ ਲਖਵੀਰ ਸਿੰਘ ਲੱਖਾ ਫਤਿਹਗੜ੍ਹ ਸਾਹਿਬ,ਬਿਕਰਮ ਸਿੰਘ ਮੋਫਰ ਮਾਨਸਾ,ਮਲਕੀਤ ਸਿੰਘ ਦਾਖਾ ਲੁਧਿਆਣਾ ਦਿਹਾਤੀ,ਨਵਤੇਜ ਸਿੰਘ ਚੀਮਾ ਕਪੂਰਥਲਾ,ਦਰਸ਼ਨ ਸਿੰਘ ਬਰਾੜ ਮੋਗਾੇ ਚਮਕੌਰ ਸਿੰਘ ਫਿਰੋਜਪੁਰ (ਪ੍ਰਮਿੰਦਰ ਸਿੰਘ ਪਿੰਕੀ ਦਾ ਨੁਮਾਇੰਦਾ),ਹਰਨੇਕ ਸਿੰਘ ਦੀਵਾਨਾ ਅਤੇ ਅਰੁਣ ਵਾਲੀਆ ਦੋਵੇਂ ਸਕੱਤਰ ਅਤੇ ਕਾਰਜਕਾਰਨੀ ਵਿੱਚ ਭੁਪਿੰਦਰ ਸਿੰਘ ਗੋਰਾ ਆਦਿ ਸ਼ਾਮਲ ਹਨ। ਤੇਜ ਪਰਕਾਸ਼ ਸਿੰਘ ਕੋਟਲੀ ਏ.ਆਈ.ਸੀ.ਸੀ. ਦੇ ਮੈਂਬਰ ਹਨ। ਬੀਬੀ ਰਾਜਿੰਦਰ ਕੌਰ ਭੱਠਲ ਦੇ ਕੋਟੇ ਵਿੱਚ ਉਹਨਾਂ ਦੇ ਜਵਾਈ ਬਿਕਰਮ ਸਿੰਘ ਬਾਜਵਾ ਜਨਰਲ ਸਕੱਤਰ,ਸੁਰਿੰਦਰਪਾਲ ਸਿੰਘ ਸਿਬੀਆ ਉਪ ਪ੍ਰਧਾਨ,ਮਾਈ ਰੂਪ ਕੌਰ ਜਿਲ੍ਹਾ ਪ੍ਰਧਾਨ ਸੰਗਰੂਰ ਵੀ ਬਣਾਏ ਗਏ ਹਨ। ਅੰਬਿਕਾ ਸੋਨੀ ਦੇ ਹਮਾਇਤੀ ਸੀ.ਡੀ.ਸਿੰਘ ਕੰਬੋਜ ਉਪ ਪ੍ਰਧਾਨ, ਜਗਮੋਹਨ ਸਿੰਘ ਕੰਗ ,ਰਾਮ ਪਾਲ ਢੈਪਈ ਜਨਰਲ ਸਕੱਤਰ ਅਤੇ ਸ਼ਾਮ ਸੁੰਦਰ ਅਰੋੜਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਬਣਾਏ ਗਏ ਹਨ। ਸੁਨੀਲ ਕੁਮਾਰ ਜਾਖੜ ਦੇ ਹਮਾਇਤੀ ਕੌਸ਼ਲ ਕੁਮਾਰ ਨੂੰ ਫ਼ਾਜਿਲਕਾ ਦਾ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਦੋ ਵਿਅਕਤੀ ਵਿਸ਼ੇਸ਼ ਤੌਰ ਤੇ ਕੇਂਦਰੀ ਕਾਂਗਰਸ ਦੇ ਨੁਮਾਇੰਦੇ ਹਨ, ਜਿਹੜੇ ਬਿਨਾ ਕਿਸੇ ਧੜੇ ਦੇ ਸਿੱਧੇ ਆਪਣੇ ਜ਼ੋਰ ਨਾਲ ਆਏ ਹਨ। ਉਹ ਹਨ ਚਾਰ ਵਾਰੀ ਵਿਧਾਇਕ ਬਣੇ ਸੀਨੀਅਰ ਕਾਂਗਰਸੀ ਹਿੰਦੂ ਨੇਤਾ ਬ੍ਰਹਮ ਮਹਿੰਦਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ। ਇਸ ਸਾਰੀ ਸੂਚੀ ਵਿੱਚ ਜਾਤ ਬਰਾਦਰੀਆਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਹੈ ਪ੍ਰੰਤੂ ਸੀਨੀਅਰ ਹਿੰਦੂ ਨੇਤਾ ਸੂਚੀ ਵਿੱਚੋਂ ਗਾਇਬ ਹਨ,ਉਦਾਹਰਣ ਲਈ ਸ਼੍ਰੀ ਦਰਬਾਰੀ ਲਾਲ ਅਤੇ ਜੁਗਲ ਕਿਸੋਰ ਸ਼ਰਮਾਂ ਅੰਮ੍ਰਿਤਸਰ ,ਜਗਮੋਹਨ ਸ਼ਰਮਾਂ ਵਰਗੇ ਟਕਸਾਲੀ ਕਾਂਗਰਸੀ ਨੇਤਾ। ਅਸ਼ਵਨੀ ਕੁਮਾਰ ਅਤੇ ਮਨੋਹਰ ਸਿੰਘ ਗਿਲ ਦੇ ਸਮਰਥਕਾਂ ਨੂੰ ਅਣਗੌਲਿਆ ਗਿਆ ਹੈ। ਇਸ ਸੁੂਚੀ ਵਿੱਚ ਇੱਕ ਖਾਮੀ ਇਹ ਹੈ ਕਿ ਕੁੱਝ ਜਿਲ੍ਹਿਆਂ ਦੇ ਪ੍ਰਧਾਨ ਆਪੋ ਆਪਣੇ ਜਿਲ੍ਹਿਆਂ ਤੋ ਬਾਹਰ ਦੇ ਜਿਲ੍ਹੇ ਦੇ ਬਣਾ ਦਿੱਤੇ ਗਏ ਹਨ,ਦੂਜੀਆਂ ਪਾਰਟੀਆਂ ਵਿੱਚੋਂ ਆਏ 25 ਨੇਤਾਵਾਂ ਨੂੰ ਵੀ ਅਹੁਦੇ ਦਿੱਤੇ ਗਏ ਹਨ,ਵਿਧਾਨ ਸਭਾ ਵਿੱਚ ਪਾਰਟੀ ਦੇ ਉਮੀਦਵਾਰਾਂ ਦੇ ਵਿਰੁਧ ਚੋਣ ਲੜਨ ਵਾਲੇ 15 ਵਿਅਕਤੀਆਂ ਨੂੰ ਵੀ ਅਹੁਦੇ ਦਿੱਤੇ ਗਏ ਹਨ। ਅਸਲ ਵਿੱਚ ਕਾਂਗਰਸੀਆਂ ਵਿੱਚ ਸ਼ਾਰਟ ਕੱਟ ਮਾਰਨ ਕਰਕੇ ਅਹੁਦੇ ਪਾਉਣ ਦੀ ਲਾਲਸਾ ਬਾਕੀ ਪਾਰਟੀਆਂ ਤੋਂ ਜਿਆਦਾ ਹੈ। ਸੁਖਪਾਲ ਸਿੰਘ ਖਹਿਰਾ ਪਹਿਲਾਂ ਹੀ ਪ੍ਰਦੇਸ਼ ਕਾਂਗਰਸ ਦਾ ਮੁੱਖ ਬੁਲਾਰਾ ਹੈ। ਅਖੀਰ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਵਿੱਚ ਕਾਂਗਰਸੀਆਂ ਦੀ ਖਹਿਬਾਜੀ ਪਹਿਲਾਂ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੇ ਧੜਿਆਂ ਵਿੱਚ ਹੁੰਦੀ ਸੀ। ਉਸਤੋਂ ਬਾਅਦ ਦਰਬਾਰਾ ਸਿੰਘ ਧੜਾ ਉਹਨਾਂ ਦੀ ਮੌਤ ਤੋਂ ਬਾਅਦ ਤਾਂ ਖ਼ਤਮ ਹੀ ਹੋ ਗਿਆ। ਗਿਆਨੀ ਧੜੇ ਵਿੱਚ ਬੂਟਾ ਸਿੰਘ,ਬੇਅੰਤ ਸਿੰਘ,ਕੈਪਟਨ ਅਮਰਿੰਦਰ ਸਿੰਘ,ਰਾਜਿੰਦਰ ਕੌਰ ਭੱਠਲ ਹੁੰਦੇ ਸਨ। ਗਿਆਨੀ ਜੀ ਤੋਂ ਬਾਅਦ ਉਹਨਾਂ ਦੇ ਧੜੇ ਦੀ ਅਗਵਾਈ ਸ੍ਰ.ਬੇਅੰਤ ਸਿੰਘ ਕਰਦੇ ਰਹੇ,ਸ਼੍ਰਮਤੀ ਰਾਜਿੰਦਰ ਕੌਰ ਭੱਠਲ ਅਤੇ ਪਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਧੜੇ ਵਿੱਚ ਹੀ ਸੀ। ਇਸ ਪੂਰੀ ਸੂਚੀ ਵਿੱਚ ਪੁਰਾਣਾ ਬੇਅੰਤ ਸਿੰਘ ਧੜਾ ਹੀ ਬਹੁਗਿਣਤੀ ਵਿੱਚ ਸ਼ਾਮਲ ਹੈ। ਅਹੁਦੇਦਾਰਾਂ ਵਿੱਚ ਬੇਅੰਤ ਸਿੰਘ ਦੇ ਮੰਤਰੀ ਮੰਡਲ ਦੇ ਸਾਥੀਆਂ ਅਤੇ ਉਹਨਾਂ ਦੇ ਵਾਰਸ ਪਰਿਵਾਰਾਂ ਦਾ ਹੀ ਬੋਲ ਬਾਲਾ ਹੈ। ਜੇ ਅਜੇ ਵੀ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਬਣਨ ਤੇ ਵੀ ਕਾਂਗਰਸੀ ਨੇਤਾ ਖ਼ੁਸ਼ ਨਹੀਂ ਹਨ ਤਾਂ ਫਿਰ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਕੇਜ਼ਰੀਵਾਲ ਦੀ ਪਾਰਟੀ ਦਿੱਲੀ ਦੀ ਤਰ੍ਹਾਂ ਬਾਹਰ ਦਾ ਰਸਤਾ ਵਿਖਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗੀ। ਕਿਸੇ ਵੀ ਨੇਤਾ ਨੂੰ ਪਾਰਟੀ ਦੇ ਭਵਿਖ ਦਾ ਫਿਕਰ ਨਹੀਂ,ਉਹਨਾਂ ਨੂੰ ਤਾਂ ਆਪਣੇ ਭਵਿਖ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ। ਜਿਹਨਾਂ ਨੂੰ ਅਹੁਦੇ ਮਿਲ ਗਏ ਉਹ ਤਾਂ ਬਾਗੋ ਬਾਗ ਹਨ। ਹੁਣ ਤੱਕ ਲਗਪਗ 75 ਨੇਤਾ ਅਸੰਤੁਸ਼ਟਤਾ ਦਾ ਪ੍ਰਗਟਾਵਾ ਕਰ ਚੁਕੇ ਹਨ ਪ੍ਰੰਤੂ ਅਮਲੀ ਤੌਰ ਤੇ ਅਸਤੀਫਾ ਕਿਸੇ ਨੇ ਨਹੀਂ ਦਿੱਤਾ, ਉਹ ਤਾਂ ਪਾਰਟੀ ਤੇ ਦਬਾਅ ਪਾ ਕੇ ਆਪੋ ਆਪਣੀ ਅਹਿਮੀਅਤ ਬਣਾ ਰਹੇ ਹਨ,ਅਹੁਦੇ ਮੰਗ ਵੀ ਰਹੇ ਹਨ ਅਤੇ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ ਉਹ ਪਾਰਟੀ ਦੇ ਵਫਾਦਾਰ ਵਰਕਰ ਦੇ ਤੌਰ ਤੇ ਕੰਮ ਕਰਨਗੇ ਜਦੋਂ ਕਿ ਉਹਨਾਂ ਪਾਰਟੀ ਵਿਰੁਧ ਬਗਾਬਤ ਦਾ ਝੰਡਾ ਚੁੱਕਕੇ ਪਾਰਟੀ ਦੀ ਮਿੱਟੀ ਪਲੀਤ ਕਰ ਦਿੱਤੀ ਹੈ। ਅਸ਼ਵਨੀ ਸ਼ੇਖੜੀਂ ਨੇ ਇਹ ਬਿਆਨ ਦੇ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਕਾਂਗਰਸ ਵਿੱਚ ਦੂਜੀਆਂ ਪਾਰਟੀਆਂ ਦੇ ਲੋਕ ਇੱਕ ਸ਼ਾਜਸ਼ ਅਧੀਨ ਸ਼ਾਮਲ ਹੋ ਕੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਕਾਂਗਰਸ ਹਾਈ ਕਮਾਂਡ ਜੇ ਚਾਹੁੰਦੀ ਤਾਂ ਬਿਆਨਬਾਜ਼ੀ ਬੰਦ ਕਰਵਾ ਸਕਦੀ ਸੀ। ਉਹ ਕਿਸੇ ਇੱਕ ਨੇਤਾ ਨੂੰ ਸਿਰਮੌਰ ਨੇਤਾ ਨਹੀਂ ਬਣਨ ਦਿੰਦੇ,ਪਹਿਲਾਂ ਕੈਪਟਨ ਨੂੰ ਹਟਾਕੇ ਬਾਜਵਾ ਨੂੰ ਪ੍ਰਧਾਨ ਬਣਾ ਦਿੱਤਾ ਫਿਰ ਜਦੋਂ ਬਾਜਵਾ ਦੀ ਚੜ੍ਹਤ ਹੋ ਗਈ ਤਾਂ ਕੈਪਟਨ ਨੂੰ ਵਰਕਿੰਗ ਕਮੇਟੀ ਵਿੱਚ ਲੈ ਲਿਆ। ਪੌੜੀ ਤੇ ਚੜ੍ਹਾ ਕੇ ਉਹ ਪੌੜੀ ਖਿੱਚ ਲੈਂਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਨੇਤਾ ਅਹੁਦਾ ਲੈਂਦਾ ਹੈ ਤਾਂ ਹਮੇਸ਼ਾ ਕਿਸੇ ਦਾ ਖੋਹ ਕੇ ਹੀ ਲੈਂਦਾ ਹੈ,ਇਸਦਾ ਅਰਥ ਉਸਨੂੰ ਸਮਝਣਾ ਚਾਹੀਦਾ ਹੈ ਕਿ ਉਸੇ ਤਰ੍ਹਾਂ ਉਸਤੋਂ ਵੀ ਕੋਈ ਖੋਹੇਗਾ ਹੀ। ਕਾਂਗਰਸ ਪਾਰਟੀ ਦੇ ਨੇਤਾ ਜਿਹੜੇ ਬਗਾਬਤ ਦੇ ਬਿਆਨ ਦੇ ਰਹੇ ਹਨ ਜੇ ਉਹ ਇੰਨੇ ਬਿਆਨ ਅਕਾਲੀ ਸਰਕਾਰ ਦੇ ਖਿਲਾਫ ਉਹਨਾਂ ਨੂੰ ਮਿਲੇ ਮੁਦਿਆਂ ਜਿਵੇਂ ਕਿ ਪ੍ਰਾਪਰਟੀ ਟੈਕਸ,ਗੈਰ ਕਾਨੂੰਨੀ ਕਾਲੋਨੀਆਂ ਨੂੰ ਜਜੀਆ ਲਗਾਉਣ,ਰੇਤਾ ਬਜਰੀ ਦੀਆਂ ਦਰਾਂ,ਅਕਾਲੀ ਨੇਤਾਵਾਂ ਵਲੋਂ ਜ਼ਮੀਨਾਂ ਤੇ ਕਬਜੇ,ਲੜਕੀਆਂ ਨੂੰ ਅਗਵਾ ਕਰਨਾ,ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਹੋਣਾਂ,ਬਿਜਲੀ ਪਾਣੀ ਦੀਆਂ ਦਰਾਂ ਵਿੱਚ ਵਾਧਾ ਅਤੇ ਪੁਲਸੀਆਂ ਨੂੰ ਮਾਰਨ ਦੇ ਵਿਰੁਧ ਦਿੰਦੇ ਤਾਂ ਕਾਂਗਰਸ ਪਾਰਟੀ ਮਜ਼ਬੂਤ ਹੋਣੀ ਸੀ ਪ੍ਰੰਤੂ ਉਹ ਤਾਂ ਆਪਣੀ ਬੇੜੀ ਵਿੱਚ ਹੀ ਵੱਟੇ ਪਾ ਰਹੇ ਹਨ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ ਜੇਕਰ ਕਾਂਗਰਸੀ ਆਪਣਾ ਕਾਟੋ ਕਲੇਸ਼ ਬੰਦ ਕਰ ਦੇਣ ਅਤੇ ਲਾਮਬੰਦ ਹੋ ਕੇ ਲੜਾਈ ਲੜਨ। ਪੰਜਾਬ ਦੇ ਲੋਕ ਉਹਨਾਂ ਦਾ ਸਾਥ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ। ਕਾਂਗਰਸ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਪ੍ਰਤਾਪ ਸਿੰਘ ਬਾਜਵਾ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ ਗਿਆ ਹੈ। ਕੁਝ ਕੁ ਮੁਠੀ ਭਰ ਨੇਤਾਵਾਂ ਨੂੰ ਛੱਡਕੇ ਬਾਕੀ ਸਾਰੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਗਏ ਹਨ ਜੋ ਕਿ ਪਾਰਟੀ ਲਈ ਸ਼ੁਭ ਸੰਕੇਤ ਹੈ। ਕਾਂਗਰਸ ਪਾਰਟੀ ਬਾਗੀਆਂ ਦੀ ਅਸੰਤੁਸ਼ਟਤਾ ਦੂਰ ਕਰਨ ਲਈ ਲਿਪਾ ਪੋਚੀ ਕਰਨ ਲਈ ਮਹਿੰਦਰ ਸਿੰਘ ਕੇ.ਪੀ.ਦੀ ਅਗਵਾਈ ਵਿੱਚ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਸਨੂੰ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਨੇਤਾ ਇਸ ਸੂਚੀ ਤੋਂ ਨਾਖ਼ੁਸ਼ ਹਨ ਉਹਨਾਂ ਨੂੰ ਹੀ ਸ਼ਿਕਾਇਤਾਂ ਸੁਣਨ ਲਾ ਦਿੱਤਾ ਹੈ। ਇਹ ਕਮੇਟੀ ਉਹਨਾਂ ਦੇ ਵਿਚਾਰ ਸੁਣਕੇ ਪੱਲਾ ਝਾੜ੍ਹ ਲਵੇਗੀ,ਇਹ ਲਿਪਾ ਪੋਚੀ ਕਰਨ ਦੀ ਕਾਂਗਰਸ ਪਾਰਟੀ ਦੀ ਪੁਰਾਣੀ ਰਵਾਇਤ ਹੈ।