ਵਾਸ਼ਿੰਗਟਨ- ਇੰਡੀਅਨ ਡਿਪਲੋਮੈਟ ਦੇਵਆਨੀ ਦੇ ਅਮਰੀਕਾ ਤੋਂ ਇੰਡੀਆ ਵਾਪਿਸ ਪਰਤਣ ਤੋਂ ਬਾਅਦ ਵੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਆਉਣ ਤੋਂ ਬਾਅਦ ਉਸ ਨੂੰ ਰਾਜਨਾਇਕ ਛੋਟ ਨਹੀਂ ਹੈ ਅਤੇ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਸਕਦੇ ਹਨ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਜੇਨ ਸਾਕੀ ਵੱਲੋਂ ਦੇਵਆਨੀ ਅਤੇ ਭਾਰਤ ਸਰਕਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਸ ਨੂੰ ਕੋਰਟ ਵਿੱਚ ਪੇਸ਼ੀ ਤੋਂ ਇਲਾਵਾ ਅਮਰੀਕਾ ਵਾਪਿਸ ਆਉਣ ਦੀ ਵੀ ਇਜਾਜਤ ਨਹੀਂ ਹੋਵੇਗੀ। ਸਾਕੀ ਨੇ ਕਿਹਾ, ‘ਉਸ ਦਾ ਨਾਂ ਵੀਜ਼ਾ ਅਤੇ ਇਮੀਗਰੇਸ਼ਨ ਲੁਕਆਊਟ ਸਿਸਟਮ ਵਿੱਚ ਪਾ ਦਿੱਤਾ ਜਾਵੇਗਾ ਤਾਂ ਕਿ ਭੱਵਿਖ ਵਿੱਚ ਉਸ ਨੂੰ ਨਾਰਮਲ ਵੀਜ਼ਾ ਜਾਰੀ ਹੋਣ ਤੋਂ ਰੋਕਿਆ ਜਾ ਸਕੇ ਅਤੇ ਉਸ ਦੀ ਵਾਪਸੀ ਤੇ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਸਕਣ।’
ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਦੇਵਆਨੀ ਖੋਬਰਾਗੜੇ ਦੀ ਅਮਰੀਕਾ ਤੋਂ ਵਾਪਸੀ ਨਾਲ ਉਸ ਦੇ ਖਿਲਾਫ਼ ਲਗੇ ਆਰੋਪਾਂ ਵਿੱਚ ਕੋਈ ਪ੍ਰੀਵਰਤਣ ਨਹੀਂ ਆਵੇਗਾ। ਨਿਊਯਾਰਕ ਦੀ ਅਦਾਲਤ ਵਿੱਚ ਦੇਵਆਨੀ ਦੇ ਖਿਲਾਫ ਵੀਜ਼ੇ ਸਬੰਧੀ਼ ਧੋਖੇਬਾਜ਼ੀ ਅਤੇ ਗਲਤ ਜਾਣਕਾਰੀ ਦੇਣ ਦੇ ਆਰੋਪ ਤੈਅ ਹੋ ਚੁੱਕੇ ਹਨ।ਇਸ ਲਈ ਇਹ ਆਰੋਪ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੇ ਕਿਉਂਕਿ ਅਜਿਹੇ ਹਰ ਕੇਸ ਵਿੱਚ ਅਜਿਹੀ ਹੀ ਮਾਣਕ ਪ੍ਰਕਿਰਿਆ ਦਾ ਪਾਲਣ ਕੀਤਾ ਜਾਂਦਾ ਹੈ।
ਵਰਨਣਯੋਗ ਹੈ ਕਿ ਦੇਵਆਨੀ ਦੀ ਸ਼ਾਦੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨਾਲ ਹੋਈ ਹੈ ਅਤੇ ੳਸ ਦੀਆਂ ਦੋ ਅਤੇ ਤਿੰਨ ਸਾਲ ਦੀ ਉਮਰ ਦੀਆਂ ਦੋ ਛੋਟੀਆਂ ਬੱਚੀਆਂ ਵੀ ਹਨ।