ਨਵੀਂ ਦਿੱਲੀ : ਸਿੱਖ ਦੀ ਸ਼ਾਨ ਅਤੇ ਗੁਰਸਿੱਖੀ ਦੀ ਨਿਸ਼ਾਨੀ ਦਸਤਾਰ ਨੂੰ ਨੌਜਵਾਨਾ ਵਿਚ ਲੋੜੀਦਾਂ ਹੁੰਗਾਰਾ ਦਿਵਾਉਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਪ ਜਾਪ ਸੇਵਾ ਟਰੱਸਟ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਪਰੀਕ੍ਰਮਾ ਵਿਖੇ ਦਸਤਾਰ ਬੰਦੀ ਪ੍ਰਤੀਯੋਗੀਤਾ 6 ਤੋਂ 17 ਸਾਲ ਦੇ ਬੱਚਿਆ ਦੇ ਵਿਚਕਾਰ ਕਰਵਾਈ ਗਈ। ਜਿਸ ਵਿਚ ਲਗਭਗ 500 ਬੱਚਿਆ ਨੇ ਹਿੱਸਾ ਲਿਆ।
ਦਸਤਾਰ ਪ੍ਰਤਿਯੋਗਿਤਾ ਦੇ ਸੀਨੀਅਰ ਵਰਗ ਵਿਚ ਜਸਕਰਨ ਦੀਪ ਸਿੰਘ ਪਹਿਲੇ ਸਥਾਨ, ਤਵਇੰਦਰ ਪਾਲ ਸਿੰਘ ਦੂਜੇ ਸਥਾਨ, ਨੂਰਪ੍ਰੀਤ ਸਿੰਘ ਤੀਜੇ ਸਥਾਨ, ਜੂਨੀਅਰ ਵਰਗ ਵਿਚ ਅਮਨਪ੍ਰੀਤ ਸਿੰਘ, ਅਰਸ਼ਜੀਤ ਸਿੰਘ ਤੇ ਹਰਜੋਤ ਸਿੰਘ ਤੇ ਦੁਮਾਲਾ ਪ੍ਰਤਿਯੋਗਿਤਾ ਵਿਚ ਇਸ਼ਪ੍ਰੀਤ ਕੌਰ, ਮਨਪ੍ਰੀਤ ਕੌਰ, ਤੇ ਬਖਿੰਦਰ ਸਿੰਘ ਜੇਤੂ ਐਲਾਨੇ ਗਏ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਸਨਮਾਨਿਤ ਕਰਦੇ ਹੋਏ ਬੱਚਿਆ ਨੂੰ ਗੁਰਮਤਿ ਦਾ ਪ੍ਰਚਾਰ ਆਪਣੇ ਆਪ ਨੂੰ ਪ੍ਰਚਾਰਕ ਸਮਝਦੇ ਹੋਏ ਘਰ-ਘਰ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਤੇ ਜਪ ਜਾਪ ਸੇਵਾ ਟਰੱਸਟ ਦੇ ਗੁਰਬਖਸ਼ ਸਿੰਘ ਵੀ ਮੌਜੂਦ ਸਨ।