ਨਵੀਂ ਦਿੱਲੀ: ਦਿੱਲੀ ਦੇ ਸਿੱਖ ਵਸੋ ਵਾਲੇ ਲੋਕਸਭਾ ਹਲਕਾ ਪੱਛਮ ਦਿੱਲੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਦੇ ਚੋਣ ਲੜਾਉਣ ਵਾਸਤੇ ਪਾਰਟੀ ਦੇ ਕਾਰਕੁੰਨਾ ਵਲੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਪਹੁੰਚ ਕਰਕੇ ਜੀ.ਕੇ. ਨੂੰ ਚੋਣ ਲੜਾਉਣ ਦੀ ਮੰਗ ਹੁਣ ਜੋਰ ਪਕੜਦੀ ਨਜ਼ਰ ਆ ਰਹੀ ਹੈ। ਅੱਜ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਜੀ.ਕੇ. ਨੂੰ ਪੱਛਮ ਦਿੱਲੀ ਤੋਂ ਉਮੀਦਵਾਰ ਐਲਾਨਨ ਵਾਸਤੇ ਤੱਥਿਆਂ ਦੇ ਆਧਾਰ ਤੇ ਅਕਾਲੀ ਹਾਈਕਮਾਨ ਨੂੰ ਅਪੀਲ ਕੀਤੀ ਹੈ।
ਲਗਭਗ 17 ਲੱਖ ਵੋਟਰਾਂ ਵਾਲੇ ਇਸ ਹਲਕੇ ਵਿਚ ਲਗਭਗ 8 ਤੋਂ 10 ਲੱਖ ਸਿੱਖ ਵੋਟਰ ਹੋਣ ਦਾ ਦਾਅਵਾ ਕਰਦੇ ਹੋਏ ਰਵਿੰਦਰ ਸਿੰਘ ਖੁਰਾਨਾ ਨੇ ਦੱਸਿਆ ਕਿ ਅਕਾਲੀ ਦਲ ਦੀ ਇਸ ਸੀਟ ਤੇ ਸੰਗਠਨ ਦੇ ਤੌਰ ਤੇ ਪਕੜ ਬਹੁਤ ਮਜਬੂਤ ਹੈ ਤੇ ਜਿਸ ਦੀ ਝਲਕ ਹਲਕੇ ਵਿਚ ਲੱਗਦੇ ਦਿੱਲੀ ਕਮੇਟੀ ਦੇ 15 ਵਾਰਡਾਂ ਵਿਚੋਂ 13 ਵਾਰਡਾਂ ਤੇ ਅਕਾਲੀ ਦਲ ਦੇ ਮੈਂਬਰ ਸੇਵਾ ਨਿਭਾਉਣ ਕਰਕੇ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ 2013 ਵਿਚ ਭਾਰਤੀ ਜਨਤਾ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਵਿਚ ਪੱਛਮ ਦਿੱਲੀ ਲੋਕਸਭਾ ਹਲਕੇ ਤੋਂ 4 ਸੀਟਾਂ ਦੇਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ 3 ਸੀਟਾਂ ਤੇ ਨਿਗਮ ਪਾਰਸ਼ਦ ਅਤੇ ਹੁਣ 2014 ਵਿਚ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਵੱਡੇ ਫਰਕ ਨਾਲ ਚੋਣ ਜਿੱਤਕੇ ਵਿਧਾਇਕ ਬਨਣ ਦਾ ਵੀ ਹਵਾਲਾ ਦਿੱਤਾ।
ਖੁਰਾਨਾ ਨੇ ਮਨਜੀਤ ਸਿੰਘ ਜੀ.ਕੇ. ਨੂੰ ਦਿੱਲੀ ਇਕਾਈ ਦਾ ਕਾਮਯਾਬ ਜਰਨੈਲ ਐਲਾਣਦੇ ਹੋਏ ਕਿਹਾ ਕਿ ਸਭ ਨੂੰ ਨਾਲ ਲੈ ਕੇ ਚਲਣ ਦੀ ਆਦਤ ਅਤੇ ਆਪਣੇ ਸਵਰਗਵਾਸੀ ਪਿਤਾ ਜੱਥੇਦਾਰ ਸੰਤੋਖ ਸਿੰਘ ਦੀ ਤਰ੍ਹਾਂ ਕੌਮ ਵਾਸਤੇ ਕੁਝ ਕਰਨ ਦੇ ਜਜ਼ਬੇ ਸਦਕਾ ਦਿੱਲੀ ਦੀ ਸੰਗਤ ਪਿਛਲੇ 32 ਸਾਲ ਦੇ ਉਨ੍ਹਾਂ ਦੇ ਲੰਬੇ ਸਿਆਸੀ ਜੀਵਨ ਵਿਚ ਅੱਜ ਵੀ ਉਨ੍ਹਾਂ ਵਿਚ ਬਿਨਾ ਕਿਸੇ ਵਿਵਾਦ ਦੇ ਇਮਾਨਦਾਰ ਰਾਜਨੇਤਾ ਦਾ ਅਕਸ ਦੇਖਦੀ ਹੈ।