ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਆਦੇਸ਼ ਅਨੁਸਾਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ, ਕੇਸਾਂ ਦੀ ਮਹਾਨਤਾ ਤੇ ਦਸਤਾਰ ਬਾਰੇ ਉਪਰਾਲੇ ਵੱਡੇ ਪੱਧਰ ਤੇ ਕਰ ਰਹੀ ਹੈ। ਇਸ ਕੜੀ ਤਹਿਤ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਬਲਦੇਵ ਸਿੰਘ ਬੁੱਢਾ ਥੇਹ ਪ੍ਰਚਾਰ ਮੁਖੀ ਵੱਲੋਂ 2 ਜਨਵਰੀ ਤੋਂ 17 ਜਨਵਰੀ ਤੱਕ ਮਜੀਠਾ ਕਸਬੇ ਦੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਕੈਂਪ ਲਗਾ ਕੇ ਨੌਜਵਾਨ ਪੀੜ੍ਹੀ (ਸਕੂਲੀ ਬੱਚਿਆਂ) ਨੂੰ ਪਤਿਤਪੁਣੇ ਵਿਰੁੱਧ ਤੇ ਦਸਤਾਰ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤੇ ਅੱਜ ਮਜੀਠਾ ਤੋਂ ਵੱਖ-ਵੱਖ ਸਕੂਲਾਂ ਦੇ ਤਕਰੀਬਨ ਇਕ ਹਜ਼ਾਰ ਬੱਚਿਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੀਕ ਚੇਤਨਾ ਮਾਰਚ ਕੱਢਿਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸੰਦੇਸ਼ ਦਿੰਦੀਆਂ ਤਖਤੀਆਂ ਤੇ ਬੈਨਰ ਆਦਿ ਆਪਣੇ ਹੱਥਾਂ ’ਚ ਫੜੇ ਹੋਏ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਧਾਰਮਿਕ ਸਮਾਗਮ ’ਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ.ਦਲਮੇਘ ਸਿੰਘ ਸਕੱਤਰ ਤੇ ਸ.ਜੋਧ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੇ ਸਾਬਤ ਸੂਰਤ ਦਸਤਾਰ ਸਿਰਾ ਦੇ ਸਿਧਾਂਤ ਨੂੰ ਅਪਣਾਇਆ ਹੈ। ਉਨ੍ਹਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਸਿੱਖੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਿੱਖੀ ਬੜੇ ਮਹਿੰਗੇ ਭਾਅ ਮਿਲੀ ਹੈ। ਦਸਮੇਸ਼ ਪਿਤਾ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਇਹ ਕੇਸ ਤੇ ਦਸਤਾਰ ਬਖਸ਼ੀ ਹੈ, ਇਸੇ ਕਰਕੇ ਹੀ ਸਾਨੂੰ ਦੁਨੀਆਂ ਵਿੱਚ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭੁੱਲੜ ਵੀਰਾਂ ਨੇ ਕੇਸ ਕਟਵਾ ਲਏ ਹਨ ਸਿਰ ਤੇ ਦਸਤਾਰ ਨਹੀਂ ਸਜਾਉਂਦੇ ਉਨ੍ਹਾਂ ਨੂੰ ਕਦੇ ਵੀ ਕਿਸੇ ਨੇ ਸਰਦਾਰ ਜੀ ਕਹਿ ਕੇ ਨਹੀਂ ਬੁਲਾਇਆ। ਉਨ੍ਹਾਂ ਬੱਚਿਆਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਤੁਸੀਂ ਸਾਡਾ ਭਵਿਖ ਹੋ, ਚੰਗਾ ਪੜ੍ਹ ਲਿਖ ਕੇ ਖੇਤਰ ਜਿਹੜਾ ਮਰਜੀ ਚੁਣੋਂ ਆਪਣੇ ਮੂਲ ਵਿਰਸੇ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੁਨੀਆਂ ਵਿੱਚ ਸਿੱਖ ਘੱਟ ਗਿਣਤੀ ’ਚ ਹਨ ਆਪਣੇ ਗੁਣਾਂ ਕਰਕੇ ਸਾਡੀ ਵੱਖਰੀ ਪਹਿਚਾਣ ਹੈ। ਜਿਹੜੀ ਕੌਮ ਆਪਣੇ ਗੁਣਾਂ ਨੂੰ ਤਿਆਗ ਕੇ ਵਿਰਸੇ ਨੂੰ ਭੁੱਲ ਜਾਂਦੀ ਹੈ ਉਹ ਕੌਮ ਦੁਨੀਆਂ ਦੇ ਨਕਸ਼ੇ ਤੇ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਸਾਬਤ ਸੂਰਤ ਰਹੋ, ਦਸਤਾਰ ਸਜਾਓ, ਨਸ਼ਿਆਂ ਵਰਗੀ ਲਾਹਨਤ ਤੋਂ ਬਚੋ, ਬਾਣੀ ਤੇ ਬਾਣੇ ਦੇ ਧਾਰਨੀ ਹੋਵੋ, ਆਪਣੇ ਮਾਤਾ-ਪਿਤਾ ਤੇ ਕੌਮ ਦਾ ਨਾਮ ਰੌਸ਼ਨ ਕਰੋ। ਉਨ੍ਹਾਂ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ, ਸ.ਬਲਦੇਵ ਸਿੰਘ ਬੁੱਢਾ ਥੇਹ ਮੁਖ ਪ੍ਰਚਾਰਕ ਨੂੰ ਵਧਾਈ ਦਿੰਦਿਆਂ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ। ਸ.ਦਲਮੇਘ ਸਿੰਘ ਸਕੱਤਰ ਨੇ ਗੁਰਮਤਿ ਚੇਤਨਾ ਮਾਰਚ ਲੈ ਕੇ ਪੁੱਜੇ ਸ.ਜੋਧ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਬਲਦੇਵ ਸਿੰਘ ਮੁਖ ਪ੍ਰਚਾਰਕ, ਸ.ਰਣਜੀਤ ਸਿੰਘ ਭੋਮਾ ਤੇ ਸਕੂਲ ਮੁਖੀਆਂ ਨੂੰ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਬੱਚਿਆਂ ਨੂੰ ਮੈਡਲ ਦਿੱਤੇ।
ਇਸ ਮੌਕੇ ਸ.ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ.ਸੰਤੋਖ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਭਾਈ ਜੱਜ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਮਨਦੀਪ ਸਿੰਘ, ਭਾਈ ਮਲਕੀਤ ਸਿੰਘ ਤੇ ਭਾਈ ਵਰਿਆਮ ਸਿੰਘ ਪ੍ਰਚਾਰਕ, ਪ੍ਰਿੰਸੀਪਲ ਗੁਰਬਚਨ ਕੌਰ ਸਰਕਾਰੀ ਹਾਈ ਸਕੂਲ ਮਜੀਠਾ, ਅਧਿਆਪਕ ਸ.ਹਰਜਿੰਦਰ ਸਿੰਘ, ਸ.ਭੁਪਿੰਦਰ ਸਿੰਘ, ਸ.ਸੁਖਵੰਤ ਸਿੰਘ, ਸ.ਕਰਮਜੀਤ ਸਿੰਘ ਆਦਿ ਮੌਜੂਦ ਸਨ।