ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਮਿਤੀ 29.1.2014 ਨੂੰ 10.30 ਵਜੇ ਇੰਗਲਿਸ਼ ਆਡੀਟੋਰੀਅਮ ਵਿਖੇ ਰਾਸ਼ਟਰੀ ਸੈਮੀਨਾਰ : ਕਹਾਣੀ ਦੀ ਸਿਰਜਣ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਪ੍ਰੋਫ਼ੈਸਰ ਅਰੁਣ ਕੁਮਾਰ ਗਰੋਵਰ, ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕੀਤਾ। ਉਹਨਾਂ ਨੇ ਕਿਹਾ ਕਿ ਮੇਰਾ ਵਿਸ਼ਾ ਭਾਵੇਂ ਵਿਗਿਆਨ ਹੈ ਪਰ ਕਲਾ ਤੇ ਸਾਹਿਤ ਮੇਰੀ ਰੂਹ ਦੀ ਖੁਰਾਕ ਹਨ। ਉਹਨਾਂ ਨੇ ਸੁਝਾਅ ਦਿੱਤਾ ਕਿ ਹੁਣ ਇਕ-ਇਕ ਭਾਸ਼ਾ ਦੀ ਥਾਂ ਬਹੁ-ਭਾਸ਼ਾਈ, ਬਹੁ-ਸਭਿਆਚਾਰੀ ਵਿਭਾਗਾਂ ਨੂੰ ਆਰੰਭ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਪਿਛਲੀ ਸਦੀ ਵਿਚ ਪੰਜਾਬ ਨੇ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਸ਼ੇਰਗਿੱਲ ਵਰਗੀਆਂ ਕਲਾ-ਸਿੱਧ ਹਸਤੀਆਂ ਨੂੰ ਜਨਮ ਦਿੱਤਾ। ਪ੍ਰਸਿੱਧ ਅਰਥ-ਸ਼ਾਸਤਰੀ ਪ੍ਰੋਫ਼ੈਸਰ ਐਸ.ਐਸ. ਜੌਹਲ (ਪਦਮ-ਭੂਸ਼ਣ), ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਕਹਾਣੀ ਸੰਵਾਦ ਦੀ ਪ੍ਰਧਾਨਗੀ ਕੀਤੀ। ਸਾਹਿਤਯ ਅਕਾਦੇਮੀ (ਦਿੱਲੀ) ਪੁਰਸਕਾਰ ਵਿਜੇਤਾ ਪ੍ਰਸਿੱਧ ਪੰਜਾਬੀ ਕਥਾਕਾਰ ਪ੍ਰੋ. ਗੁਲਜ਼ਾਰ ਸਿੰਘ ਸੰਧੂ ਅਤੇ ਸ਼੍ਰੀ ਮੋਹਨ ਭੰਡਾਰੀ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਗੁਰਭਜਨ ਗਿੱਲ ਨੇ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ।
ਪ੍ਰੋ. ਸੁਖਦੇਵ ਸਿੰਘ ਚੇਅਰਮੈਨ ਪੰਜਾਬੀ ਅਧਿਐਨ ਸਕੂਲ ਨੇ ਇਸ ਸੈਮੀਨਾਰ ’ਚ ਸ਼ਾਮਿਲ ਹੋਣ ਲਈ ਪਹੁੰਚੇ ਕਥਾਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਜੋਕੀ ਪੰਜਾਬੀ ਕਹਾਣੀ ਬਾਰੇ ਕੁਝ ਨੁਕਤੇ ਉਭਾਰੇ। ਡਾ. ਸ਼ਰਨਜੀਤ ਕੌਰ ਕਨਵੀਨਰ ਕਹਾਣੀ ਸੰਵਾਦ ਨੇ ਇਸ ਸੈਮੀਨਾਰ ਦੀ ਰੂਪ-ਰੇਖਾ ਬਾਰੇ ਸਪੱਸ਼ਟ ਕੀਤਾ। ਪੰਜਾਬੀ ਦੇ ਤਿੰਨ ਨਾਮਵਰ ਕਥਾਕਾਰਾਂ ਪ੍ਰੋ. ਕਿਰਪਾਲ ਕਜ਼ਾਕ, ਸ਼੍ਰੀ ਗੁਰਪਾਲ ਲਿੱਟ ਅਤੇ ਸ਼੍ਰੀ ਅਜਮੇਰ ਸਿੱਧੂ ਨੇ ਮੇਰੀ ਕਹਾਣੀ ਦੀ ਸਿਰਜਣ ਪ੍ਰਕਿਰਿਆ ਵਿਸ਼ੇ ਬਾਰੇ ਵਿਖਿਆਨ ਦਿੱਤਾ। ਪ੍ਰੋ. ਕਿਰਪਾਲ ਕਜ਼ਾਕ ਨੇ ਬਹੁਤ ਰੌਚਕ ਸ਼ੈਲੀ ਵਿਚ ਆਪਣੀ ਸਾਹਿਤਕ ਯਾਤਰਾ ਨੂੰ ਬਿਆਨ ਕੀਤਾ। ਉਸਨੇ ਕਿਹਾ ਕਿ ਠਕਥਾਕਾਰ ਆਪਣੇ ਕਲਾ ਸ਼ਿਲਪ ਨਾਲ ਜ਼ਿੰਦਗੀ ਦੀਆਂ ਸਾਧਾਰਨ ਘਟਨਾਵਾਂ ਨੂੰ ਅਰਥ ਭਰਪੂਰ, ਚਿਰਜੀਵੀ ਅਤੇ ਸਜੀਵ ਬਣਾ ਦਿੰਦਾ ਹੈ। ਕਹਾਣੀ 24 ਕੈਰਟ ਦਾ ਸੋਨੇ ਦਾ ਬਿਸਕੁਟ ਨਹੀਂ ਹੁੰਦੀ, ਸ਼ਿਲਪੀ ਦੁਆਰਾ ਘੜੇ ਹੋਏ ਗਹਿਣੇ ਵਾਂਗ ਇਸ ਵਿਚ ਕੁਝ ਰਲਾ ਹੁੰਦਾ ਹੈ। ਇਹ ਰਲਾ ਨਿਰੀ ਮਿਲਾਵਟ ਨਹੀਂ ਹੁੰਦਾ ਸਗੋਂ ਕਲਾਕਾਰ ਦੀ ਸਿਰਜਣਾਤਮਕਤਾ ਦੁਆਰਾ ਮਨੁੱਖੀ ਜੀਵਨ ਦੀ ਵਾਸਤਵਿਕਤਾ ਦੇ ਅਨੇਕਾਂ ਪਾਸਾਰਾਂ ਨੂੰ ਸੁਹਜ ਮਈ ਤਰੀਕੇ ਨਾਲ ਵਿਉਂਤਣ ਦੀ ਜੁਗਤ ਹੁੰਦਾ ਹੈ। ਜੀਵਨ ਦੀ ਵਾਸਤਵਿਕਤਾ ਵਿਚ ਕਲਾਕਾਰ ਦੇ ਅਨੁਭਵ, ਕਲਪਨਾ ਅਤੇ ਵਿਵੇਕ ਦਾ ਰਲਾ ਸ਼ਾਮਿਲ ਹੋ ਕੇ ਹੀ ਅਨੁਭਵ ਨੂੰ ਕਲਾਕ੍ਰਿਤ ਬਣਾਉਂਦਾ ਹੈ।
ਅਜਮੇਰ ਸਿੱਧੂ ਨੇ ਆਪਣੀਆਂ ਕੁਝ ਕਹਾਣੀਆਂ ਨੂੰ ਲੈ ਕੇ ਇਹ ਦਰਸਾਉਣ ਦਾ ਯਤਨ ਕੀਤਾ ਕਿ ਮਨੁੱਖੀ ਅਨੁਭਵ ਕਲਾਕ੍ਰਿਤ ਵਿਚ ਢਲ ਕੇ ਕਿਵੇਂ ਸੁਹਜ ਬਿੰਬ ਵਿਚ ਰੂਪਾਂਤ੍ਰਿਤ ਹੋ ਜਾਂਦਾ ਹੈ। ਉਸਨੇ ਦੱਸਿਆ, ਠਮੈਂ ਬਚਪਨ ਤੋਂ ਹੀ ਬਾਗ਼ੀ ਬਿਰਤੀ ਦਾ ਮਾਲਕ ਸਾਂ। ਘਰ ਦਿਆਂ ਨੇ ਮੈਨੂੰ ਸਾਇੰਸ ਵਿਚ ਦਾਖਲਾ ਦਵਾਇਆ ਪਰ ਮੇਰੀ ਰੁਚੀ ਸਾਹਿਤ ਅਤੇ ਕਲਾਵਾਂ ਵੱਲ ਵਧੇਰੇ ਸੀ। ਮੈਂ ਕੁਝ ਅਜਿਹੇ ਵਿਸ਼ਿਆਂ ਨੂੰ ਬੇਬਾਕ ਹੋ ਕੇ ਆਪਣੀ ਕਹਾਣੀ ਦਾ ਵਿਸ਼ਾ ਬਣਾਇਆ ਜਿਨ੍ਹਾਂ ਬਾਰੇ ਚਰਚਾ ਕਰਨੀ ਸਹਿਜ ਨਹੀਂ। ਮੈਂ ਜ਼ਿੰਦਗੀ ਦੇ ਕਰੂਰ ਯਥਾਰਥ ਨੂੰ ਨੇੜਿਓਂ ਤੱਕਿਆ ਹੀ ਨਹੀਂ ਸਗੋਂ ਉਸਨੂੰ ਕਲਾਤਮਕ ਵਿਵੇਕ ਰਾਹੀਂ ਕਹਾਣੀ ਦੇ ਰੂਪ ਵਿਚ ਢਾਲਿਆ ਹੈ। ਜ਼ਿੰਦਗੀ ’ਚ ਵਾਪਰੀਆਂ ਘਟਨਾਵਾਂ ਵੱਖਰੇ-ਵੱਖਰੇ ਰੂਪ ਧਾਰ ਕੇ ਕਹਾਣੀ ਦੇ ਬਿਰਤਾਂਤ ਵਿਚ ਆਪ ਮੁਹਾਰੇ ਹੀ ਢਲ ਜਾਂਦੀਆਂ ਹਨ। ਮੈਂ ਕਹਾਣੀ ਦੇ ਕਲਾਤਮਕ ਪੱਖ ਬਾਰੇ ਜਿੰਨਾ ਸੁਚੇਤ ਹਾਂ ਓਨਾ ਹੀ ਮੈਂ ਲੇਖਕ ਦੇ ਸਮਾਜਕ ਦਾਇਤਵ ਬਾਰੇ ਵੀ ਸਜੱਗ ਹਾਂ। ਲੇਖਕ ਨੇ ਯਥਾਰਥ ਜਿਉਣਾ ਤੇ ਲਿਖਣਾ ਹੀ ਨਹੀਂ ਹੁੰਦਾ ਸਗੋਂ ਉਸ ਨੇ ਯਥਾਰਥ ਨੂੰ ਸਮਝ ਕੇ ਉਸਨੂੰ ਬਦਲਣ ਦੀ ਚੇਤਨਾ ਪੈਦਾ ਕਰਨੀ ਹੈ।ੂ ਉਹਨੇ ਆਪਣੀਆਂ ਕਹਾਣੀਆਂ ਗੌਰਜਾਂ, ਇਕਬਾਲ ਹੁਸੈਨ ਮੋਇਆ ਨਹੀਂ, ਖੂਹ ਗਿੜਦਾ ਆਦਿ ਦੇ ਫੁਰਨਾ ਫੁਰਨ ਤੋਂ ਲੈ ਕੇ ਕਹਾਣੀ ਵਿਚ ਢਲ ਜਾਣ ਦੇ ਸਫਰ ਨੂੰ ਬਹੁਤ ਦਿਲਚਸਪ ਸ਼ੈਲੀ ਵਿਚ ਬਿਆਨ ਕੀਤਾ।
ਗੁਰਪਾਲ ਲਿੱਟ ਨੇ ਆਪਣੇ ਜੀਵਨ ’ਚ ਵਾਪਰੀਆਂ ਉਹਨਾਂ ਤਲਖ਼ ਘਟਨਾਵਾਂ ਦਾ ਜ਼ਿਕਰ ਕੀਤਾ ਜਿਨਾਂ ਨੇ ਉਸ ਦੇ ਸੰਵੇਦਨਸ਼ੀਲ ਮਨ ਨੂੰ ਰਚਨਾਕਾਰੀ ਦੇ ਰਾਹ ਤੋਰਿਆ। ਉਸਨੇ ਬੜੀ ਭਾਵੁਕ ਰੌਂ ਵਿਚ ਦੱਸਿਆ ਕਿ ਉਸਦਾ ਬਚਪਨ ਗੁਆਚਿਆ ਹੋਇਆ ਹੈ। ਬਾਲ ਉਮਰੇ ਉਸਦੇ ਮਾਪੇ ਉਸਨੂੰ ਲੈ ਕੇ ਬੰਗਾਲ ਚਲੇ ਗਏ। ਫਿਰ ਪੰਜਾਬ ਲੈ ਆਏ ਤੇ ਮੁੜ ਫਿਰ ਬੰਗਾਲ ਪਹੁੰਚ ਗਏ। ਕੁਝ ਸਮਾਂ ਉਸਨੇ ਮਾਪਿਆਂ ਤੋਂ ਦੂਰ ਰਿਸ਼ਤੇਦਾਰਾਂ ਕੋਲ ਗੁਜ਼ਾਰਿਆ ਜਿਸਨੇ ਉਸਦੇ ਬਾਲ ਮਨ ਤੇ ਗਹਿਰੀਆਂ ਝਰੀਟਾਂ ਪਾਈਆਂ। ਆਰਥਿਕ ਤੰਗੀ, ਮਾਪਿਆਂ ਤੋਂ ਦੂਰ ਹੋਣ ਦਾ ਮਾਨਸਿਕ ਸਦਮਾ ਅਤੇ ਸੁਪਨਿਆਂ ਦਾ ਵਾਰ-ਵਾਰ ਟੁੱਟਣਾ ਉਹ ਪੇਚ ਹਨ ਜੋ ਉਸਦੀ ਕਹਾਣੀ ਦੇ ਮੂਲ ਸਿਰਜਣ ਸਰੋਤ ਹਨ। ਜਵਾਨੀ ਪਹਿਰੇ ਉਹ ਨਕਸਲਵਾਦੀ ਰਾਜਸੀ ਲਹਿਰ ਵੱਲ ਖਿੱਚਿਆ ਗਿਆ। ਪੁਲਿਸ ਦਾ ਦਮਨ, ਰਾਜਸੀ ਵਿਸ਼ਵਾਸਾਂ ਦੀ ਟੁੱਟ-ਭੱਜ ਅਤੇ ਸਿਆਸੀ ਸੰਘਰਸ਼ ਦੇ ਇਸ ਸਮੇਂ ਵਿਚ ਉਸਨੂੰ ਉਸਦੀ ਸਵਰਗਵਾਸੀ ਪਤਨੀ ਗੁਰਪਾਲ ਨੇ ਵੱਡਾ ਸਹਾਰਾ ਦਿੱਤਾ। ਉਹ ਕਹਿੰਦਾ ਹੈ ਇਹੀ ਕਾਰਨ ਹੈ ਕਿ ਮੇਰੀ ਹਰ ਕਹਾਣੀ ਵਿਚ ਮੇਰੀ ਪਤਨੀ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰ ਹੈ। ਲਿੱਟ ਨੇ ਦੱਸਿਆ ਕਿ ਉਸਨੇ ਆਰਥਿਕ, ਰਾਜਸੀ ਅਤੇ ਸਿਆਸੀ ਮਸਲਿਆਂ ਨਾਲੋਂ ਵੱਧ ਮਨੁੱਖ ਦੇ ਭਾਵਨਾਤਮਕ ਸੰਸਾਰ ਦੇ ਮਸਲਿਆਂ ਨੂੰ ਤਰਜੀਹ ਦਿੱਤੀ। ਉਸਨੇ ਕਿਹਾ ਰਾਜਸੀ ਲਹਿਰਾਂ ਤੇ ਸਮਾਜਕ ਘਟਨਾਵਾਂ ਤੋਂ ਉਪਜੀ ਕਹਾਣੀ ਲੰਮੇ ਸਮੇਂ ਤੱਕ ਟਿਕ ਨਹੀਂ ਸਕਦੀ। ਮਨੁੱਖੀ ਮਨ ਦੇ ਭਾਵਨਾਤਮਕ ਮਸਲੇ ਅਤੇ ਗੁੰਝਲਾਂ ਮੇਰੀ ਕਹਾਣੀ ਦੇ ਕੇਂਦਰ ਵਿਚ ਵਧੇਰੇ ਰਹੇ ਹਨ। ਘਟਨਾ ਅਤੇ ਨਾਅਰਾ ਕਹਾਣੀ ਨੂੰ ਕਲਾਤਮਕ ਸੁਹਜ ਪ੍ਰਦਾਨ ਨਹੀਂ ਕਰਦੇ। ਇਸੇ ਲਈ ਮੈਂ ਸੁਚੇਤ ਤੌਰ ਤੇ ਰਾਜਸੀ ਘਟਨਾਕ੍ਰਮ ਨੂੰ ਕਹਾਣੀ ਦਾ ਵਿਸ਼ਾ ਨਹੀਂ ਬਣਾਇਆ ਪਰ ਕੁਝ ਕੁ ਕਹਾਣੀਆਂ ਜਿਵੇਂ ਗਿਰਝਾਂ ਵਿੱਚ ਮਸਲੇ ਅਚੇਤ ਹੀ ਆ ਗਏ ਹਨ।
ਇਸ ਸਮਾਗਮ ਵਿੱਚ ਐਡਮਿੰਟਨ (ਕੈਨੇਡਾ) ਤੋਂ ਡਾ. ਪ੍ਰਿਥਵੀ ਰਾਜ ਕਾਲੀਆ, ਸਰ੍ਹੀ (ਕੈਨੇਡਾ) ਤੋਂ ਸੂਫ਼ੀ ਅਮਰਜੀਤ, ਸ਼੍ਰੀ ਸਤਨਾਮ ਢਾਹ, ਕੈਲਗਰੀ (ਕੈਨੇਡਾ), ਸ਼੍ਰੀ ਨਿਰਪਿੰਦਰ ਰਤਨ, ਡਾ. ਜਸਪਾਲ ਕਾਂਗ, ਡਾ. ਗੁਰਪਾਲ ਸਿੰਘ ਸੰਧੂ, ਸਤਪਾਲ ਸਹਿਗਲ, ਕਾਨ੍ਹਾ ਸਿੰਘ, ਸ਼ਿਵ ਨਾਥ, ਸ਼੍ਰੀ ਰਾਮ ਅਰਸ਼, ਸ਼੍ਰੀ ਗੁਰਨਾਮ ਕੰਵਰ, ਸ਼੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਪੰਧੇਰ, ਜਸਬੀਰ ਝੱਜ, ਪ੍ਰਿੰ. ਪ੍ਰੇਮ ਸਿੰਘ ਬਜਾਜ ਅਤੇ ਮਦਨਵੀਰਾ ਨੇ ਉਚੇਚੇ ਤੌਰ ’ਤੇ ਭਾਗ ਲਿਆ। ਇਸ ਡਾ. ਪ੍ਰਿਥਵੀ ਰਾਜ ਕਾਲੀਆ ਦੁਆਰਾ ਗਦਰ ਲਹਿਰ ਬਾਰੇ ਸੰਪਾਦਿਤ ਪੁਸਤਕ ਡਾ. ਐਸ.ਐਸ. ਜੌਹਲ ਨੇ ਲੋਕ ਅਰਪਣ ਕੀਤੀ। ਡਾ. ਜੌਹਲ ਨੇ ਆਪਣੇ ਰਚਨਾਤਮਕ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮੇਰਾ ਖੇਤਰ ਤਾਂ ਅਰਥ-ਸ਼ਾਸਤਰ ਹੈ ਪਰ ਮੈਂ ਸਵੈ-ਜੀਵਨੀ ਵਿੱਚ ਆਪਣੀ ਅਤੇ ਇਸ ਦੌਰ ਦੇ ਮੁਆਸ਼ਰੇ ਦੀ ਕਹਾਣੀ ਲਿਖੀ ਹੈ। ਮੇਰੀ ਸਵੈ-ਜੀਵਨੀ ਰੰਗਾਂ ਦੀ ਗਾਗਰ ਤੁਹਾਡੀ ਮੇਰੀ ਸਭ ਦੀ ਗਾਥਾ ਹੈ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਵਧੇਰੇ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਆ ਅਤੇ ਕਹਾਣੀਕਾਰਾਂ ਨੂੰ ਕਿਹਾ ਕਿ ਉਹ ਦਰਪੇਸ਼ ਸਮਾਜਕ ਮਸਲਿਆਂ ਬਾਰੇ ਪੂਰੀ ਸੰਜੀਦਗੀ ਨਾਲ ਲਿਖਣ। ਪ੍ਰੋ. ਗੁਰਭਜਨ ਗਿੱਲ ਨੇ ਇਹ ਸੁਝਾ ਦਿੱਤਾ ਕਿ ਖੁਸ਼ਵੰਤ ਸਿੰਘ ਦੇ 100 ਵੇਂ ਜਨਮ ਦਿਨ ਸਮੇਂ ਇੰਗਲਿਸ਼ ਆਡੀਟੋਰੀਅਮ ਦਾ ਨਾਮ ਉਹਨਾਂ ਦੇ ਨਾਮ ਉਪਰ ਰੱਖਿਆ ਜਾਵੇ। ਉਹਨਾਂ ਨੇ ਕਿਹਾ ਕਿ ਸਾਹਿਤਕਾਰ ਨੂੰ ਵਧੇਰੇ ਭਰੋਸੇਯੋਗ ਅਤੇ ਵਧੇਰੇ ਜਿੰਮੇਵਾਰ ਲੇਖਕ ਬਣਨਾ ਪਵੇਗਾ। ਸਮਾਜ ਲੇਖਕਾਂ ਦੇ ਵਿਵਹਾਰ ਅਤੇ ਲੇਖਣੀ ਦੋਹਾਂ ਪ੍ਰਤੀ ਬਾਜ ਅੱਖ ਨਾਲ ਨਜ਼ਰਸਾਨੀ ਕਰਦਾ ਹੈ। ਲੇਖਕ ਨੂੰ ਨਵੇਂ ਯੁੱਗ ਦੇ ਹਾਣ ਦਾ ਬਣਨ ਲਈ ਆਪਣੇ ਆਪ ਨੂੰ ਬਦਲਨਾ ਪਵੇਗਾ।
ਡਾ. ਯੋਗਰਾਜ ਨੇ ਪੰਜਾਬੀ ਅਧਿਐਨ ਸਕੂਲ ਵੱਲੋਂ ਕਹਾਣੀਕਾਰਾਂ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।