ਲੁਧਿਆਣਾ–(ਪ੍ਰੀਤੀ ਸ਼ਰਮਾ) ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅਕਾਲੀ ਭਾਜਪਾ ਸਰਕਾਰ ’ਤੇ ਵਿਕਾਸ ਦੇ ਮਾਮਲੇ ’ਚ ਨਾ ਸਿਰਫ ਲੁਧਿਆਣਾ ਨੂੰ ਨਜ਼ਰਅੰਦਾਜ ਕਰਨ, ਬਲਕਿ ਸ਼ਹਿਰ ਦੇ ਵਿਕਾਸ ਲਈ ਉਪਲਬਧ ਫੰਡਾਂ ਨੂੰ ਹੋਰਨਾਂ ਥਾਵਾਂ ’ਤੇ ਲਗਾਉਣ ਦਾ ਵੀ ਦੋਸ਼ ਲਗਾਇਆ ਹੈ।
ਸਥਾਨਕ ਕੌਂਸਲਰ ਹੇਮਰਾਜ ਅਗਰਵਾਲ ਵੱਲੋਂ ਹੈਬੋਵਾਲ ਵਿਖੇ ਆਯੋਜਿਤ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਕਿਹਾ ਕਿ ਜਿਥੇ ਸੂਬਾ ਸਰਕਾਰ ਦੀ ਸ਼ਹਿਰ ਪ੍ਰਤੀ ਬੇਰੁੱਖੀ ਰਹੀ ਹੈ, ਉਥੇ ਹੀ ਕਾਂਗਰਸ ਦੀ ਨੁਮਾਇੰਦਗੀ ਵਾਲੇ ਇਲਾਕਿਆਂ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਜ਼ੋਰ ਦਿੰਦਿਆਂ ਕਿ ਇਥੋਂ ਤੱਕ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਫੰਡਾਂ ਨੂੰ ਦੂਸਰੇ ਕੰਮਾਂ ’ਤੇ ਖਰਚ ਦਿੱਤਾ ਗਿਆ ਜਾਂ ਫਿਰ ਕੋਈ ਹਿਸਾਬ ਨਾ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ 5 ਸਾਲ ਨਿਕਲਣ ਨੂੰ ਹਨ, ਜਦੋਂ ਉਹ ਪਲਾਨਿੰਗ ਕਮਿਸ਼ਨ ਆਫ ਇੰਡੀਆ ਤੋਂ ਬੁੱਢੇ ਨਾਲੇ ਦੀ ਸਫਾਈ ਖਾਤਿਰ 50 ਕਰੋੜ ਰੁਪਏ ਲੈ ਕੇ ਆਏ ਸਨ। ਪਰ ਬੁੱਢੇ ਨਾਲੇ ਦੀ ਸਫਾਈ ਤਾਂ ਹੋਈ ਨਹੀਂ, ਸੂਬਾ ਸਰਕਾਰ ਜ਼ਰੂਰ ਸਾਰੀ ਰਕਮ ਖਾ ਕੇ ਬਹਿ ਗਈ।
ਮੈਂਬਰ ਲੋਕ ਸਭਾ ਨੇ ਲੁਧਿਆਣਾ ਦੇ ਲੋਕਾਂ ਦਾ ਉਨ੍ਹਾਂ ਨੂੰ ਦਿੱਤੇ ਗਏ ਅਣਮੁੱਲੇ ਪਿਆਰ ਤੇ ਸਨਮਾਨ ਲਈ ਧੰਨਵਾਦ ਕੀਤਾ। ਤਿਵਾੜੀ ਨੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਸੰਪ੍ਰਦਾਇਕ ਤੇ ਵੱਖਵਾਦੀ ਤਾਕਤਾਂ ਖਿਲਾਫ ਚੇਤਾਵਨੀ ਦਿੱਤੀ, ਜਿਹੜੀਆਂ ਇਕ ਵਾਰ ਫਿਰ ਤੋਂ ਆਪਣਾ ਖ਼ਤਰਨਾਕ ਸਿਰ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅੱਤਵਾਦ ਦੇ ਉਨ੍ਹਾਂ ਕਾਲੇ ਦਿਨਾਂ ਦੀ ਯਾਦ ਦਿਲਾਈ, ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ ਸਨ। ਇਹ ਸੰਪ੍ਰਦਾਇਕ ਤੇ ਵੱਖਵਾਦੀ ਤਾਕਤਾਂ ਸਿਰਫ ਲੋਕਾਂ ਦੇ ਮਨਾਂ ’ਚ ਡਰ ਭਰਨਾ ਜਾਣਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਤੇ ਵਿਧਾਨਕਾਰ ਰਾਕੇਸ਼ ਪਾਂਡੇ, ਨਗਰ ਨਿਗਮ ’ਚ ਕਾਂਗਰਸ ਧਿਰ ਦੇ ਲੀਡਰ ਹੇਮਰਾਜ ਅਗਰਵਾਲ, ਪਵਨ ਦੀਵਾਨ, ਗੁਰਪ੍ਰੀਤ ਗੋਗੀ, ਪ੍ਰਿਤਪਾਲ ਸਿੰਘ ਘਾਇਲ, ਵਰਿੰਦਰ ਸਹਿਗਲ, ਮਹਾਰਾਜ ਸਿੰਘ ਰਾਜੀ, ਪਰਮਿੰਦਰ ਮਹਿਤਾ, ਲਾਲੀ ਗਰੇਵਾਲ, ਗੁਰਮੁੱਖ ਸਿੰਘ ਮਿੱਠੂ, ਕੁਲਭੂਸ਼ਣ ਸ਼ਰਮਾ, ਰਮੇਸ਼ ਹਾਂਡਾ, ਦੇਵਰਾਜ ਕਪੂਰ, ਕੁਮਾਰ ਗੌਰਵ, ਨਿਰੰਜਨ ਸਿੰਘ ਤੂਰ, ਡਾ. ਅਜੈ ਮੋਹਨ ਸ਼ਰਮਾ, ਜੋਗਿੰਦਰ ਸਿੰਘ, ਕੇ.ਕੇ ਸੇਠ, ਐਸ.ਪੀ ਸੇਠ, ਰਮੇਸ਼ ਭਾਰਦਵਾਜ, ਦਵਿੰਦਰ ਰਾਵਤ, ਕਮਲ ਗੋਇਲ, ਸਰਪੰਚ ਗੋਲਡੀ, ਜਨਕ ਰਾਜ, ਜੌਲੀ ਸ਼ਰਮਾ, ਤਰਲੋਕ ਚੰਦ ਪਾਸੀ, ਸ਼ੰਕਰ ਸਿੰਗਲਾ, ਟੋਨੀ, ਬਬਲੂ ਆਦਿ ਵੀ ਮੌਜ਼ੂਦ ਰਹੇ।