ਅੰਮ੍ਰਿਤਸਰ – ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਜਾਨ-ਨਸ਼ੀਨ ਅਤੇ ਸਿੱਖ ਪੰਥ ਦੀ ਸਤਿਕਾਰਤ ਸਖ਼ਸ਼ੀਅਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲੇ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਪੰਜ ਭੂਤਕ ਸਰੀਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੁਸ਼ਾਲਾ ਭੇਟ ਕੀਤਾ।ਬਾਬਾ ਦਯਾ ਸਿੰਘ ਜੀ ਦਾ ਅੰਤਿਮ ਸੰਸਕਾਰ ਡੇਰਾ ਸੁਰ ਸਿੰਘ ਵਿਖੇ ਕੀਤਾ ਗਿਆ, ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕੀਤੀ।ਬਾਬਾ ਦਯਾ ਸਿੰਘ ਜੀ ਦੇ ਪੰਜ ਭੂਤਕ ਸਰੀਰ ਨੂੰ ਅਗਨੀ ਉਨ੍ਹਾ ਦੇ ਵੱਡੇ ਸਪੁੱਤਰ ਬਾਬਾ ਅਵਤਾਰ ਸਿੰਘ ਦੇ ਦਿਖਾਈ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਤੋਂ ਇਲਾਵਾ ਧਾਰਮਿਕ,ਰਾਜਨੀਤਕ, ਸਮਾਜਿਕ ਸ਼ਖਸ਼ੀਅਤਾਂ ਤੇ ਹਜਾਰਾਂ ਸਿੱਖ ਸੰਗਤਾਂ ਹਾਜਿਰ ਸਨ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਬਾਬਾ ਦਯਾ ਸਿੰਘ ਗੁਰੂ ਘਰ ਦੇ ਪ੍ਰੀਤਵਾਨ ਸਨ ਅਤੇ ਉਨ੍ਹਾਂ ਗੁਰੂ ਘਰ ਨਾਲ ਲਗਾਈ ਆਪਣੀ ਪ੍ਰੀਤ ਨੂੰ ਆਖ਼ਰੀ ਦਮ ਤੱਕ ਨਿਭਾਇਆ।ਬਾਬਾ ਬਿਧੀ ਚੰਦ ਦੀ ਵੰਸ਼ ਵਿਚ ਜਨਮੇ ਬਾਬਾ ਦਯਾ ਸਿੰਘ ਨੇ ਦੇਸ਼-ਵਿਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਬਾਬਾ ਜੀ ਆਪਣੇ ਆਖ਼ਰੀ ਸਵਾਸਾਂ ਤੀਕ ਭਜਨ ਬੰਦਗੀ ਅਤੇ ਨਿਤਨੇਮ ਨਾਲ ਜੁੜੇ ਰਹੇ ਜੇ ਸੰਗਤਾਂ ਲਈ ਪ੍ਰੇਰਣਾ ਦਾ ਸਰੋਤ ਹਨ। ਸੰਗਤਾਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਤੇ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ,ਸ. ਭਗਵੰਤ ਸਿੰਘ ਸਿਆਲਕਾ ਐਡਵੋਕੇਟ,ਬਾਬਾ ਨਿਰਮਲ ਸਿੰਘ ਨੁਸ਼ਾਹਿਰਾ ਢਾਲਾ,ਸ. ਬਲਦੇਵ ਸਿੰਘ ਚੂੰਘਾਂ ਤੇ ਸ. ਖੁਸ਼ਵਿੰਦਰ ਸਿੰਘ ਭਾਟੀਆ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਸ. ਮਨਜੀਤ ਸਿੰਘ ,ਐਡੀ: ਸਕੱਤਰ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ. ਪਰਮਜੀਤ ਸਿੰਘ ਸਰੋਆ, ਸੁਪ੍ਰਿਟੈਟੈਂਡ ਸ. ਹਰਮਿੰਦਰ ਸਿੰਘ ਮੂਧਲ ਪਬਲੀਸਿਟੀ ਇੰਚਾਰਜ ਸ. ਕੁਲਵਿੰਦਰ ਸਿੰਘ, ਇੰਚਾਰਜ ਫਲਾਇੰਗ ਸ. ਸੱਕਤਰ ਸਿੰਘ ਆਦਿ ਮੋਜੂਦ ਸਨ।