ਫਤਿਹਗੜ੍ਹ ਸਾਹਿਬ – ‘‘ ਬਰਤਾਨੀਆਂ ਦੀ ਮਲਿਕਾ ਸਾਹਿਬਾਂ ਵੱਲੋਂ ਵਡੇਰੀ ਉਮਰ ਹੋ ਜਾਣ ਦੀ ਬਦੌਲਤ ਜੋ ਉਨ੍ਹਾਂ ਵੱਲੋਂ ਸ਼ਹਿਜਾਦਾ ਚਾਰਲਿਸ ਨੂੰ ਤਖਤ-ਨਸ਼ੀਨੀ ਕਰਨ ਦੇ ਉੱਦਮ ਹੋ ਜਾ ਰਹੇ ਹਨ, ਉਹ ਠੀਕ ਹਨ। ਮਲਿਕਾ ਸਾਹਿਬਾ ਦੇ ਸੰਬੰਧ ਸਿੱਖ ਕੌਮ ਨਾਲ ਹਮੇਸ਼ਾਂ ਹੀ ਸੁਖਾਂਵੇਂ ਅਤੇ ਸਦਭਾਵਨਾਂ ਵਾਲੇ ਰਹੇ ਹਨ ਅਤੇ ਸਿੱਖ ਕੌਮ ਉਨ੍ਹਾਂ ਉੱਤੇ ਡੂੰਘੀ ਆਸਥਾ ਰੱਖਦੀ ਆਈ ਹੈ। ਪਰ ਬਰਤਾਨੀਆਂ ਦੀ ਸਾਬਕਾ ਵਜੀਰੇ ਆਜ਼ਮ ਮਾਰਗ੍ਰੈਟ ਥੈਚਰ ਨੇ ਮਰਹੂਮ ਇੰਦਰਾ ਗਾਂਧੀ ਨੂੰ ਸਹਿਯੋਗ ਦੇ ਕੇ 1984 ਵਿਚ ਬਲਿਊ ਸਟਾਰ ਦਾ ਫੌਜੀ ਹਮਲਾ ਕਰਵਾ ਕੇ ਸਾਡੇ ਊੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਵਾਏ ਅਤੇ 20,000 ਦੇ ਕਰੀਬ ਬੇਗੁਨਾਹ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ, ਇਸ ਅਮਲ ਨੇ ਸਿੱਖ ਕੌਮ ਦੇ ਹਿਰਦਿਆਂ ਨੂੰ ਡੂੰਘੇ ਜਖਮ ਦਿੱਤੇ ਹਨ। ਜਿਸ ਨੂੰ ਸਿੱਖ ਕੌਮ ਕਤਈ ਨਹੀਂ ਭੁਲਾ ਸਕੇਗੀ।‘‘
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਲਿਕਾ ਬਰਤਾਨੀਆਂ ਨਾਲ ਸਿੱਖ ਕੌਮ ਦੇ ਪੁਰਾਤਨ ਸੰਬੰਧਾਂ ਦੇ ਹਵਾਲੇ ਨਾਲ 1984 ਵਿਚ ਬਰਤਾਨੀਆਂ ਹਕੂਮਤ ਵੱਲੋਂ ਨਿਭਾਈ ਗਈ ਸਿੱਖ ਕੌਮ ਵਿਰੋਧੀ ਭੂਮਿਕਾ ਉੱਤੇ ਮਲਿਕਾ ਬਰਤਾਨੀਆਂ ਨੂੰ ਸੰਬੋਧਤ ਹੁੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਰਤਾਨੀਆਂ ਦੀ ਇਕ ਰਵਾਇਤ ਰਹੇ ਹੈ ਕਿ ਉਥੋਂ ਦਾ ਕੋਈ ਵੀ ਵਜੀਰੇ ਆਜ਼ਮ ਬਰਤਾਨੀਆਂ ਦੀ ਮਲਿਕਾ ਨੂੰ ਆਪਣੇ ਕੰਮਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਦੇਣ ਤੋਂ ਬਿਨਾਂ ਅੱਗੇ ਨਹੀਂ ਵਧ ਸਕਦਾ । ਫਿਰ ਸਵਾਲ ਪੈਦਾ ਹੁੰਦਾ ਹੈ ਕਿ ਮਰਗ੍ਰੈਟ ਥੈਚਰ ਨੇ 1984 ਦੇ ਬਲਿਊ ਸਟਾਰ ਦੇ ਫੌਜੀ ਹਮਲੇ ਵਿਚ ਮਰਹੂਮ ਇੰਦਰਾ ਗਾਂਧੀ ਨੂੰ ਸਹਾਇਤਾ ਦੇਣ ਬਾਰੇ ਮਲਿਕਾ ਸਾਹਿਬਾ ਨੂੰ ਜਾਣਕਾਰੀ ਦਿੱਤੀ ਜਾਂ ਨਹੀਂ। ਜੇਕਰ ਮਾਰਗ੍ਰੈਟ ਥੈਚਰ ਨੇ ਬਲਿਊ ਸਟਾਰ ਦੇ ਫੌਜੀ ਹਮਲੇ ਵਿਚ ਬਰਤਾਨੀਆਂ ਹਕੂਮਤ ਦੀ ਭੁਮਿਕਾ ਬਾਰੇ ਮਲਿਕਾ ਸਾਹਿਬਾ ਨੂੰ ਜਾਣਕਾਰੀ ਨਹੀਂ ਦਿੱਤੀ ਤਾਂ ਮਾਰਗ੍ਰੈਟ ਥੈਚਰ ਵੱਲੋਂ ਬਰਤਾਨੀਆਂ ਦੇ ਉੱਚ ਨਿਯਮਾਂ ਅਤੇ ਪ੍ਰੰਪਰਾਵਾਂ ਨੂੰ ਤੋੜ ਕੇ ਕੀਤੀ ਗਈ ਕਾਰਵਾਈ ਵਿਰੁੱਧ ਮਲਿਕਾ ਸਾਹਿਬਾ ਵੱਲੋਂ ਐਕਸ਼ਨ ਹੋਣਾ ਚਾਹੀਦਾ ਹੈ। ਜੇਕਰ ਉਸ ਨੇ ਜਾਣਕਾਰੀ ਦਿੱਤੀ ਹੈ ਅਤੇ ਉਸ ਸਮੇ ਇਸ ਸਿੱਖ ਕੌਮ ਵਿਰੋਧੀ ਗੈਰਇਨਸਾਨੀ ਅਮਲਾਂ ਨੂੰ ਰੋਕਣ ਲਈ ਮਲਿਕਾ ਸਾਹਿਬਾਂ ਵੱਲੋਂ ਕੋਈ ਉੱਦਮ ਨਾਂ ਕੀਤਾ ਗਿਆ ਤਾਂ ਇਹ ਹੋਰ ਵੀ ਵੱਡੇ ਦੁੱਖ ਵਾਲਾ ਵਰਤਾਰਾ ਹੋਇਆ ਹੈ।
ਉਨ੍ਹਾਂ ਕਿਹਾ ਕਿ 29 ਸਾਲਾਂ ਬਾਅਦ ਬਰਤਾਨੀਆਂ ਦੀ ਲੇਬਰ ਪਾਰਟੀ ਦੇ ਬਰਤਾਨੀਆਂ ਦੇ ਕੁਝ ਐਮਪੀਜ਼ ਵੱਲੋਂ ਬਲਿਊ ਸਟਾਰ ਦੇ ਫੌਜੀ ਹਮਲੇ ਦੇ ਦਸਤਾਵੇਜ਼ਾਂ ਨੂੰ ਸਾਹਮਣੇ ਲਿਆ ਕੇ ਬਰਤਾਨੀਆਂ ਦੀ ਸਾਬਕਾ ਵਜੀਰੇ ਆਜ਼ਮ ਮਾਰਗ੍ਰੈਟ ਥੈਚਰ ਦੇ ਮਨੁੱਖਤਾ ਅਤੇ ਸਿੱਖ ਕੌਮ ਵਿਰੋਧੀ ਕੀਤੇ ਗਏ ਅਮਲਾਂ ਤੋਂ ਸਮੁੱਚੇ ਸੰਸਾਰ ਨੂੰ ਜਾਣਕਾਰੀ ਦਿੱਤੀ ਹੈ , ਇਹ ਸ਼ਲਾਘਾਯੋਗ ਉੱਦਮ ਹੈ। ਪਰ ਅਸੀਂ ਬਰਤਾਨੀਆਂ ਦੀ ਲੇਬਰ ਪਾਰਟੀ ਤੋਂ ਇਹ ਪੁੱਛਣਾਂ ਚਾਹਵਾਂਗੇ ਕਿ ਬਰਤਾਨੀਆਂ ਵਿਚ ਪਹਿਲੇ ਵੀ ਸ਼੍ਰੀ ਏਡਲੀ ਦੀ ਬਰਤਾਨੀਆਂ ਹਕੂਮਤ ਰਹ ਹੈ । ਉਸ ਉਪਰੰਤ ਸ਼੍ਰੀ ਟੋਨੀ ਬਲੇਅਰ ਅਤੇ ਬਾਅਦ ਵਿਚ ਸ਼੍ਰੀ ਬਰਾਊਨ ਦੀ ਅਗਵਾਈ ਹੇਠ ਲੇਬਰ ਪਾਰਟੀ ਦੀਆਂ ਹਕੂਮਤਾਂ ਹੋਂਦ ਵਿਚ ਆਈਆਂ, ਉਸ ਸਮੇਂ ਲੇਬਰ ਪਾਰਟੀ ਦੀਆਂ ਹਕੂਮਤਾਂ ਨੇ 1984 ਵਿਚ ਸਿੱਖ ਕੌਮ ਉੱਤੇ ਹੋਏ ਬਲਿਊ ਸਟਾਰ ਦੇ ਫੌਜੀ ਹਮਲੇ ਦੇ ਦੋਸ਼ੀਆਂ ਵਿਰੁੱਧ ਕਾਨੂੰਨੀਂ ਅਤੇ ਇਖਲਾਕੀ ਤੌਰ ਤੇ ਅਮਲ ਕਿਊਂ ਨਾਂ ਕੀਤੇ? ਲੇਬਰ ਪਾਰਟੀ ਨੇ ਹਿੰਦ ਵਿਚ ਘੱਟ ਗਿਣਤੀ ਸਿੱਖ ਕੌਮ ਉੱਤੇ ਹੋਏ ਜਬਰ ਜੁਲਮ ਵਿਰੁੱਧ ਆਵਾਜ਼ ਬੁਲੰਦ ਕਿਊਂ ਨਾਂ ਕੀਤੀ। ਹੁਣ ਬਰਤਾਨੀਆਂ ਦੀ ਮਲਿਕਾ ਸਾਹਿਬਾ ਆਪਣੀ ਉਮਰ ਦੇ ਤਕਾਜ਼ੇ ਨੂੰ ਮੁੱਖ ਰੁੱਖ ਕੇ ਸ਼ਹਿਜ਼ਾਦਾ ਚਾਰਲਿਸ ਨੂੰ ਤਖਤ ਉੱਤੇ ਬਿਠਾਉਣ ਦੇ ਅਮਲ ਕਰਨ ਜਾ ਰਹੇ ਹਨ। ਪਰ ਹੁਣ ਸਿੱਖ ਕੌਮ ਨੂੰ ਬਰਤਾਨੀਆਂ ਦੇ ਬੀਤੇ ਸਮੇਂ ਦੇ ਅਮਲਾਂ ਅਤੇ ਅਜੋਕੇ ਸਮੇਂ ਦੇ ਅਮਲਾਂ ਦਾ ਡੂੰਘਾ ਨਿਰੀਖਣ ਕਰਕੇ ਫੈਸਲਾ ਕਰਨਾ ਪਵੇਗਾ ਕਿ ਬਰਤਾਨੀਆਂ ਦੀ ਹਕੂਮਤ ਅਤੇ ਬਰਤਾਨੀਆਂ ਦੀ ਮਲਿਕਾ ਸਾਹਿਬਾ ਨਾਲ ਸਿੱਖ ਕੌਮ ਨੇ ਅੱਗੋਂ ਲਈ ਕਿਹੋ ਜਿਹੇ ਸੰਬੰਧ ਰੱਖਣੇ ਹਨ ਅਤੇ ਉਨ੍ਹਾਂ ਨਾਲ ਕਿਸ ਤਰ੍ਹਾਂ ਚੱਲਣਾਂ ਹੈ । ਸ. ਮਾਨ ਨੇ ਮਲਿਕਾ ਸਾਹਿਬਾ ਤੋਂ ਮੰਗ ਕੀਤੀ ਕਿ ਉਹ ਮਾਰਗ੍ਰੈਟ ਥੈਚਰ ਵੱਲੋਂ ਕੀਤੀ ਗਈ ਮਨੁੱਖਤਾ ਅਤੇ ਸਿੱਖ ਕੌਮ ਵਿਰੋਧੀ ਬੱਜਰ ਗੁਸਤਾਖੀ ਦੀ ਆਜ਼ਾਦਾਨਾ ਤੌਰ ਤੇ ਜਾਂਚ ਕਰਵਾਉਣ ਅਤੇ ਦੋਸ਼ੀ ਪਾਏ ਜਾਣ ਵਾਲਿਆਂ ‘‘ਜੰਗੀ ਅਪਰਾਧੀਆਂ‘‘ ਵਿਰੁੱਧ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕੌਮਾਂਤਰੀ ਕਾਨੂੰਨਾਂ ਅਤੇ ਜਨੇਵਾ ਕਨਵੈਨਸ਼ਨਜ਼ ਆਫ ਵਾਰਜ਼ ਅਨੁਸਾਰ ਇੰਟਰਨੈਸ਼ਨਲ ਕਰੀਮੀਨਲ ਕੋਰਨ ਐਟ ਹੇਗ ਵਿਖੇ ਦੋਸ਼ੀਆਂ ਨੂੰ ਖੜ੍ਹੇ ਕਰਨ ਦੇ ਫੌਰੀ ਅਮਲ ਕਰਨ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ।
ਸ. ਮਾਨ ਨੇ ਕਿਹਾ ਕਿ ਬੇਸ਼ੱਕ ਅੱਜ ਬਰਤਾਨੀਆਂ ਦੀ ਮਲਿਕਾ ਸਾਡੀ (ਸਿੱਖ ਕੌਮ) ਦੀ ਮਲਿਕਾ ਨਹੀਂ ਹੈ, ਪਰ ਉਹ ਕਾਮਨਵੈਲਥ ਮੁਲਕਾਂ ਦੇ ਮੁੱਖੀ ਹਨ। ਕਾਮਨਵੈਲਥ ਵਿਚ ਸਿੱਖ ਕੌਮ ਵੀ ਆਉਂਦੀ ਹੈ। ਕਾਮਨਵੈਲਥ ਦੇ ਮੁੱਖੀ ਹੁੰਦਿਆਂ ਸਭ ਕੌਮਾਂਤਰੀ ਕਾਨੂੰਨਾਂ , ਨਿਯਮਾਂ ਅਤੇ ਇਨਸਾਨੀ ਕਦਰਾਂ – ਕੀਮਤਾਂ ਦਾ ਉਲੰਘਣ ਕਰਕੇ ਜੋ ਸਿੱਖ ਕੌਮ ਦੀ ਨਸਲਕੁਸ਼ੀ ਅਤੇ ਕਤਲੇਆਮ ਕੀਤਾ ਗਿਆ ਹੈ, ਇਹ ਵਰਤਾਰਾ ਉਸੇ ਤਰਾਂ ਦਾ ਦੁੱਖ ਦਾਇਕ ਹੋਇਆ ਹੈ ਜਿਵੇਂ ‘‘ਘਰ ਦਾ ਭੇਤੀ ਲੰਕਾ ਢਾਏ‘‘। ਸਿੱਖ ਕੌਮ ਨੇ ਕਦੀ ਵੀ ਕਿਸੇ ਹੋਰ ਵੱਡੇ ਮੁਲਕ ਤੇ ਵਿਸ਼ਵਾਸ ਨਹੀਂ ਕੀਤਾ । ਬਰਤਾਨੀਆਂ ਦੀ ਅੰਗਰੇਜ਼ ਹਕੂਮਤ ਉੱਤੇ ਕਰਦੀ ਰਹੀ ਹੈ। ਲੇਕਿਨ ਬਰਤਾਨੀਆਂ ਨੇ ਵੀ ਸਿੱਖ ਕੌਮ ਨੂੰ ਵੱਡਾ ਧੋਖਾ ਦੇ ਕੇ ਅੱਗੋਂ ਲਈ ਸਿੱਖ ਕੌਮ ਨੂੰ ਆਗਾਹ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਉੱਤੇ ਵਿਸ਼ਵਾਸ ਨਾਂ ਕਰੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ‘ਤੇ ਬਰਤਾਨੀਆਂ ਦੇ ਤਖਤ ਉੱਤੇ ਬੈਠਣ ਜਾ ਰਹੇ ਸ਼ਹਿਜ਼ਾਦਾ ਚਾਰਲਿਸ ਨੂੰ ਇਖਲਾਕੀ ਅਤੇ ਇਨਸਾਨੀ ਤੌਰ ਉੱਤੇ ਇਹ ਕਹਿਣਾ ਚਾਹਵੇਗਾ ਕਿ ਅੰਗਰੇਜ਼ਾਂ ਦੇ ਸਿੱਖ ਕੌਮ ਨਾਲ ਬਣੇ ਸੁਖਾਵੇਂ ਸੰਬੰਧਾਂ ਨੂੰ ਬਲਿਊ ਸਟਾਰ ਦੇ ਫੌਜੀ ਹਮਲੇ ਨੇ ਚਕਨਾਚੂਰ ਕਰ ਦਿੱਤਾ ਹੈ। ਹੁਣ ਸ਼ਹਿਜ਼ਾਦਾ ਚਾਰਲਿਸ ਸਿੱਖ ਕੌਮ ਨਾਲ ਕਿਹੋ ਜਿਹੇ ਸੰਬੰਧ ਰੱਖਣਾ ਚਾਹੁੰਦੇ ਹਨ, ਇਹ ਉਹਨਾਂ ਦੇ ਆਉਣ ਵਾਲੇ ਅਮਲਾਂ ਉੱਤੇ ਨਿਰਭਰ ਕਰੇਗਾ ਕਿ ਉਹ ਬਲਿਊ ਸਟਾਰ ਦੇ ਬਰਤਾਨੀਆਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਅਤੇ ਜਰਨਲ ਬਰਾੜ ਉੱਤੇ ਰੋਸ ਵਜੋਂ ਘਸੁੰਨ ਮੁੱਕੀ ਕਰਨ ਵਾਲੇ ਚਾਰੇ ਸਿੱਖ ਨੌਜਵਾਨਾਂ ਬੀਬੀ ਹਰਜੀਤ ਕੌਰ, ਮਨਦੀਪ ਸਿੰਘ ਸਿੱਧੂ, ਦਿਲਬਾਗ ਸਿੰਘ ਅਤੇ ਬਰਜਿੰਦਰ ਸਿੰਘ ਸੰਘਾ ਨੂੰ 14-14, 10-10 ਸਾਲ ਦੀਆਂ ਲੰਮੀਆਂ ਸਜਾਵਾਂ ਨੂੰ ਖਤਮ ਕਰਕੇ ਸਿੱਖ ਕੌਮ ਨੂੰ ਇਨਸਾਫ ਦਿੰਦੇ ਹਨ ਜਾਂ ਨਹੀਂ। ਸ. ਮਾਨ ਨੇ ਕਿਹਾ ਕਿ 1947 ਵਿਚ ਜਦੋਂ ਵੰਡ ਹੋਈ ਤਾਂ ਊਸ ਸਮੇਂ ਸ਼੍ਰੀ ਏਡਲੀ ਦੀ ਅਗਵਾਈ ਵਿਚ ਲੇਬਰ ਪਾਰਟੀ ਦੀ ਹਕੂਮਤ ਸੀ । ਜਿਸ ਨੇ ਮੁਸਲਿਮ ਕੌਮ ਨੂੰ ਪਾਕਿਸਤਾਨ ਅਤੇ ਹਿੰਦੂ ਕੌਮ ਨੂੰ ਭਾਰਤ ਆਜ਼ਾਦ ਮੁਲਕ ਦੇ ਦਿੱਤੇ। ਤੀਸਰੀ ਮੁੱਖ ਸਿੱਖ ਕੌਮ ਨਾਲ ਲੇਬਰ ਪਾਰਟੀ ਨੇ ਉਸ ਸਮੇਂ ਬਹੁਤ ਵੱਡਾ ਅਨਿਆਇ ਕੀਤਾ ਸੀ। ਜਦੋਂ ਕਿ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿਚ ਵੰਡ ਹੋਣ ਦੇ ਅਮਲ ਤੋਂ ਇਕ ਸਾਲ ਪਹਿਲਾਂ 1946 ਵਿਚ ਸੰਪੂਰਨ ਬਾਦਸ਼ਾਹੀ ਆਜ਼ਾਦ ਸਿੱਖ ਰਾਜ (ਖਾਲਿਸਤਾਨ) ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਲੇਬਰ ਪਾਰਟੀ ਦੀ ਅੰਗਰੇਜ਼ ਹਕੂਮਤ ਨੇ ਸਿੱਖ ਕੌਮ ਦੀ ਇਸ ਮੁੱਖ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਧੋਖਾ ਕੀਤਾ। ਹੁਣ ਬਰਤਾਨੀਆਂ ਦੀ ਲੇਬਰ ਪਾਰਟੀ ਨੇ ਸਿੱਖ ਕੌਮ ਨਾਲ ਕਿਹੋ ਜਿਹੇ ਸੰਬੰਧ ਰੱਖਣੇ ਹਨ , ਇਹ ਬਲਿਊ ਸਟਾਰ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾਂ ਕਰਕੇ ਅਤੇ ਜਰਨਲ ਬਰਾੜ ਨਾਲ ਸੰਬੰਧਤ ਚਾਰੇ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾ ਕੇ ਹੀ ਅੱਗੇ ਵਧ ਸਕਦੇ ਹਨ। ਜਦੋਂ ਕਿ ਬਲਿਊ ਸਟਾਰ ਸਮੇਂ ਅਤੇ 1947 ਦੀ ਵੰਡ ਸਮੇਂ ਸਿੱਖ ਕੌਮ ਨਾਲ ਹੋਏ ਧੋਖੇ ਨੂੰ ਵਿਸਾਰਨਾਂ ਸਿੱਖ ਕੌਮ ਲਈ ਅਸੰਭਵ ਹੈ।