ਚੰਡੀਗੜ੍ਹ -“ਕਿਸੇ ਧਾਰਮਿਕ ਜਾਂ ਸਿਆਸੀ ਆਗੂ ਦੇ ਮਨ, ਆਤਮਾਂ ਵਿਚ ਜੋ ਚੰਗੀ ਸੋਚ ਹੁੰਦੀ ਹੈ, ਉਸਦੀ ਖੂਸਬੋ ਖੁਦ-ਬ-ਖੁਦ ਹਰ ਪਾਸੇ ਫੈਲਣੀ ਕੁਦਰਤੀ ਹੁੰਦੀ ਹੈ । ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਸਿਆਸਤ ਵਿਚ ਕਦਮ ਰੱਖਣ ਤੋ ਪਹਿਲੇ ਦਿੱਲੀ ਨਿਵਾਸੀਆਂ ਨਾਲ ਕੁਝ ਵਾਅਦੇ ਕੀਤੇ ਸੀ, ਜਿਸ ਨੂੰ ਕਦਮ ਦਰ ਕਦਮ ਸ੍ਰੀ ਕੇਜਰੀਵਾਲ ਪੂਰੀ ਦ੍ਰਿੜਤਾ ਨਾਲ ਪੂਰਨ ਕਰਨ ਦੀ ਕੋਸਿ਼ਸ਼ ਕਰ ਰਹੇ ਹਨ । ਸ੍ਰੀ ਕੇਜਰੀਵਾਲ ਨੇ ਮੁੱਖ ਮੰਤਰੀ ਬਣਨ ਤੋ ਬਾਅਦ ਸਿੱਖ ਕੌਮ ਨਾਲ ਵੀ ਹੋਏ ਜ਼ਬਰ-ਜੁਲਮ ਦਾ ਇਨਸਾਫ਼ ਦੇਣ ਲਈ ਗੱਲ ਕੀਤੀ ਸੀ । ਜਦੋ ਸ. ਹਰਵਿੰਦਰ ਸਿੰਘ ਫੂਲਕਾ ਪ੍ਰਸਿੱਧ ਐਡਵੋਕੇਟ ਸੁਪਰੀਮ ਕੋਰਟ ਨੇ ਸ੍ਰੀ ਕੇਜਰੀਵਾਲ ਦੀ ਪਾਰਟੀ ਵਿਚ ਸਮੂਲੀਅਤ ਕੀਤੀ ਸੀ ਤਾਂ ਅਸੀਂ ਕਿਹਾ ਸੀ ਕਿ ਸ੍ਰੀ ਫੂਲਕਾ ਬੇਸ਼ੱਕ ਸ੍ਰੀ ਕੇਜਰੀਵਾਲ ਦੀ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ, ਲੇਕਿਨ ਉਹ ਜਿਥੇ ਵੀ ਰਹਿਣ ਆਪਣੇ ਕੌਮੀ ਸਿੱਖੀ ਮੁਫ਼ਾਦਾ ਨੂੰ ਮੁੱਖ ਰੱਖਕੇ ਕੰਮ ਕਰਨ । ਸ੍ਰੀ ਕੇਜਰੀਵਾਲ ਨੇ ਦਿੱਲੀ ਵਿਖੇ 1984 ਵਿਚ ਸਾਜ਼ਸੀ ਢੰਗ ਨਾਲ ਸਿੱਖ ਕੌਮ ਦੇ ਹੋਏ ਕਤਲੇਆਮ ਸੰਬੰਧੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਹਿੱਤ ਜੋ ਵਿਸ਼ੇਸ਼ ਜਾਂਚ ਟੀਮ ਦਾ ਗੰਠਨ ਕੀਤਾ ਹੈ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਮੁਆਫ਼ੀ ਲਈ ਬਤੌਰ ਮੁੱਖ ਮੰਤਰੀ ਦਿੱਲੀ ਹੁੰਦੇ ਹੋਏ ਹਿੰਦ ਦੇ ਪ੍ਰੈਜੀਡੈਟ ਨੂੰ ਲਿਖਤੀ ਤੌਰ ਤੇ ਪੱਤਰ ਭੇਜਿਆ ਹੈ, ਇਹਨਾਂ ਕੀਤੇ ਗਏ ਮਨੁੱਖਤਾ ਅਤੇ ਇਨਸਾਫ਼ ਪੱਖੀ ਉੱਦਮਾਂ ਤੋ ਸਾਬਤ ਹੋ ਜਾਂਦਾ ਹੈ ਕਿ ਸ੍ਰੀ ਕੇਜਰੀਵਾਲ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਅਤੇ ਸਿੱਖ ਕੌਮ ਨਾਲ ਆਪਣੀ ਦੋਸਤੀ ਨੂੰ ਪੱਕੀ ਕਰਨ ਲਈ ਸੰਜ਼ੀਦਾਂ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਸੰਬੰਧੀ ਕੀਤੇ ਜਾ ਰਹੇ ਉਦਮਾਂ ਦਾ ਭਰਪੂਰ ਸਵਾਗਤ ਕਰਦਾ ਹੈ, ਉਥੇ ਉਹਨਾਂ ਦੀ ਸਮੁੱਚੀ ਕੈਬਨਿਟ ਦੀ ਟੀਮ, ਸ. ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਵਰਗੇ ਹੋਰ ਸਹਿਯੋਗੀਆਂ ਅਤੇ ਨੇਕ ਸਲਾਹਕਾਰਾਂ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਦੇ ਉਦਮਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਬੀਜੇਪੀ, ਬਾਦਲ ਦਲੀਏ ਜਿਨ੍ਹਾਂ ਦਾ ਤਾਕਤਾਂ ਵਿਚ ਰਹਿੰਦੇ ਹੋਏ ਇਹ ਉਦਮ ਕਰਨੇ ਬਣਦੇ ਸੀ, ਵੱਲੋ ਬਿਨ੍ਹਾਂ ਕਿਸੇ ਦਲੀਲ ਦੇ ਸ੍ਰੀ ਕੇਜਰੀਵਾਲ ਦੇ ਮਨੁੱਖਤਾ ਪੱਖੀ ਉਦਮਾਂ ਦੀ ਸੌੜੀ ਸਿਆਸੀ ਸੋਚ ਅਧੀਨ ਵਿਰੋਧਤਾ ਕਰਨ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਦੇ ਮੁਤੱਸਵੀ ਆਗੂਆਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਦੋ ਉਹਨਾਂ ਦੀ ਸੈਟਰ ਵਿਚ 6 ਸਾਲ ਹਕੂਮਤ ਰਹੀ ਅਤੇ ਪੰਜਾਬ ਵਿਚ ਸਰਕਾਰਾਂ ਰਹੀਆਂ, ਤਾਂ ਉਹਨਾਂ ਨੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣਾ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨੀ ਸਜ਼ਾਵਾਂ ਦਿਵਾਉਣ ਦੇ ਫਰਜ ਤਾ ਪੂਰੇ ਨਹੀਂ ਕੀਤੇ । ਹੁਣ ਜਦੋ ਅਮਲੀ ਰੂਪ ਵਿਚ ਦਿੱਲੀ ਦੀ ਕੇਜਰੀਵਾਲ ਹਕੂਮਤ ਵੱਲੋ ਉਸ ਦਿਸ਼ਾਂ ਵੱਲ ਕਦਮ ਚੁੱਕਣੇ ਸੁਰੂ ਹੋਏ ਹਨ, ਹੁਣ ਤੱਕ ਕੁੰਭਕਰਨੀ ਨੀਂਦ ਸੁੱਤੇ ਪਏ ਬਾਦਲ ਦਲੀਏ, ਭਾਜਪਾਈਏ ਅਤੇ ਮੁਤੱਸਵੀ ਆਗੂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਅਸਫ਼ਲ ਕੋਸਿ਼ਸ਼ਾਂ ਕਰ ਰਹੇ ਹਨ । ਉਹਨਾਂ ਸਵਾਲ ਕੀਤਾ ਕਿ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਅਤੇ ਜਥੇਦਾਰ ਗੁਰਦੇਵ ਸਿੰਘ ਕਾਊਕੇ ਦੇ ਕਾਤਲਾਂ ਨੂੰ ਤਰੱਕੀਆ ਦੇ ਕੇ ਅਤੇ ਉਹਨਾਂ ਨੂੰ ਸਰਕਾਰੀ ਸੁਰੱਖਿਆਵਾਂ ਅਤੇ ਹੋਰ ਸਹੂਲਤਾਂ ਦੇ ਕੇ ਬਾਦਲ ਦਲੀਏ ਅਤੇ ਬੀਜੇਪੀ ਦੇ ਆਗੂ ਕਿਹੜੀ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਕੀ ਇਨਸਾਫ਼ ਦੇ ਰਹੇ ਹਨ ? ਉਹਨਾਂ ਕਿਹਾ ਕਿ ਹੋਦਚਿੱਲੜ੍ਹ (ਹਰਿਆਣਾ) ਵਿਖੇ ਹੋਏ ਸਿੱਖ ਕਤਲੇਆਮ, ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਕਤਲੇਆਮ ਦੇ ਜਦੋ ਦੋਸ਼ੀਆਂ ਦੇ ਨਾਮ ਸਾਹਮਣੇ ਆ ਰਹੇ ਹਨ ਤਾਂ ਬਾਦਲ ਦਲੀਏ ਅਤੇ ਭਾਜਪਾਈਏ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀ ਕਰ ਰਹੇ ਹਨ ?
ਉਹਨਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਹਿੰਦੂਤਵ ਆਗੂਆਂ ਅਤੇ ਇਥੋ ਦੇ ਅੰਨ੍ਹੇ, ਬੋਲ੍ਹੇ ਅਤੇ ਗੂੰਗੇ ਕਾਨੂੰਨ ਦੇ ਤਾਨਾਸ਼ਾਹੀ ਅਮਲਾਂ ਦਾ ਲੰਮੇਂ ਸਮੇਂ ਤੋ ਸਿ਼ਕਾਰ ਹੁੰਦੇ ਆ ਰਹੇ ਹਨ, ਜਿਨ੍ਹਾਂ ਦੇ ਪਿਤਾ ਸ. ਬਲਵੰਤ ਸਿੰਘ ਨੂੰ ਮੌਜੂਦਾਂ ਪੰਜਾਬ ਦੇ ਡੀ.ਜੀ.ਪੀ.ਸੁਮੇਧ ਸੈਣੀ ਨੇ ਤਸੱਦਦ ਜੁਲਮ ਕਰਕੇ ਖ਼ਤਮ ਕਰ ਦਿੱਤਾ ਸੀ, ਉਸ ਕਾਤਲ ਪੁਲਿਸ ਅਫ਼ਸਰ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਪਿੱਛੇ ਡੱਕਣ ਦੀ ਬਜ਼ਾਇ ਤਰੱਕੀਆ ਦੇ ਕੇ ਸਿੱਖ ਕੌਮ ਨੂੰ ਅਤੇ ਮਨੁੱਖਤਾ ਨੂੰ ਕਿਹੜੇ ਇਨਸਾਫ਼ ਦਾ ਸੰਦੇਸ਼ ਦੇ ਰਹੇ ਹਨ ? ਇਥੋ ਤੱਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਹਕੂਮਤ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਮੌਤ ਦੀ ਘਾਟ ਉਤਾਰਨ ਵਾਲੇ ਸੁਮੇਧ ਸੈਣੀ ਦੇ ਹੱਕ ਵਿਚ ਐਫੀਡੈਵਿਟ ਦੇ ਕੇ ਕਾਨੂੰਨ ਦੇ ਰਾਹ ਵਿਚ ਰੁਕਾਵਟ ਪਾ ਕੇ ਸੁਮੇਧ ਸੈਣੀ ਨੂੰ ਬਚਾਉਣ ਦੇ ਅਮਲ ਕਰਨ ਦੇ ਲਈ ਸ. ਬਾਦਲ ਅਤੇ ਬੀਜੇਪੀ ਵੀ ਦੋਸ਼ੀ ਹਨ । ਸ. ਮਾਨ ਨੇ ਕਿਹਾ ਕਿ ਜਦੋ ਚਿੱਠੀ ਸਿੰਘ ਪੁਰਾ ਦੇ ਸਿੱਖਾਂ ਦੇ ਕਾਤਲਾਂ ਦੇ ਨਾਮ ਹਿੰਦ ਦੀ ਸਭ ਤੋ ਵੱਡੀ ਏਜੰਸੀ ਸੀ.ਬੀ.ਆਈ. ਦੀ ਰਿਪੋਰਟ ਨੇ ਬ੍ਰਿਗੇਡੀਅਰ ਅਜੇ ਸਕਸੈਨਾ, ਲੈਫਟੀਨੈਟ ਕਰਨਲ ਬੀਰੇਦਰ ਪ੍ਰਤਾਪ ਸਿੰਘ, ਮੇਜਰ ਸੋਰਭ ਸਰਮਾ, ਮੇਜਰ ਅੰਮਿਤ ਸਕਸੈਨਾ ਅਤੇ ਸੂਬੇਦਾਰ ਇਦਰੀਸ ਖਾਨ ਸਾਹਮਣੇ ਲਿਆਦੇ ਹਨ, ਤਾਂ ਹੁਣ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ ਉਥੋ ਦੇ ਗਵਰਨਰ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਉਪਰੋਕਤ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾ ਦਿਵਾਉਣ ਦਾ ਪ੍ਰਬੰਧ ਕਰਨ ਅਤੇ ਇਸਦੇ ਨਾਲ ਹੀ ਇਸ ਗੱਲ ਦੀ ਸੱਚਾਈ ਨੂੰ ਵੀ ਸਾਹਮਣੇ ਲਿਆਉਣ ਕਿ ਇਹਨਾਂ ਉਪਰੋਕਤ ਮਿਲਟਰੀ ਅਫ਼ਸਰਾਂ ਨੂੰ 43 ਬੇਕਸੂਰ ਸਿੱਖਾਂ ਨੂੰ ਸਾਜਿ਼ਸ ਰਾਹੀ ਖ਼ਤਮ ਕਰਨ ਦੇ ਆਦੇਸ ਕਿਥੋ ਮਿਲੇ ਸਨ ਅਤੇ ਉਸ ਸਾਜਿ਼ਸ ਵਿਚ ਕਿਹੜੇ-ਕਿਹੜੇ ਸਿਆਸਤਦਾਨ ਅਤੇ ਹੁਕਮਰਾਨ ਸਾਮਿ਼ਲ ਸਨ ? ਉਹਨਾਂ ਨੂੰ ਵੀ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਈਆਂ ਜਾਣ ।
ਉਹਨਾਂ ਕਿਹਾ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋ ਇਹ ਪ੍ਰਵਾਨ ਕਰਨਾ ਕਿ ਦਿੱਲੀ 1984 ਦੇ ਸਿੱਖ ਕਤਲੇਆਮ ਵਿਚ ਕਾਂਗਰਸੀ ਸਾਮਿਲ ਸਨ, ਨੇ ਆਖਿਰ ਕਤਲੇਆਮ ਦੀ ਸਾਜਿ਼ਸ ਨੂੰ ਸਾਹਮਣੇ ਲੈ ਆਦਾ ਹੈ। ਇਸ ਸੱਚ ਨੂੰ ਪ੍ਰਵਾਨ ਕਰਨਾ ਵੀ ਵੱਡਾ ਵਰਤਾਰਾ ਹੋਇਆ ਹੈ । ਲੇਕਿਨ ਉਹਨਾਂ ਵੱਲੋ ਇਸ ਕਤਲੇਆਮ ਲਈ ਮੁਆਫੀ ਨਾ ਮੰਗਣ ਦੇ ਅਮਲ ਸਿੱਖ ਹਿਰਦਿਆ ਨੂੰ ਇਸ ਲਈ ਠੇਸ ਪਹੁੰਚਾਉਣ ਵਾਲੇ ਹਨ, ਕਿਉਕਿ ਸ੍ਰੀ ਰਾਹੁਲ ਦੇ ਪਿਤਾ ਮਰਹੂਮ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਹੋਣ ਉਪਰੰਤ ਇਹ ਕਹਿਕੇ “ਕਿ ਜਦੋ ਕੋਈ ਵੱਡਾ ਦਰੱਖਤ ਗਿਰਦਾ ਹੈ, ਤਾਂ ਧਰਤੀ ਕੰਬਦੀ ਹੀ ਹੈ” ਸਿੱਖਾਂ ਦੇ ਹੋਏ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ ਅਤੇ ਕਿਸੇ ਵੀ ਸਿੱਖਾਂ ਦੇ ਕਾਤਲ ਨੂੰ ਗ੍ਰਿਫ਼ਤਾਰ ਨਾ ਕਰਕੇ ਅਤੇ ਸਜ਼ਾਵਾਂ ਨਾ ਦੇ ਕੇ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਇਥੋ ਦੇ ਸਮੁੱਚੇ ਬਸਿੰਦਿਆਂ ਅਤੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ, ਉਸ ਨੂੰ ਕੁਚਲਿਆ ਸੀ ਅਤੇ ਜਮਹੂਰੀਅਤ ਅਤੇ ਮਨੁੱਖਤਾ ਦਾ ਜਨਾਜ਼ਾਂ ਕੱਢਿਆਂ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਮਰਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਇਹਨਾਂ ਦੀਆਂ ਕੈਬਨਿਟਾ ਵਿਚ ਸ਼ਾਮਿਲ ਪੀ. ਚਿੰਦਬਰਮ, ਕਮਲ ਨਾਥ ਵਰਗੇ ਵਜ਼ੀਰ, ਜਗਦੀਸ ਟਾਈਟਲਰ, ਸੱਜਣ ਕੁਮਾਰ, ਐਚ.ਕੇ.ਐਲ. ਭਗਤ ਵਰਗੇ ਕਾਂਗਰਸੀ ਆਗੁ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਟੋਲੀਆਂ ਦੀ ਅਗਵਾਈ ਕਰ ਰਹੇ ਸਨ। ਬੇਸੱ਼ਕ ਸ੍ਰੀ ਰਾਹੁਲ ਜਾਂ ਪ੍ਰਿਆਕਾ ਗਾਂਧੀ ਜੋ ਕਿ ਉਸ ਸਮੇਂ ਬੱਚੇ ਸਨ, ਸਿੱਖ ਕੌਮ ਦੇ ਕਤਲੇਆਮ ਲਈ ਬਿਲਕੁਲ ਜਿੰਮੇਵਾਰ ਨਹੀ, ਪਰ ਉਹਨਾਂ ਦਾ ਗਾਂਧੀ ਖਾਨਦਾਨ, ਸਿੱਖਾਂ ਦੇ ਕਤਲੇਆਮ, 1947 ਤੋ ਲੈਕੇ ਹੁਣ ਤੱਕ ਹੋ ਰਹੀਆਂ ਬੇਇਨਸਾਫ਼ੀਆਂ ਲਈ ਜਿੰਮੇਵਾਰ ਰਿਹਾ ਹੈ ।
ਜਿਥੋ ਤੱਕ ਬੀਜੇਪੀ ਅਤੇ ਬਾਦਲ ਦਲੀਆਂ ਵੱਲੋ ਸਿੱਖ ਕਤਲੇਆਮ ਅਤੇ ਸਿੱਖ ਕੌਮ ਨਾਲ ਹੋਈਆਂ ਬੇਇਨਸਾਫ਼ੀਆਂ ਲਈ “ਰਾਮ-ਰੋਲਾ” ਪਾਇਆ ਜਾ ਰਿਹਾ ਹੈ । ਇਹ ਕੇਵਲ ਮਗਰਮੱਛ ਦੇ ਹੰਝੂ ਵਹਾਉਣ ਦੇ ਅਮਲ ਹਨ । ਜਦੋਕਿ ਸ੍ਰੀ ਅਡਵਾਨੀ, ਵਾਜਪਾਈ, ਬੀਜੇਪੀ, ਆਰ.ਐਸ.ਐਸ. ਸਭ ਫਿਰਕੂ ਜਮਾਤਾਂ ਬਲਿਊ ਸਟਾਰ ਦੇ ਫ਼ੌਜੀ ਹਮਲੇ ਲਈ ਸਿੱਧੇ ਤੌਰ ਤੇ ਜਿੰਮੇਵਾਰ ਹਨ । ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟਹੋੜਾ, ਜਗਦੇਵ ਸਿੰਘ ਤਲਵੰਡੀ, ਮਰਹੂਮ ਬਲਵੰਤ ਸਿੰਘ, ਸੁਰਜੀਤ ਸਿੰਘ ਬਰਨਾਲਾ ਆਦਿ ਉਸ ਸਮੇ ਦੇ ਇਹਨਾਂ ਆਗੂਆਂ ਨੇ ਮਰਹੂਮ ਇੰਦਰਾ ਗਾਂਧੀ, ਉਸ ਸਮੇਂ ਦੇ ਗ੍ਰਹਿ ਵਜ਼ੀਰ ਨਰਸਿਮਾ ਰਾਓ, ਪੰਜਾਬ ਦੇ ਗਵਰਨਰ ਸ੍ਰੀ ਪਾਂਡੇ ਨਾਲ ਗੁਪਤ ਮੁਲਾਕਾਤਾਂ ਕਰਕੇ “ਬਲਿਊ ਸਟਾਰ” ਦੇ ਫ਼ੌਜੀ ਹਮਲੇ ਨੂੰ ਕਰਨ ਦੀ ਖੁਦ ਹਰੀ ਝੰਡੀ ਦਿੱਤੀ ਸੀ । ਜਿਸਦਾ ਸਬੂਤ ਪੰਜਾਬ ਦੇ ਸਾਬਕਾ ਵਜ਼ੀਰ ਸ. ਰਣਧੀਰ ਸਿੰਘ ਚੀਮਾਂ ਵੱਲੋਂ ਉਸ ਸਮੇਂ ਸਮੁੱਚੇ ਪੰਜਾਬ ਵਿਚ ਵੰਡੇ ਗਏ ਪੈਫਲਿਟ ਤੋ ਅਤੇ ਇੰਦਰਾ ਗਾਂਧੀ ਦੇ ਸਕੱਤਰ ਸ੍ਰੀ ਆਰ.ਕੇ. ਧਵਨ ਆਦਿ ਨੂੰ ਇਹਨਾਂ ਆਗੂਆਂ ਵੱਲੋਂ ਲਿਖੇ ਗਏ ਪੱਤਰਾਂ ਤੋ ਸਪੱਸਟ ਹੋ ਜਾਂਦਾ ਹੈ ।