ਨਵੀਂ ਦਿੱਲੀ : ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਬਿਤੇ ਦਿਨੀ ਮੌਹਾਲੀ ਵਿਖੇ ਜੇਲਾਂ ਵਿਚ ਬੰਦ ਸਿੱਖ ਕੈਦਿਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੂਖ ਹੜਤਾਲ ਤੇ ਬੈਠੇ ਸੀ, ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਉਨ੍ਹਾਂ ਦੀ ਮੁਹਿੰਮ ਵਿਚ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਮਨਜੀਤ ਸਿੰਘ ਜੀ.ਕੇ. ਨੇ ਭਾਈ ਸਾਹਿਬ ਨੂੰ ਸਿਰੋਪਾ ਤੇ ਸ੍ਰੀ ਸਾਹਿਬ ਦੀ ਬਖਸ਼ੀਸ਼ ਕਰਦੇ ਹੋਏ ਉਨ੍ਹਾਂ ਨੂੰ ਪੰਥਦਰਦੀ ਕੌਮੀ ਹੀਰਾ ਐਲਾਨਿਆ। ਭਾਈ ਗੁਰਬਖਸ਼ ਸਿੰਘ ਨੇ ਦਿੱਲੀ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਭੂਖ ਹੜਤਾਲ ਦੇ ਮੁੱਦਿਆਂ ਤੇ ਪ੍ਰਸ਼ਾਸਨ ਅਤੇ ਪੰਥ ਵਿਚ ਮੇਲ ਮਿਲਾਪ ਦੀ ਉਸਾਰੂ ਭੂਮਿਕਾ ਕਮੇਟੀ ਵਲੋਂ ਨਿਭਾਉਣ ਦੀ ਵਿਸਥਾਰ ਨਾਲ ਚਰਚਾ ਕੀਤੀ। ਦਿੱਲੀ ਕਮੇਟੀ ਵਲੋਂ ਉਨ੍ਹਾਂ ਨੂੰ ਭਵਿਖ ਵਿਚ ਵੀ ਪੰਥਕ ਕਾਰਜਾਂ ਲਈ ਉਸਾਰੂ ਸਹਿਯੋਗ ਦੇਣ ਦੀ ਵਚਨਬੱਧਤਾ ਦਿੱਤੀ ਗਈ। ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਅਤੇ ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਸਤਪਾਲ ਸਿੰਘ ਤੇ ਹਰਜਿੰਦਰ ਸਿੰਘ ਮੌਜੂਦ ਸਨ।