ਬੈਰੂਤ- ਅੱਤਵਾਦੀ ਸੰਗਠਨਾਂ ਅਤੇ ਇਸਲਾਮਿਕ ਵਿਦਰੋਹੀਆਂ ਨੇ ਸੀਰੀਆ ਦੇ ਤੇਲ ਅਤੇ ਗੈਸ ਭੰਡਾਰਾਂ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਰੀਆ ਦੀ ਆਮਦਨੀ ਦੇ ਮੁੱਖ ਸਰੋਤ ਤੇ ਕਬਜ਼ਾ ਕਰਕੇ ਵਿਦਰੋਹੀਆਂ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਖਿਲਾਫ਼ ਜੰਗ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਅੱਤਵਾਦੀ ਸੰਗਠਨ ਅਲਕਾਇਦਾ ਦੇ ਸਮਰਥੱਕ ‘ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ’ ਅਤੇ ਨੁਸਰਾ ਫਰੰਟ ਨੇ ਸੀਰੀਆ ਦੇ ਤੇਲ ਅਤੇ ਗੈਸ ਭੰਡਾਰਾਂ ਤੇ ਕਬਜ਼ਾ ਕਰਕੇ ਇਸ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ‘ਆਈਐਸਆਈਐਸ’ ਗੈਰ ਕਾਨੂੰਨੀ ਢੰਗ ਨਾਲ ਸਰਕਾਰ ਨੂੰ ਤੇਲ ਵੇਚ ਰਹੀ ਹੈ। ਸੀਰੀਆ ਦੇ ਦੂਸਰੇ ਵਿਰੋਧੀ ਦਲਾਂ ਨੇ ਇਹ ਆਰੋਪ ਲਗਾਇਆ ਹੈ ਕਿ ‘ਆਈਐਸਆਈਐਸ’ ਗੁਪਤ ਰੂਪ ਵਿੱਚ ਬਸ਼ਰ ਸਰਕਾਰ ਨਾਲ ਮਿਲ ਕੇ ਇਹ ਕੰਮ ਕਰ ਰਹੇ ਹਨ ਤਾਂ ਜੋ ਦੂਸਰੇ ਵਿਰੋਧੀ ਸੰਗਠਨਾਂ ਨੂੰ ਕਮਜੋਰ ਕੀਤਾ ਜਾ ਸਕੇ ਅਤੇ ਉਨ੍ਹਾਂ ਗਰੁੱਪਾਂ ਨੂੰ ਅੰਤਰਰਾਸ਼ਟਰੀ ਇਸਲਾਮਿਕ ਸਮੂੰਹਾਂ ਦੁਆਰਾ ਮਿਲਣ ਵਾਲੀ ਮੱਦਦ ਨੂੰ ਘੱਟ ਕੀਤਾ ਜਾ ਸਕੇ।
ਅਸਦ ਸਰਕਾਰ ਅਤੇ ‘ਆਈਐਸਆਈਐਸ’ ਦਰਮਿਆਨ ਸਬੰਧਾਂ ਬਾਰੇ ਕੋਈ ਪੁੱਖਤਾ ਸਬੂਤ ਨਹੀਂ ਹਨ, ਪਰ ਅਮਰੀਕੀ ਅਧਿਕਾਰੀਆਂ ਅਨੁਸਾਰ ਅਸਦ ਸਰਕਾਰ ਇਨ੍ਹਾਂ ਸੰਗਠਨਾਂ ਤੋਂ ਤੇਲ ਖਰੀਦ ਕੇ ਉਨ੍ਹਾਂ ਨੂੰ ਉਤਸਾਹਿਤ ਕਰ ਰਹੀ ਹੈ। ਵਿਦਰੋਹੀ ਸਮੂੰਹ ਸਰਕਾਰ ਨੂੰ ਤੇਲ ਸਪਲਾਈ ਕਰ ਰਹੇ ਹਨ ਅਤੇ ਬਦਲੇ ਵਿੱਚ ਸਰਕਾਰ ਉਨ੍ਹਾਂ ਨੂੰ ਬਿਜਲੀ ਮੁਹਈਆ ਕਰਵਾ ਰਹੀ ਹੈ ਅਤੇ ਉਨ੍ਹਾਂ ਦੇ ਟਿਕਾਣਿਆਂ ਤੇ ਹਵਾਈ ਹਮਲੇ ਨਹੀਂ ਕੀਤੇ ਜਾ ਰਹੇ।