ਨਵੀਂ ਦਿੱਲੀ – ਭਾਰਤ ਦੀ ਸੁਪਰੀਮ ਕੋਰਟ ਵੱਲੋ ਪਿਛਲੇ ਲੰਮੇ ਸਮੇਂ ਤੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਸੁਆਗਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਜਿਹੜਾ ਉਹਨਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿੱਤਾ ਹੈ ਜਿਸ ਲਈ ਉਹ ਕਾਂਗਰਸ ਦੀ ਕੌਮੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਤੇ ਕੈਬਨਿਟ ਮੰਤਰੀ ਸ੍ਰੀ ਕਪਿੱਲ ਸਿੱਬਲ ਦੇ ਤਹਿ ਦਿਲੋ ਧੰਨਵਾਦੀ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਸ੍ਰੀ ਕਪਿੱਲ ਸਿੱਬਲ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਰੱਦ ਕਰਾਉਣਾ ਉਹਨਾਂ ਨੇ ਏਜੰਡੇ ਵਿੱਚ ਸ਼ਾਮਲ ਹੈ ਅਤੇ ਉਹ ਸਿੱਖ ਕੌਮ ਨਾਲ ਵਾਅਦਾ ਵੀ ਕਰਦੇ ਹਨ ਕਿ ਜਿੰਨਾ ਚਿਰ ਤੱਕ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੈ ਉਨਾ ਚਿਰ ਕਿਸੇ ਵੀ ਸੂਰਤ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਨਹੀ ਲੱਗਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ (ਸਰਨਿਆ)ਨੇ ਪ੍ਰੋ ਭੁੱਲਰ ਦੀ ਮਾਤਾ ਦੀ ਕਾਂਗਰਸ ਦੀ ਕੌਮੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਵਾਈ ਸੀ ਤੇ ਇਸ ਮੁਲਾਕਾਤ ਵਿੱਚ ਬੀਬੀ ਸੋਨੀਆ ਨੇ ਭੁੱਲਰ ਦੀ ਮਾਤਾ ਦੀ ਕੰਡ ਤੇ ਹੱਥ ਫੇਰਦਿਆ ਕਿਹਾ ਸੀ ਕਿ ,‘‘ ਆਪ ਚਿੰਤਾ ਮੱਤ ਕਰੇ ਜਲਦੀ ਹੀ ਸਭ ਠੀਕ ਹੋ ਜਾਵੇਗਾ।’’ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੇ ਵਿਸ਼ੇਸ਼ ਕਰਕੇ ਬੀਬੀ ਸੋਨੀਆ ਗਾਂਧੀ ਨੇ ਜਿਹੜੇ ਕੌਲ ਕਰਾਰ ਸਿੱਖਾਂ ਨਾਲ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡੀ।ਉਹਨਾਂ ਕਿਹਾ ਕਿ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੇਂਦਰ ਸਰਕਾਰ ਵੱਲੋ ਭਰੋਸਾ ਮਿਲਣ ਉਪਰੰਤ ਗੁਰੂਦੁਆਰਾ ਸ੍ਰੀ ਰਕਾਬ ਗੰਜ ਵਿਖੇ ਬਣੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕਰੀਬ ਤਿੰਨ ਸਾਲ ਪਹਿਲਾਂ ਸਟੇਜ ਤੋ ਬੋਲਦਿਆ ਕਿਹਾ ਸੀ ਕਿ,‘‘ ਅੱਠਵੇ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਦੀ ਛੜੀ ਉਹਨਾਂ ਨੇ ਸਿਰ ਤੇ ਮੇਹਰਬਾਨ ਹੈ ਅਤੇ ਉਹਨਾਂ ਨੇ ਇਹ ਛੜੀ ਘੁੱਟ ਕੇ ਫੜੀ ਹੋਈ ਹੈ। ਅੱਜ ਉਹ ਸੰਗਤਾਂ ਨਾਲ ਵਾਅਦਾ ਕਰਦੇ ਹਨ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਦੇਰ ਸਵੇਰ ਤਾਂ ਹੋ ਸਕਦੀ ਹੈ ਪਰ ਉਹ ਪ੍ਰੋ. ਭੁੱਲਰ ਨੂੰ ਕਿਸੇ ਵੀ ਸੂਰਤ ਵਿੱਚ ਫਾਂਸੀ ਨਹੀ ਲੱਗਣ ਦੇਣਗੇ।’’ ਉਹਨਾਂ ਕਿਹਾ ਕਿ ਜਿਹੜਾ ਵਾਅਦਾ ਸ੍ਰ ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਨਾਲ ਕੀਤਾ ਸੀ ਅੱਜ ਉਹ ਪੂਰਾ ਕਰਕੇ ਦਿਖਾ ਦਿੱਤਾ ਹੈ।
ਉਹਨਾਂ ਕਿਹਾ ਕਿ ਪ੍ਰਵਾਸੀ ਸਿੱਖਾਂ ਦੀਆ ਅਰਦਾਸਾਂ ਤੇ ਸਹਿਯੋਗ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਰੱਦ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਦੋ ਵੀ ਕੋਈ ਮੰਤਰੀ ਸੰਤਰੀ ਵਿਦੇਸ਼ ਜਾਂਦਾ ਸੀ ਤਾਂ ਜਾਗਰਕੂ ਸਿੱਖ ਉਸ ਕੋਲ ਇਹ ਮੰਗ ਜਰੂਰ ਉਠਾਉਦੇ ਤੇ ਇਸ ਦੀ ਜਾਣਕਾਰੀ ਸ੍ਰ. ਪਰਮਜੀਤ ਸਿੰਘ ਸਰਨਾ ਨੂੰ ਵੀ ਜਰੂਰ ਦਿੰਦੇ। ਉਹਨਾਂ ਕਿਹਾ ਕਿ ਪ੍ਰਵਾਸੀ ਸਿੱਖਾਂ ਦੀ ਭੂਮਿਕਾ ਬਾਕੀ ਮਾਮਲਿਆ ਵਿੱਚ ਵੀ ਸ਼ਲਾਘਾਯੋਗ ਰਹੀ ਹੈ।
ਉਹਨਾਂ ਕਿਹਾ ਕਿ ਜਦੋਂ ਉਹਨਾਂ ਕੋਲ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਤਾਂ ਉਹਨਾਂ ਨੇ ਉਸ ਸਮੇਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾ ਕੇ ਉਹਨਾਂ ਸਿੱਖਾਂ ਦਾ ਵਤਨ ਵਾਪਸ ਪਰਤਣ ਦਾ ਰਾਹ ਪੱਧਰਾ ਕੀਤਾ ਸੀ ਜਿਹਨਾਂ ਨੂੰ ਖਾਲਿਸਤਾਨੀ ਕਹਿ ਕੇ ਵੀਜਾ ਨਹੀ ਦਿੱਤਾ ਜਾਂਦਾ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾ ਅਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਵੀ ਉਹਨਾਂ ਦੇ ਸਮੇਂ ਹੀ ਕੇਂਦਰ ਸਰਕਾਰ ਨੇ ਦਿੱਤੀ ਸੀ ਕਿਉਕਿ ਉਹ ਅਕਸਰ ਹੀ ਇਹ ਮਾਮਲਾ ਕੇਂਦਰੀ ਕਨੂੰਨ ਮੰਤਰੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਉਠਾਉਦੇ ਰਹਿੰਦੇ ਸਨ। ਉਹਨਾਂ ਕਿਹਾ ਕਿ ਕਾਬਲੀ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦਿਵਾਉਣਾ ਲਈ ਵੀ ਉਹ ਯਤਨਸ਼ੀਲ ਹਨ ਅਤੇ ਉਹਨਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਉਹ ਜਲਦੀ ਹੀ ਇਸ ਨੂੰ ਪੂਰਾ ਕਰਵਾ ਲੈਣਗੇ।ਉਹਨਾਂ ਕਿਹਾ ਕਿ ਭਾਂਵ ੇਉਹ ਸੱਤਾ ਵਿੱਚ ਹੋਣ ਜਾਂ ਨਾ ਹੋਣ ਉਸ ਨਾਲ ਉਹਨਾਂ ਨੂੰ ਕੋਈ ਫਰਕ ਨਹੀ ਪੈਦਾ ਪਰ ਉਹ ਪੰਥਕ ਮਸਲਿਆ ਲਈ ਸੰਘਰਸ਼ ਕਰਨ ਲਈ ਹਮੇਸ਼ਾਂ ਹੀ ਵਚਨਬੱਧ ਰਹੇ ਹਨ। ਉਹਨਾਂ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣ ਵਿੱਚ ਸੁਪਰੀਮ ਕੋਰਟ ਦੇ ਪ੍ਰਸਿੱਧ ਤੇ ਨਾਮਵਰ ਵਕੀਲ ਕੇ.ਟੀ.ਐਸ ਤੁਲਸੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨਾ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ ਤੇ ਦਿਨ ਰਾਤ ਮਿਹਨਤ ਕੀਤੀ।
ਉਹਨਾਂ ਕਿਹਾ ਕਿ ਜਿਹੜੇ ਪੰਥਕ ਬਾਣੇ ਵਿੱਚ ਲੋਕ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਖੂੰਖਾਰ ਅੱਤਵਾਦੀ ਦੱਸ ਕੇ ਪੰਜਾਬ ਦੀ ਜੇਲ੍ਹ ਵਿੱਚ ਵੀ ਲੈਣ ਲਈ ਤਿਆਰ ਨਹੀ ਸੀ , ਅੱਜ ਉਹ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਕਿਥੇ ਖੜੇ ਹਨ? ਉਹਨਾਂ ਨੇ ਦਿੱਲੀ ਦੀ ਤੱਤਕਾਲੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਨਾਲ ਗੱਲਬਾਤ ਕਰਕੇ ਜਦੋਂ ਪ੍ਰੋ. ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਜਾਬ ਦੀ ਸੱਤਾ ਤੇ ਕਾਬਜ ਪੰਥ ਦਾ ਭੁਲੇਖਾ ਪਾਉਣ ਵਾਲੀ ਬਾਦਲ ਸਰਕਾਰ ਨੇ ਉਸ ਨੂੰ ਪੰਜਾਬ ਵਿੱਚ ਲੈਣ ਤੋ ਇਹ ਕਹਿ ਇਨਕਾਰ ਕਰ ਦਿੱਤਾ ਸੀ ਕਿ ਉਹ ਖੂੰਖਾਰ ਅੱਤਵਾਦੀ ਹੈ ਅਤੇ ਉਹ ਪੰਜਾਬ ਵਿੱਚ ਉਸ ਨਹੀ ਰੱਖ ਸਕਦੇ। ਉਹਨਾਂ ਕਿਹਾ ਕਿ ਇਸ ਵੇਲੇ ਬਾਦਲ ਦਾ ਪੰਜਾਬ ਸਰਕਾਰ , ਸ਼ੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੇ ਕਬਜਾ ਹੈ ਪਰ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਗਰਦਾਨਣ ਵਾਲਾ ਜੇਕਰ ਵਾਕਿਆ ਹੀ ਸਿੱਖ ਪਰੰਪਰਾ ਨੂੰ ਪਰਨਾਇਆ ਹੋਇਆ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਪ੍ਰੋ. ਭੁੱਲਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਲੈਣ ਤੋ ਇਨਕਾਰ ਕਰਨ ਦੀ ਕੀਤੀ ਬੱਜਰ ਗਲਤੀ ਦੀ ਸਿੱਖ ਕੌਮ ਤੋ ਮੁਆਫੀ ਮੰਗੇ ਤੇ ਆਪਣੀਆ ਸਜਾਵਾ ਪੂਰੀਆ ਕਰ ਚੁੱਕੇ ਪੰਜਾਬ ਦੀਆ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਨਹੀ ਤਾਂ ਸਿੱਖ ਬਾਦਲ ਨੂੰ ਸਿੱਖ ਪੰਥ ਵਿੱਚ ਬਹੂਰੂਪੀਆ ਹੀ ਸਮਝਣਗੇ।