ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੇਸ਼ ਦਾ 65ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਾਂ ਦੀ ਪਰੇਡ ਤੋਂ ਸਲਾਮੀ ਲਈ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਸਮੂਹ ਡੀਨ, ਡਾਇਰੈਕਟਰ, ਅਧਿਆਪਕ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਸ਼ਾਮਿਲ ਸਨ।
ਸਲਾਮੀ ਲੈਣ ਉਪਰੰਤ ਡਾ: ਢਿੱਲੋਂ ਨੇ ਕਿਹਾ ਕਿ ਪੱਕੇ ਇਰਾਦੇ, ਨੇਕੀ ਅਤੇ ਅਨੁਸ਼ਾਸਨ ਨਾਲ ਹੀ ਅਸੀਂ ਦੇਸ਼ ਨੂੰ ਬੁਲੰਦੀਆਂ ਤਕ ਪਹੁੰਚਾ ਸਕਦੇ ਹਾਂ। ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਜਿਸ ਤਰ੍ਹਾਂ ਪੰਜਾਬ ਨੇ ਅਹਿਮ ਯੋਗਦਾਨ ਪਾਇਆ ਹੈ, ਉਸੇ ਤਰ੍ਹਾਂ ਹੁਣ ਕੁਦਰਤੀ ਸੋਮਿਆਂ ਦੇ ਰੱਖ ਰਖਾਵ ਲਈ ਤਕਨਾਲੋਜੀਆਂ ਵਿਕਸਤ ਕਰਨ ਵਿੱਚ ਅਹਿਮ ਯੋਗਦਾਨ ਪੰਜਾਬ ਵੱਲੋਂ ਪਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਹਵਾਲਾ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੁਦਰਤੀ ਸੋਮਿਆਂ ਦੇ ਰੱਖ ਰਖਾਵ ਸੰਬੰਧੀ ਚਿਰਾਂ ਤੋਂ ਹੋਕਾ ਦਿੱਤਾ ਜਾ ਰਿਹਾ ਹੈ। ਡਾ: ਢਿੱਲੋਂ ਨੇ ਸਮਾਜ ਵਿੱਚ ਡਿੱਗ ਰਹੀਆਂ ਨੈਤਿਕ ਕਦਰਾਂ ਕੀਮਤਾਂ ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਸਮਾਜਿਕ ਕੁਰੀਤੀਆਂ ਤੇ ਚੋਟ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਫਜ਼ੂਲ ਖਰਚੀ ਦੇ ਨਾਲ ਅਸੀਂ ਫੋਕੀ ਸ਼ੁਹਰਤ ਹੀ ਹਾਸਿਲ ਕਰਦੇ ਹਾਂ, ਇਸ ਤੋਂ ਗੁਰੇਜ਼ ਕਰੋ ਤਾਂ ਜੋ ਇਸ ਤੋਂ ਹੋਰ ਵਿਕਸਤ ਹੋਣ ਵਾਲੀਆਂ ਅਲਾਮਤਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਸੀਂ ਖੇਤ ਵਿਚੋਂ ਕਿੰਨਾ ਮੁਨਾਫ਼ਾ ਪ੍ਰਾਪਤ ਕੀਤਾ ਨਾ ਕਿ ਸਾਨੂੰ ਆਮਦਨ ਵੱਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀਆਂ ਲਾਗਤਾਂ ਅਤੇ ਰਸਾਇਣਾਂ ਦੀ ਸੰਜਮ ਨਾਲ ਵਰਤੋਂ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਸਾਨੂੰ ਦੂਜਿਆਂ ਵੱਲ ਉਂਗਲ ਕਰਨ ਤੋਂ ਪਹਿਲਾਂ ਆਪਣੇ ਕਰਮਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਅਤੇ ਸੱਚੀ ਨਿਸ਼ਠਾ ਅਤੇ ਇਰਾਦੇ ਨਾਲ ਸਮਾਜ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਹਨ। ਉਨ੍ਹਾਂ ਯੂਨੀਵਰਸਿਟੀ ਦੇ ਗਣਤੰਤਰ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਹੇ। ਮੰਚ ਦਾ ਸੰਚਾਲਨ ਡਾ: ਜਸਵਿੰਦਰ ਸਿੰਘ ਭੱਲਾ ਨੇ ਕੀਤਾ।