ਪਟਿਆਲਾ – ਅੱਜ ਇੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ.ਸਿੰਘ, ਆਈ.ਏ.ਐਸ. ਨੇ ਪੰਜਾਬ ਸਰਕਾਰ ਦੀ ਮਾਰਫ਼ਤ ਜ਼ਿਲਾ ਪ੍ਰਸ਼ਾਸਨ ਪਟਿਆਲਾ ਦੀ ਤਰਫ਼ੋਂ ਉਘੇ ਪੰਜਾਬੀ ਲੋਕ ਸ਼ਾਇਰ cਫੈਸਰ ਕੁਲਵੰਤ ਸਿੰਘ ਗਰੇਵਾਲ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਨਮਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਜੁਰਗ ਸਾਹਿਤਕਾਰ ਸਾਡਾ ਸਰਮਾਇਆ ਹਨ ਅਤੇ ਸਮਾਜ ਦੀ ਉਸਾਰੀ ਵਿਚ ਉਹਨਾਂ ਦੀ ਕਲਮ ਬਾਖੂਬੀ ਭੂਮਿਕਾ ਨਿਭਾੳਂਦੀ ਹੈ। ਸ. ਜੀ.ਕੇ.ਸਿੰਘ ਨੇ ਇਹ ਵੀ ਕਿਹਾ ਕਿ ਕਲਮਕਾਰਾਂ ਦਾ ਸਾਹਿਤ ਆਪਣੇ ਸਭਿਆਚਾਰ ਅਤੇ ਮਾਂ ਬੋਲੀ ਦਾ ਦਰਪਣ ਹੁੰਦੇ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਪਾਸੋਂ ਗਿਆਨ, ਤਜਰਬਾ ਅਤੇ ਸੇਧ ਪ੍ਰਾਪਤ ਹੁੰਦੀ ਹੈ। ਪ੍ਰੋਫੈਸਰ ਗਰੇਵਾਲ ਨੇ ਸ. ਜੀ.ਕੇ.ਸਿੰਘ ਆਈ.ਏ.ਐਸ. ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਜੋ ਮਾਣ ਦਿਤਾ ਗਿਆ ਹੈ , ਉਹ ਉਸ ਰਿਣ ਨੂੰ ਕਦੇ ਨਹੀਂ ਉਤਾਰ ਸਕਦੇ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਗਰੇਵਾਲ ਨੇ ਬੰਗਲਾ ਸਾਹਿਤ ਤੋਂ ਆਪਣੀ ਸਾਹਿਤਕ ਯਾਤਰਾ ਦਾ ਪੈਂਡਾ ਆਰੰਭ ਕੀਤਾ ਸੀ ਅਤੇ ਪੰਜਾਬੀ ਸ਼ਾਇਰੀ ਅਤੇ ਸੰਪਾਦਨਾ ਦੇ ਖੇਤਰ ਵਿਚ ਵੀ ਵੱਡਾ ਨਾਂ ਕਮਾਇਆ ਹੈ। ਉਨ੍ਹਾਂ ਦੀ ਪੁਸਤਕ ਤੇਰਾ ਅੰਬਰਾਂ ਚ ਨਾਂ ਲਿਖਿਆ ਨੇ ਪ੍ਰਸਿੱਧੀ ਖੱਟੀ ਹੈ। ਹਾਲ ਵਿਚ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਨ੍ਹਾਂ ਨੂੰ ਫੈਲੋਸ਼ਿੱਪ ਨਾਲ ਨਿਵਾਜਿਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦੀ ਸੁਪਤਨੀ ਸ੍ਰੀਮਤੀ ਬਲਵਿਦਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਸਪੁੱਤਰ ਨੌਜਵਾਨ ਗਾਇਕ ਦਿਲਰਾਜ ਗਰੇਵਾਲ ਨੇ ਆਪਣੇ ਪਿਤਾ ਦੇ ਲਿਖੇ ਮਾਹੀਏ ਤਰੁੰਨਮ ਵਿਚ ਪੇਸ਼ ਕੀਤੇ। ਪ੍ਰੋ. ਗਰੇਵਾਲ ਨੇ ਵੀ ਕਈ ਕਾਵਿ ਵੰਨਗੀਆਂ ਗਾ ਕੇ ਸੁਣਾਈਆਂ। ਇਸ ਸਮਾਗਮ ਵਿਚ ਸਾਹਿਤ ਅਕਾਦਮੀ ਅਵਾਰਡੀ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾਂ. ਦਰਸ਼ਨ ਸਿੰਘ ਆਸ਼ਟ, ਉਘੇ ਚਿੰਤਕ ਡਾ. ਸਵਰਾਜ ਸਿੰਘ, ਆਈ.ਏ.ਐਸ.ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਹਰਜਿੰਦਰਪਾਲ ਸਿੰਘ ਵਾਲੀਆ, ਸ੍ਰੋਮਣੀ ਸਾਹਿਤਕਾਰ ਡਾ. ਹੁਕਮਚੰਦ ਰਾਜਪਾਲ, ਸਟੇਟ ਅਵਾਰਡੀ ਡਾ. ਰਾਜਵੰਤ ਕੌਰ ਪੰਜਾਬੀ, ਜ਼ਿਲ੍ਹਾ ਰੈਡ ਕਰਾਸ ਦੇ ਸਕੱਤਰ ਸ. ਪ੍ਰਿਤਪਾਲ ਸਿੰਘ ਸਿੱਧੂ ਤੋਂ ਇਲਾਵਾ ਪ੍ਰੋ. ਗਰੇਵਾਲ ਦੇ ਹੋਰ ਪਰਿਵਾਰਕ ਜੀਆਂ ਵਿਚੋਂ ਸਿਮਰਨ ਸਿੰਘ ਗਰੇਵਾਲ, ਦਿਲਜਾਨ ਗਰੇਵਾਲ, ਫਤਹਿਬੀਰ ਸਿੰਘ ਗਰੇਵਾਲ ਅਤੇ ਨੂੰਹ ਸ੍ਰੀਮਤੀ ਰਾਜਵਿੰਦਰ ਕੌਰ ਓਲੰਪੀਅਨ ਆਦਿ ਵੀ ਹਾਜ਼ਰ ਸਨ ।
ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਲੋਕ ਸ਼ਾਇਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ
This entry was posted in ਪੰਜਾਬ.