ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਸਾਂਝੇ ਬਿਆਨ ਵਿੱਚ ਆਪਣੇ ਪ੍ਰਬੰਧਕੀ-ਕਾਲ ਬੀਤੇ ਵਰ੍ਹੇ ਦੇ ਦਸਾਂ ਮਹੀਨਿਆਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਕਿਹਾ ਕਿ ਦਿੱਲੀ ਦੇ ਸਿੱਖਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਤੀ ਜੋ ਵਿਸ਼ਵਾਸ ਪ੍ਰਗਟ ਕਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕੀ ਜ਼ਿਮੇਂਦਾਰੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀਆਂ ਹਨ, ਉਸ ਵਿਸ਼ਵਾਸ ਤੇ ਪੂਰਿਆਂ ਉਤਰਨ ਪ੍ਰਤੀ ਵਚਨਬੱਧ ਰਹਿੰਦਿਆਂ, ਸੰਗਤਾਂ ਦੇ ਸਹਿਯੋਗ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਇਦਿਆਂ ਨੂੰ ਪੂਰਿਆਂ ਕੀਤੇ ਜਾਣ ਨੂੰ ਪਹਿਲ ਦਿੰਦਿਆਂ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਾਰਦਰਸ਼ੀ ਬਣਾਏ ਜਾਣ ਵਲ ਉਚੇਚਾ ਧਿਆਨ ਦਿੱਤਾ ਹੈ। ਇਨ੍ਹਾਂ ਮੁੱਖੀਆਂ ਨੇ ਦਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਅਣਗੋਲਿਆਂ ਕੀਤੇ ਜਾਣ ਕਾਰਣ ਸਿੱਖ ਸਮਾਜ ਤੋਂ ਦੂਰ ਚਲੇ ਆ ਰਹੇ ਵਣਜਾਰੇ, ਸਿਕਲੀਗਰਾਂ, ਰੰਗਰੇਟਿਆਂ, ਲੁਭਾਣਿਆਂ ਆਦਿ ਦੀਆਂ ਫਿਰਤੂ ਬਿਰਾਦਰੀਆਂ ਨੂੰ ਸਿੱਖ ਸਮਾਜ ਦੇ ਘੇਰੇ ਵਿੱਚ ਲਿਆਣ ਦੇ ਉਦੇਸ਼ ਨਾਲ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਉਚੇਚੀ ਬੈਠਕ ਕੀਤੀ ਗਈ, ਇਸ ਬੈਠਕ ਵਿੱਚ ਉਨ੍ਹਾਂ ਨਾਲ ਨਿਰੰਤਰ ਸੰਪਰਕ ਬਣਾਈ ਰਖਣ, ਉਨ੍ਹਾਂ ਨੂੰ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਦੁਆਣ ਲਈ ਨੋਡਲ ਅਫਸਰ ਨਿਯੁਕਤ ਕਰਨ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਸਿੱਖੀ ਵਿਰਸੇ ਨਾਲ ਜੋੜੀ ਰਖਣ ਲਈ, ਇਨ੍ਹਾਂ ਦੀ ਵਸੋਂ ਵਾਲੇ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਸਥਾਪਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਇਸਤੋਂ ਇਲਾਵਾ ਸਿੱਖ ਪਨੀਰੀ ਨੂੰ ਸਿੱਖੀ ਜੀਵਨ ਅਤੇ ਸਰੂਪ ਨਾਲ ਜੁੜੇ ਰਹਿਣ ਲਈ ਪ੍ਰੇਰਨ ਅਤੇ ਉਨ੍ਹਾਂ ਨੂੰ ਸਿੱਖੀ ਦੀਆਂ ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਜਾਣੂ ਹੋਣ ਪ੍ਰਤੀ ਉਤਸਾਹਿਤ ਕਰਨ ਦੇ ਉਦੇਸ਼ ਨਾਲ ਗੁਰਦਆਰਾ ਕਮੇਟੀ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਬਚਿਆਂ ਨੂੰ ਧਾਰਮਕ ਸਿਖਿਆ ਦੇਣ ਦੇ ਉਚੇਚੇ ਪ੍ਰਬੰਧ ਕਰਨ ਦੇ ਨਾਲ ਹੀ ਅੰਮ੍ਰਿਤਧਾਰੀ ਬਚਿਆਂ ਦੀਆਂ ਫੀਸਾਂ ਮਾਫ ਕਰਨ ਦਾ ਉਪਰਾਲਾ ਅਰੰਭਿਆ ਗਿਆ। ਇਸਤੋਂ ਇਲਾਵਾ ਨਵੰਬਰ-84 ਦੇ ਘਲੂਘਾਰੇ ਦੇ ਪੀੜਤ ਪਰਿਵਾਰਾਂ ਦੇ ਬਚਿਆਂ ਦੀਆਂ ਫੀਸਾਂ ਮਾਫ ਕਰਨ, ਉਨ੍ਹਾਂ ਨੂੰ ਮੁਫਤ ਕਿਤਾਬਾਂ ਦੇਣ ਅਤੇ ਵਿਧਵਾਵਾਂ ਨੂੰ ਇੱਕ ਹਜ਼ਾਰ ਰੁਪਿਆ ਮਹੀਨਾ ਪੈਨਸ਼ਨ ਦੇਣ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਵਿਦਿਅਕ ਅਦਾਰਿਆਂ ਦਾ ਵਿਦਿਅਕ ਪੱਧਰ ਉਚਿਆਣ ਲਈ ਸਿਫਾਰਿਸ਼ਾਂ ਨੂੰ ਨਜ਼ਰ-ਅੰਦਾਜ਼ ਕਰ ਮੈਰਿਟ ਤੇ ਦਾਖਲੇ ਅਤੇ ਨਵੇਂ ਸਟਾਫ ਦੀ ਭਰਤੀ ਕਰਨ ਦੀ ਨੀਤੀ ਅਪਨਾਈ ਗਈ ਹੈ। ਇਸਤੋਂ ਇਲਾਵਾ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਕਿਤਾ ਮੁਖੀ ਕੋਰਸ ਸ਼ੁਰੂ ਕਰਨ ਦੇ ਨਾਲ ਹੀ ਇਸ ਉਦੇਸ਼ ਲਈ ਨਵੇਂ ਤਕਨੀਕੀ ਅਦਾਰੇ ਕਾਇਮ ਕਰਨ ਵਲ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਤਾਂ ਜੋ ਸਿੱਖ ਨੌਜਵਾਨਾਂ ਨੂੰ ਰੋਜ਼ਗਾਰ ਦੀ ਤਲਾਸ਼ ਵਿੱਚ ਭਟਕਣ ਦੀ ਬਜਾਏ ਆਪਣੇ ਰੋਜ਼ਗਾਰ ਸਥਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ। ਇਨ੍ਹਾਂ ਮੁਖੀਆਂ ਨੇ ਇਹ ਵੀ ਦਸਿਆ ਕਿ ਇਨ੍ਹਾਂ ਦਸਾਂ ਮਹੀਨਿਆਂ ਵਿੱਚ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦਿੱਲੀ, ਉਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਅੰਮ੍ਰਿਤ-ਸੰਚਾਰ ਸਮਾਗਮਾਂ ਦਾ ਆਯੋਜਨ ਕਰ ਕੇ ਤਕਰੀਬਨ ਅੱਠ ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਗੁਰੂ ਵਾਲੇ ਬਣਾਇਆ ਗਿਆ ਹੈ। ਇਸਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਵਲੋਂ ਸਿੱਖੀ ਪ੍ਰਚਾਰ ਦੇ ਮਨੋਰਥ ਨੂੰ ਮੁਖ ਰਖਦਿਆਂ ‘ਸਿੱਖ ਵਿਰਸਾ’, ਬੀਬੀਆਂ ਦਾ ਕੀਰਤਨ ਮੁਕਾਬਲਾ ‘ਅਨਹਦ ਨਾਦੁ’, ‘ਕੌਣ ਬਣੇਗਾ ਸਿੱਖ ਪਿਆਰਾ’ ਆਦਿ ਮੁਕਾਬਲੇ ਆਯੋਜਿਤ ਕਰ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਮੁੱਖੀਆਂ ਨੇ ਹੋਰ ਦਸਿਆ ਕਿ ਦਿੱਲੀ ਦੇ ਵੱਖ-ਵੱਖ ਹਿਸਿਆਂ ਵਿੱਚ ਭਾਈ ਘਨਈਆ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਨਾਂ ਤੇ ਮੁਫਤ ‘ਹੈਲਥ ਚੈੱਕ ਅੱਪ ਕੈਂਪ’ ਲਾਏ ਗਏ। ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਨੂੰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਾਣ ਲਈ ਫਰੀ ਬਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।
ਜ. ਮਨਜੀਤ ਸਿੰਘ ਜੀ ਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ’ ਕਾਇਮ ਕਰਨ ਦੀ ਸਿੱਖ ਜਗਤ ਵਲੋਂ ਲੰਮੇ ਸਮੇਂ ਤੋਂ ਪ੍ਰਗਟ ਕੀਤੀ ਜਾਂਦੀ ਚਲੀ ਆ ਰਹੀ ਇੱਛਾ ਨੂੰ ਪੂਰਿਆਂ ਕਰਨ ਲਈ ਗੁਰਦੁਆਰਾ ਕਮੇਟੀ ਵਲੋਂ ਉਪਰਾਲੇ ਅਰੰਭ ਦਿੱਤੇ ਗਏ ਹਨ। ਇਨ੍ਹਾਂ ਮੁਖੀਆਂ ਨੇ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਦੇ ਹਿਤਾਂ ਨੂੰ ਮੱਖ ਰਖਦਿਆਂ ਪੱਕੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਪੈਂਤੀ ਪ੍ਰਤੀਸ਼ਤ ਵਾਧਾ ਕਰਨ ਦੇ ਨਾਲ ਹੀ ਦਿਹਾੜੀਦਾਰ ਤੇ ਕੱਚੇ ਮੁਲਾਜ਼ਮਾਂ ਦੀ ਉਜਰਤ ਵਿੱਚ ਪੰਜਾਹ ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਮੁਲਾਜ਼ਮਾਂ ਨੂੰ ਬੇਟੀ ਦੇ ਅਨੰਦ ਕਾਰਜ ਸਮੇਂ ਇਕਵਿੰਜਾ ਹਜ਼ਾਰ ਰੁਪਏ ਸ਼ਗਨ ਵਜੋਂ ਦੇਣ ਦੇ ਫੈਸਲੇ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ।
ਜ. ਮਨਜੀਤ ਸਿੰਘ ਜੀ ਕੇ ਅਤੇ ਸ, ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਗੁਰ ਸ਼ਬਦ ਅਤੇ ਸੰਗਤਾਂ ਦੇ ਸਨਮਾਨ ਨੂੰ ਮੁੱਖ ਰਖਦਿਆਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗੁਰਮਤਿ ਸਮਾਗਮਾਂ ਦੌਰਾਨ ਸੰਗਤਾਂ ਵਿੱਚ ਬੈਠਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਮੁਖੀਆਂ ਨੇ ਦਸਿਆ ਕਿ ਨਵੇਂ ਸਾਲ ਵਿੱਚ ਸਿੱਖੀ ਦੇ ਪ੍ਰਚਾਰ ਪਸਾਰ ਅਤੇ ਸਿੱਖ ਸਮਾਜ ਦੇ ਹਿਤ ਵਿੱਚ ਕੀਤੇ ਜਾਣ ਜਾਣ ਵਾਲੇ ਹੋਰ ਕੰਮਾਂ ਦੇ ਵੇਰਵਿਆਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਇਗਾ।