ਅੰਮ੍ਰਿਤਸਰ:- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਮੇਂ ਚਲ ਰਹੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਕੁਟਮਾਰ ਤੇ ਦਸਤਾਰ ਲੱਥਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤਖਤ ਸਾਹਿਬਾਨ ਦੇ ਜਥੇਦਾਰ ਕੌਮੀ ਫੈਸਲੇ ਕਰਦੇ ਹਨ, ਪ੍ਰੰਤੂ ਇੱਕ ਜਥੇਦਾਰ ਦੀ ਦਸਤਾਰ ਲਾਉਣੀ ਜਾਂ ਕੁੱਟਮਾਰ ਕਰਨੀ ਬੇਹੱਦ ਨਿੰਦਣਯੋਗ ਘਟਨਾ ਹੈ ‘ਤੇ ਇਸ ਘਟਨਾ ਦੀ ਜਿੰਨੀ ਨਿੰਦਾ ਹੋਵੇ ਥੋੜੀ ਹੈ। ਇਹ ਸਾਰਾ ਕੁਝ ਪ੍ਰਬੰਧਕਾਂ ਦੇ ਗਲਤ ਫੈਸਲੇ ਦੀ ਵਜ੍ਹਾ ਕਰਕੇ ਹੀ ਵਾਪਰਿਆ ਹੈ
ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪਟਨਾ ਸਾਹਿਬ ਕਮੇਟੀ ਦੇ ਕੇਵਲ ੧੫ ਮੈਂਬਰ ਹਨ, ਪ੍ਰੰਤੂ ਉਨ੍ਹਾਂ ਵਿੱਚੋਂ ਜ਼ਿਆਦਾਤਰ ਮੈਂਬਰਾਂ ਨੂੰ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਬਾਰੇ ਪਤਾ ਹੀ ਨਹੀਂ ਸੀ। ਜੇਕਰ ਇਹ ਸਾਰਾ ਕੁਝ ਪਾਰਦਰਸ਼ੀ ਸੀ ਤਾਂ ਫਿਰ ਇਸ ਦੀ ਪਹਿਲਾਂ ਜਥੇਦਾਰ ਇਕਬਾਲ ਸਿੰਘ ਨੂੰ ਸੂਚਨਾ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਦੋਂ ਵੀ ਕੋਈ ਨਵਾਂ ਸਿੰਘ ਸਾਹਿਬ ਥਾਪਦੀ ਹੈ ਬਕਾਇਦਾ ਪਹਿਲਾਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਵਿਚਾਰ ਚਰਚਾ ਕਰਕੇ ਫੈਸਲਾ ਕੀਤਾ ਜਾਂਦਾ ਹੈ, ਉਪਰੰਤ ਤਾਜਪੋਸ਼ੀ ਲਈ ਤਾਰੀਖ ਨੀਯਤ ਕੀਤੀ ਜਾਂਦੀ ਹੈ ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਕਰਕੇ ਦਸਤਾਰ ਭੇਂਟ ਕੀਤੀ ਜਾਂਦੀ ਹੈ ਉਪਰੰਤ ਸਮੁੱਚੀਆਂ ਜਥੇਬੰਦੀਆਂ ਵੀ ਦਸਤਾਰ ਭੇਟ ਕਰਦੀਆਂ ਹਨ ਪਰ ਪਟਨਾ ਸਾਹਿਬ ਵਿਖੇ ਕਮੇਟੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਜਿਸ ਕਰਕੇ ਇਹ ਸਾਰਾ ਕੁਝ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਅਗਵਾਈ ‘ਚ ਪੰਜ ਮੈਂਬਰੀ ਕਮੇਟੀ ਪਟਨਾ ਸਾਹਿਬ ਪਹੁੰਚ ਚੁੱਕੀ ਹੈ ਤੇ ਸਾਰੀ ਘਟਨਾ ਦੀ ਮੁਕੰਮਲ ਪੜ੍ਹਤਾਲ ਕਰ ਰਹੀ ਹੈ ਜੋ ਵੀ ਅਸਲੀਅਤ ਹੋਵੇਗੀ ਰੀਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਜਾਵੇਗੀ।
ਇਸ ਤੋਂ ਪਹਿਲਾਂ ਆਸਟਰੇਲੀਆ, ਇੰਗਲੈਂਡ ਤੇ ਕੈਨੇਡਾ ਦੀਆਂ ਸੰਗਤਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਤਿਆਰ ਕਰਨ, ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਤੇ ਵਾਰ-ਵਾਰ ਹੋ ਰਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਸਬੰਧੀ ਤਿਆਰ ਕੀਤੀ ਇਕ ਕੰਪਿਊਟਰੀ-ਕਰਨ ਵਿਧੀ ਪ੍ਰੋਜੈਕਟਰ ਰਾਹੀਂ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਘਰ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਖਾਈ ਤੇ ਇਸ ਬਾਰੇ ਪ੍ਰੋਫੈਸਰ ਸੁਖਬੀਰ ਸਿੰਘ ਮੈਲਬੌਰਨ ਆਸਟਰੇਲੀਆ ਨੇ ਮੁਕੰਮਲ ਜਾਣਕਾਰੀ ਦਿੱਤੀ। ਇਸ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ੀ ਸਿੰਘਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੋਲਡਨ ਆਫਸੈੱਟ ਪ੍ਰੈੱਸ ਰਾਮਸਰ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਹਜ਼ਾਰਾਂ ਦੀ ਗਿਣਤੀ ਵਿੱਚ ਕੀਤੀ ਜਾਂਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਲੱਗੀ ਪ੍ਰੈੱਸ ਇੱਕ ਜਾਂ ਦੋ ਸਰੂਪ ਨਹੀਂ ਛਾਪਦੀ ਸੋ ਇਸ ਕਰਕੇ ਇਸ ਪ੍ਰਣਾਲੀ ਨੂੰ ਅਪਨਾਉਣ ਲਈ ਕੁਝ ਵਕਤ ਲੱਗੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਜਦੋਂ ਵੀ ਪਾਵਨ ਸਰੂਪ ਭੇਜੇ ਜਾਂਦੇ ਹਨ ਬਕਾਇਦਾ ਮਰਿਯਾਦਾ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੀ ਪਾਵਨ ਸਰੂਪਾਂ ਵਾਲੀ ਬੱਸ ‘ਚ ਸਸ਼ੋਭਿਤ ਕਰਕੇ ਸਤਿਕਾਰ ਸਹਿਤ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਕਿਸੇ ਪਿੰਡ ਜਾਂ ਸ਼ਹਿਰ ਤੋਂ ਪਾਵਨ ਸਰੂਪ ਲੈਣ ਲਈ ਆਉਂਦਾ ਹੈ। ਸਬੰਧਤਾਂ ਦਾ ਮੁਕੰਮਲ ਐਡਰੈਸ ਤੇ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਜਾਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਪ੍ਰਚਾਰਕ ਦੀ ਸਿਫ਼ਾਰਸ਼ ਸਹਿਤ ਹੀ ਦਿੱਤੇ ਜਾਂਦੇ ਹਨ।
ਇਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਫੈਸਰ ਸੁਖਬੀਰ ਸਿੰਘ, ਸ.ਗੁਰਵਿੰਦਰ ਸਿੰਘ, ਸ.ਇੰਦਰਜੀਤ ਸਿੰਘ, ਸ.ਕਮਲਜੀਤ ਸਿੰਘ, ਸ.ਹਰਪਿੰਦਰ ਸਿੰਘ, ਸ.ਸੁਖਵਿੰਦਰ ਸਿੰਘ, ਸ.ਗੁਰਸ਼ਰਨ ਸਿੰਘ, ਸ.ਜਸਵਿੰਦਰ ਸਿੰਘ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ, ਸ.ਦਲਮੇਘ ਸਿੰਘ, ਸ.ਰੂਪ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ.ਪਰਮਜੀਤ ਸਿੰਘ ਸਰੋਆ ਤੇ ਸ.ਜਗਜੀਤ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਦੀਪਇੰਦਰ ਸਿੰਘ ਮੈਨੇਜਰ ਗੋਲਡਨ ਆਫ਼ਸੈੱਟ ਪ੍ਰੈੱਸ ਆਦਿ ਹਾਜ਼ਰ ਸਨ।