ਜਲੰਧਰ–ਨਸ਼ੇ, ਭਰੂਣ ਹੱਤਿਆ ਅਤੇ ਹੋਰ ਸਮਾਜਕ ਬੁਰਾਈਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ‘ਯਾਦ ਫਾਊਂਡੇਸ਼ਨ ਪੰਜਾਬ’ ਵੱਲੋਂ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਅੱਜ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਕੈਨੇਡਾ ਵਾਸੀ ਡਾ. ਰਘਬੀਰ ਸਿੰਘ ਬੈਂਸ ਵੱਲੋਂ ਸੰਬੋਧਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਸੱਥ ਲਾਂਬਡ਼ਾ ਦੇ ਪ੍ਰਧਾਨ ਡਾ. ਨਿਰਮਲ ਸਿੰਘ ਨੇ ਕੀਤੀ। ਇਸ ਮੌਕੇ ਡਾ. ਨਿਰਮਲ ਸਿੰਘ ਨੇ ਪੰਜਾਬ ਦੀ ਜਵਾਨੀ ਦੇ ਨਸ਼ਿਆਂ ਦੀ ਜਕਡੜ ਵਿਚ ਆਉਣ ਦੇ ਨਾਲ-ਨਾਲ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।
ਡਾ. ਬੈਂਸ ਨੇ ਮਲਟੀਮੀਡੀਆ ਤਕਨਾਲੋਜੀ ਰਾਹੀਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨਸ਼ਿਆਂ, ਘਰੇਲੂ ਹਿੰਸਾ, ਭਰੂਣ ਹੱਤਿਆ, ਵੇਸਵਾਗਮਨੀ ਅਤੇ ਏਡਜ਼ ਵਰਗੀਆਂ ਅਲਾਮਤਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਇਤਿਹਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨਸ਼ੇ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਦਲਦਲ ’ਚ ਸੁੱਟ ਰਹੇ ਹਨ ਜਿਸ ਕਰਕੇ ਘਰਾਂ ਦੇ ਘਰ ਤਬਾਹ ਹੋ ਰਹੇ ਹਨ ਅਤੇ ਮਾਪੇ ਦੁਹੱਥੜਾਂ ਮਾਰ ਮਾਰ ਉਮਰ ਭਰ ਰੋਂਦੇ ਰਹਿੰਦੇ ਹਨ । ਨਸ਼ਿਆਂ ਦਾ ਸੇਵਨ ਕਰਕੇ ਜਿਥੇ ਦਿਮਾਗੀ ਤੇ ਮਾਨਸਿਕ ਕਮਜ਼ੋਰੀ ਆਉਂਦੀ ਹੈ ਉਥੇ ਪਰਿਵਾਰਕ ਜੀਵਨ ’ਚ ਵਿਗਾੜ, ਬਲਾਤਕਾਰ, ਜੁਰਮ, ਲੁੱਟਾਂ-ਖੋਹਾਂ ਅਤੇ ਸੜਕ ਦੁਰਘਟਨਾਵਾਂ ਵੀ ਵਾਪਰਦੀਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਪ੍ਰਹੇਜ਼ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ ਜਿਸ ਨਾਲ ਵਿਸ਼ਵ ਭਰ ਵਿੱਚ ਸ਼ਾਂਤੀ ਦਾ ਮਾਹੌਲ਼ ਸਥਾਪਤ ਕੀਤਾ ਜਾ ਸਕਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਅਤੇ ਹੋਰ ਸਮਾਜਿਕ ਬੀਮਾਰੀਆਂ ਦੇ ਖਾਤਮੇ ਲਈ ਜਿੱਥੇ ਟੀਚਰਾਂ, ਪ੍ਰੀਚਰਾਂ, ਰੋਲ ਮਾਡਲਾਂ ਅਤੇ ਸਰਕਾਰਾਂ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ ਉੱਥੇ ਯੁਵਕ ਪੀੜ੍ਹੀ ਨੂੰ ਵੀ ਬੁਰਾਈਆਂ ਦੇ ਖਾਮੇ ਲਈ ਖੁਦ ਕੰਮ ਕਰਨਾ ਚਾਹੀਦਾ ਹੈ । ਉਨ੍ਹਾਂ ਸਰਕਾਰਾਂ ਨੂੰ ਵੀ ਸੁਝਾਅ ਦਿੱਤਾ ਕਿ ਨਿਰੰਤਰ ਵਧ ਰਹੀ ਨਸ਼ਿਆਂ ਦੀ ਸਪਲਾਈ ਨੂੰ ਯੋਜਨਾਵਧ ਤਰੀਕੇ ਨਾਲ ਹਰ ਸਾਲ ਘਟਾਉਣਾ ਚਾਹੀਦਾ ਹੈ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ ।
ਇਸ ਮੌਕੇ ਫਾਊਂਡੇਸ਼ਨ ਦੇ ਉਪ-ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਯਾਦ ਫਾਊਂਡੇਸ਼ਨ ਵੱਲੋਂ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ-ਜਲੰਧਰ, ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ-ਜਲੰਧਰ, ਲਾਇਲਪੁਰ ਖਾਲਸਾ ਕਾਲਜ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ-ਜਲੰਧਰ, ਸ੍ਰੀ ਗੁਰੂ ਅੰਗਦ ਦੇਵ ਕਾਲਜ-ਖਡੂਰ ਸਾਹਿਬ ਆਦਿ ਸਥਾਨਾਂ ’ਤੇ ਨਸ਼ਿਆਂ ਅਤੇ ਹੋਰ ਸਮਾਜਕ ਬੁਰਾਈਆਂ ਦੀ ਰੋਕਥਾਮ ਲਈ ਸੈਮੀਨਾਰ ਕਰਵਾਏ ਜਾ ਚੁੱਕੇ ਹਨ। ਫਾਊਂਡੇਸ਼ਨ ਵੱਲੋਂ ਵੱਖ-ਵੱਖ ਸਥਾਨਾਂ ’ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਲਿਟਰੇਚਰ ਵੀ ਵੰਡਿਆ ਜਾਂਦਾ ਹੈ।
ਸੇਵਾ ਮੁਕਤ ਆਈ.ਪੀ.ਐਸ. ਸਰੂਪ ਸਿੰਘ ਨੇ ਨਸ਼ਿਆਂ ਦੇ ਮਾਰੂ ਅਸਰਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਤੋਂ ਬਚਣ ਲਈ ਹਾਜ਼ਰੀਨ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਿਆਂ ਪ੍ਰਤੀ ਹਰ ਮਨੁੱਖ ਨੂੰ ਆਪਣੀ ਮਾਨਸਿਕਤਾ ਬਦਲਣੀ ਚਾਹੀਦੀ ਹੈ ਜਿਸ ਲਈ ਸਰਕਾਰਾਂ ਨੂੰ ਈਮਾਨਦਾਰਾਨਾ ਯਤਨ ਕਰਨੇ ਚਾਹੀਦੇ ਹਨ ।
ਅੰਤ ਵਿਚ ਫਾਊਂਡੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਗਾਬਾ, ਬੇਅੰਤ ਸਿੰਘ ਸਰਹੱਦੀ, ਪ੍ਰਿੰਸੀਪਲ ਸੁਰਿੰਦਰ ਬੰਗਡੜ, ਪ੍ਰਿੰਸੀਪਲ ਸਰੂਚੀ ਰਿਸ਼ੀ, ਦਲਜੀਤ ਸਿੰਘ ਰੀਟਾਰਿਡ ਡੀ ਐਸ ਪੀ, ਗੁਰਬਚਨ ਸਿੰਘ ਪੰਜਾਬ ਪੁਲਿਸ, ਸੰਤੋਖ ਸਿੰਘ ਪਾਇਲਟ, ਐਸ.ਪੀ. ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ, ਬੰਤ ਸਿੰਘ, ਭਗਵੰਤ ਸਿੰਘ, ਗੁਰਚਰਨ ਸਿੰਘ, ਮਹਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ, ਪ੍ਰਮਿੰਦਰ ਸਿੰਘ, ਸੁਖਜੀਵਨ ਸਿੰਘ, ਹਰਮਿੰਦਰ ਸਿੰਘ ਸਹਿਗਲ, ਰਿਪੁਦਮਨ ਸਿੰਘ, ਬਿਸਮਪਾਲ ਸਿੰਘ, ਗੁਰਲੀਨ ਸਿੰਘ, ਅਮਰਜੀਤ ਸਿੰਘ, ਬੀਬੀ ਪਰਮਜੀਤ ਕੌਰ ਬੈਂਸ, ਮਨਜਿੰਦਰ ਕੌਰ, ਬਲਜੀਤ ਕੌਰ, ਜਸਦੀਪ ਕੌਰ ਸਮੇਤ ਫਾਊਂਡੇਸ਼ਨ ਦੇ ਸਮੂਹ ਮੈਂਬਰ, ਪਤਵੰਤੇ ਅਤੇ ਪ੍ਰੈਸ ਦੇ ਰੀਪੋਰਟਰ ਹਾਜ਼ਰ ਸਨ।