ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਰੈਕਟ ਵਿੱਚ ਸ਼ਮੂਲੀਅਤ ਸੰਬੰਧੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਪੂਰਨ ਸਮਰਥਨ ਮਿਲਿਆ । ਅੱਜ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ, ਜਨਰਲ ਸਕੱਤਰ ਜੋਗਿੰਦਰ ਪਾਲ ਢੀਂਗਰਾ ਅਤੇ ਸ਼ਹਿਰੀ ਪ੍ਰਧਾਨ ਸ੍ਰੀ ਰਜੀਵ ਭਗਤ ਦੀ ਅਗਵਾਈ ਵਿੱਚ ਸ਼ਹਿਰੀ ਕਾਂਗਰਸ ਭਵਨ, ਹਾਲ ਬਾਜ਼ਾਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸ ਸਮਰਥਕਾਂ ਨੇ ਰੋਸ ਮਾਰਚ ਕਰਦਿਆਂ ਭੰਡਾਰੀ ਪੋਲ ’ਤੇ 2 ਘੰਟੇ ਲਈ ਜ਼ਬਰਦਸਤ ਰੋਸ ਧਰਨਾ ਦਿੱਤਾ।
ਪੁਲੀਸ ਦੀ ਸਖ਼ਤ ਸੁਰੱਖਿਆ ਪ੍ਰਬੰਧ ਅਧੀਨ ਕੀਤੇ ਗਏ ਚੱਕਾ ਜਾਮ ਦੌਰਾਨ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਡਰੱਗ ਮਾਫੀਆ ਦੇ ਜਗਦੀਸ਼ ਭੋਲਾ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੀ ਤਸਕਰੀ ਵਿੱਚ ਮਾਸਟਰ ਮਾਈਡ ਗਰਦਾਨੈ ਜਾਣ ਦੇ ਬਾਵਜੂਦ ਸਤਾ ਦੇ ਨਸ਼ੇ ਵਿੱਚ ਚੂਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਇਸ ਰੈਕਟ ਬਾਰੇ ਨਿਰਪੱਖ ਸੀਬੀਆਈ ਜਾਂਚ ਤੋਂ ਇਸ ਲਈ ਭਜ ਰਹੇ ਹਨ ਕਿਉਂਕਿ ਅਜਿਹੀ ਜਾਂਚ ਹੋਣ ਨਾਲ ਮਜੀਠੀਆ ਸਮੇਤ ਉਹਨਾਂ ਦੇ ਕਈ ਹੋਰ ਸਾਥੀ ਤੇ ਮੰਤਰੀਆਂ ਦੇ ਬੇਨਕਾਬ ਹੋਣ ਦਾ ਡਰ ਉਹਨਾਂ ਨੂੰ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਸੱਚ ਜਾਣ ਦੇ ਹਨ ਤੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਦੇਖਣਾ ਚਾਹੁੰਦੇ ਹਨ, ਪਰ ਸੁਖਬੀਰ ਤੇ ਮਜੀਠੀਆ ਸੱਚ ਨੂੰ ਛੁਪਾਉਣ ਲਈ ਘਟਿਆ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ । ਸਚਾਈ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਹਨਾਂ ਅਖੌਤੀ ਆਗੂਆਂ ਤੋਂ ਮਨਘੜਤ ਤੇ ਪ੍ਰਾਪੇਗੰਡਾ ਕਰਾਇਆ ਜਾਂ ਰਿਹਾ ਹੈ ਜਿਨ੍ਹਾਂ ਦੀਆਂ ਕੁਰਮਾਚਾਰੀਆਂ ਅਤੇ ਰਿਸ਼ਤੇਦਾਰੀਆਂ ਦੇਸ਼ ਦੇ ਮੰਨੇ ਪ੍ਰਮੰਨੇ ਸਮਗਲਰ ਪਰਿਵਾਰਾਂ ਨਾਲ ਹਨ, ਜਾਂ ਉਹ ਲੋਕ ਜਿਨ੍ਹਾਂ ਦਾ ਅਤਿਵਾਦ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਰਿਹਾ। ਉਹਨਾਂ ਸੀਬੀਆਈ ਜਾਂਚ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਆੜੇ ਹੱਥੀ ਲੈਂਦਿਆਂ ਚਿਤਾਵਨੀ ਦਿੱਤੀ ਕਿ ਜੋ ਲੋਕ ਬਾਦਲਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਉਹਨਾਂ ਨੂੰ ਲੋਕ ਕਦੀ ਮੁਆਫ਼ ਨਹੀਂ ਕਰਨ ਗੇ। ਉਹਨਾਂ ਕਿਹਾ ਕਿ ਕਾਂਗਰਸ ਦਾ ਮੋਰਚਾ ਆਪਣੇ ਅੰਜਾਮ ਤਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਮਜੀਠੀਆ ਨੂੰ ਬਚਾਉਣ ਲਈ ਬਾਦਲਾਂ ਦੀ ਕੋਸ਼ਿਸ਼ ਨਾਕਾਮ ਰਹੇਗੀ।
ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜੀਵ ਭਗਤ ਨੇ ਮਜੀਠੀਆ ਵਿਰੁੱਧ ਸੀ ਬੀ ਆਈ ਜਾਂਚ ਦੀ ਮੰਗ ਦੀ ਵਕਾਲਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੀਆਂ ਮਾਂਵਾਂ ਦੇ ਪੁੱਤਾਂ ਨੂੰ ਪੰਜਾਬ ਵਿੱਚ ਮਜੀਠੀਆ ਵਰਗਿਆਂ ਵੱਲੋਂ ਵਗਾਈ ਜਾ ਰਹੀ ਨਸ਼ਿਆਂ ਦੀ ਛੇਵਾਂ ਦਰਿਆ ਦੀ ਮਾਰ ਤੋਂ ਬਚਾਉਣ ਲਈ ਜੋ ਕਦਮ ਉਠਾਏ ਜਾ ਰਹੇ ਹਨ ਉਸ ਨਾਲ ਬਾਦਲਾਂ ਵਿੱਚ ਬੌਖਲਾਹਟ ਪੈਦਾ ਹੋ ਗਈ ਹੈ। ਉਹਨਾਂ ਕਿਹਾ ਕਿ ਜੇ ਮਜੀਠੀਆ ਬੇ ਕਸੂਰ ਹੈ ਤਾਂ ਸੀਬੀਆਈ ਜਾਂਚ ਪ੍ਰਤੀ ਤੜਫਣ ਦੀ ਕੀ ਲੋੜ ਹੈ । ਉਹਨਾਂ ਕਿਹਾ ਕਿ ਸਰਕਾਰ ਤੋ ਲੋਕ ਜਵਾਬ ਤਲਬੀ ਚਾਹੁੰਦੇ ਹਨ ਤੇ ਅਖੀਰ ਲੋਕ ਕਚਹਿਰੀ ਵਿੱਚ ਇਹ ਲੋਕ ਬੇਨਕਾਬ ਹੋਣਗੇ । ਉਹਨਾਂ ਧਰਨੇ ਵਿੱਚ ਸ਼ਾਮਿਲ ਹੋਣ ਲਈ ਆਏ ਸ਼ਹਿਰਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਵਲੋਂ ਬਾਦਲ ਸਰਕਾਰ ਮੁਰਦਾਬਾਦ, ਮਜੀਠੀਆ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਰਵਿੰਦਰ ਸ਼ਰਮਾ, ਸਵਿੰਦਰ ਸ਼ਫੀ , ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।