ਨਵੀਂ ਦਿੱਲੀ- ਕੇਂਦਰੀ ਰਾਜ ਮੰਤਰੀ ਸ਼ਸੀ ਥਰੂਰ ਦੀ ਪਤਨੀ ਸੁਨੰਦਾ ਥਰੂਰ ਦੀ ਦਿੱਲੀ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਹੈ। ਥਰੂਰ ਨੇ ਇੱਕ ਦਿਨ ਪਹਿਲਾਂ ਹੀ ਦੋਵਾਂ ਦੇ ਰਿਸ਼ਤਿਆਂ ਸਬੰਧੀ ਸਰਵਜਨਿਕ ਤੌਰ ਤੇ ਬਿਆਨ ਦਿੱਤਾ ਸੀ ਕਿ ਉਹ ਪਤੀ ਪਤਨੀ ਆਪਸ ਵਿੱਚ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦਰਮਿਆਨ ਕਿਸੇ ਤਰ੍ਹਾਂ ਦੀ ਵੀ ਕੜਵਾਹਟ ਨਹੀਂ ਹੈ। ਥਰੂਰ ਸ਼ੁਕਰਵਾਰ ਨੂੰ ਏਆਈਸੀਸੀ ਦੀ ਬੈਠਕ ਵਿੱਚ ਸ਼ਾਮਿਲ ਸਨ ਅਤੇ ਕਾਫ਼ੀ ਖੁਸ਼ ਸਨ।
ਦਖਣੀ ਦਿੱਲੀ ਦੇ ਸਰੋਜਨੀ ਨਗਰ ਇਲਾਕੇ ਵਿੱਚ ਸਥਿਤ ਲੀਲਾ ਹੋਟਲ ਦੇ ਕਮਰਾ ਨੰਬਰ 345 ਵਿੱਚੋਂ ਸੁਨੰਦਾ ਦੀ ਲਾਸ਼ ਮਿਲੀ ਹੈ। ਸੁਨੰਦਾ ਅਤੇ ਸ਼ਸ਼ੀ ਥਰੂਰ ਵੀਰਵਾਰ ਸ਼ਾਮ ਨੂੰ ਹੋਟਲ ਵਿੱਚ ਠਹਿਰੇ ਸਨ ਅਤੇ ਸ਼ੁਕਰਵਾਰ ਦੀ ਰਾਤ ਨੂੰ ਬੈਡ ਤੇ ਉਸ ਦੀ ਮ੍ਰਿਤਕ ਦੇਹ ਮਿਲੀ। ਉਸ ਦੀ ਮੌਤ ਦੇ ਕਾਰਣਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲਗਿਆ। ਫੁਲਿਸ ਅਤੇ ਹੋਟਲ ਕਰਮਚਾਰੀਆਂ ਨੇ ਇਸ ਬਾਰੇ ਕੁਝ ਵੀ ਬੋਲਣ ਤੋਂ ਮਨ੍ਹਾਂ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਨੂੰ ਆਤਮਹੱਤਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਹੋਟਲ ਦੇ ਕਮਰੇ ਅਤੇ ਪੂਰੇ ਫਲੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਫੋਰੈਂਸਿਕ ਟੀਮ ਮੌਕੇ ਤੇ ਸਬੂਤ ਹਾਸਿਲ ਕਰਨ ਲਈ ਕੰਮ ਕਰ ਰਹੀ ਹੈ। ਹੋਟਲ ਵਿੱਚ ਦੋ ਕਮਰੇ 342 ਅਤੇ 345 ਬੁਕ ਕਰਵਾਏ ਗਏ ਸਨ। ਦੂਸਰੇ ਕਮਰੇ ਬਾਰੇ ਸਪੱਸ਼ਟ ਨਹੀਂ ਹੈ ਕਿ ਉਹ ਕਿਸ ਲਈ ਬੁਕ ਕਰਵਾਇਆ ਗਿਆ ਸੀ। ਸੁਨੰਦਾ ਦਾ ਫੋਨ ਵੀ ਪੁਲਿਸ ਨੇ ਆਪਣੇ ਕਬਜੇ ਵਿੱਚ ਕਰ ਲਿਆ ਹੈ। ਸੁਨੰਦਾ ਦੀ ਲਾਸ਼ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਸ਼ਸ਼ੀ ਥਰੂਰ ਅਤੇ ਸੁਨੰਦਾ ਦਾ 2010 ਵਿੱਚ ਵਿਆਹ ਹੋਇਆ ਸੀ। ਸ਼ਸੀ ਅਤੇ ਸੁਨੰਦਾ ਦੋਵਾਂ ਦੀ ਹੀ ਇਹ ਤੀਸਰੀ ਸ਼ਾਦੀ ਸੀ। ਘਰ ਵਿੱਚ ਪੇਂਟ ਦਾ ਕੰਮ ਚਲ ਰਿਹਾ ਸੀ , ਇਸ ਲਈ ਥਰੂਰ ਪਤੀ ਪਤਨੀ ਹੋਟਲ ਵਿੱਚ ਠਹਿਰੇ ਸਨ। ਸ਼ਸੀ ਨੇ ਹੀ ਪੁਲਿਸ ਨੂੰ ਸੁਨੰਦਾ ਦੀ ਮੌਤ ਸਬੰਧੀ ਫੋਨ ਕੀਤਾ ਸੀ।