ਲੁਧਿਆਣਾ,(ਪ੍ਰੀਤੀ ਸ਼ਰਮਾ):ਬੀਤੇ ਐਤਵਾਰ ਨੂੰ ਜ਼ਿਲ੍ਹਾ ਕਾਂਗਰਸ ਦਫਤਰ ਦੀ ਤੋੜਭੰਨ ਕਰਨ ਵਾਲੇ ਬਦਮਾਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਪਾਰਟੀ ਨੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਕਾਂਗਰਸ ਦੇ ਇਕ ਵਫਦ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਦੀ ਅਗਵਾਈ ਹੇਠ ਡੀ.ਸੀ.ਪੀ ਹਰਸ਼ ਬਾਂਸਲ ਨੂੰ ਸ਼ਿਕਾਇਤ ਸੌਂਪ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ਦੀਆਂ ਕਾਪੀਆਂ ਮਾਨਯੋਗ ਰਾਜਪਾਲ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੀ ਭੇਜੀਆਂ ਗਈਆਂ ਹਨ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2 ਫਰਵਰੀ, 2014 ਨੂੰ ਕੁਝ ਗੁੰਡੇ ਤਲਵਾਰਾਂ ਤੇ ਹੋਰਨਾਂ ਹਥਿਆਰਾਂ ਸਮੇਤ ਘੰਟਾਘਰ ਨੇੜੇ ਸਥਿਤ ਕਾਂਗਰਸ ਦਫਤਰ ਪਹੁੰਚੇ। ਜਿਨ੍ਹਾਂ ਨੇ ਉਥੇ ਖੁੱਲ੍ਹੀ ਗੁੰਡਾਗਰਦੀ ਕਰਦਿਆਂ ਜੰਮ੍ਹ ਕੇ ਤੋੜਭੰਨ ਕੀਤੀ ਅਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ।
ਚੰਗਾ ਰਿਹਾ ਕਿ ਐਤਵਾਰ ਹੋਣ ਕਾਰਨ ਦਫਤਰ ਬੰਦ ਸੀ ਅਤੇ ਇਥੇ ਕੋਈ ਵੀ ਨਹੀਂ ਸੀ। ਨਹੀਂ ਤਾਂ, ਇਹ ਘਟਨਾ ਗੰਭੀਰ ਰੂਪ ਧਾਰਨ ਕਰ ਸਕਦੀ ਸੀ।
ਪਾਰਟੀ ਨੇ ਪੁਲਿਸ ਦੇ ਉਦਾਸੀਨ ਰਵੱਈਏ ’ਤੇ ਵੀ ਕਰੜਾ ਏਤਰਾਜ਼ ਜਾਹਿਰ ਕੀਤਾ ਹੈ। ਅਫਸੋਸਜਨਕ ਹੈ ਕਿ ਪੁਲਿਸ ਕਿਥੇ ਵੀ ਨਜ਼ਰ ਨਾ ਆਈ। ਉਥੇ ਸਾਰਾ ਮੀਡੀਆ ਪਹੁੰਚ ਗਿਆ, ਪਰ ਕੋਈ ਇਕ ਵੀ ਪੁਲਿਸ ਮੁਲਾਜ਼ਮ ਨਹੀਂ ਪਹੁੰਚ ਸਕਿਆ। ਇਸ ਘਟਨਾ ਨਾਲ ਇਲਾਕੇ ’ਚ ਰਹਿਣ ਵਾਲੇ ਲੋਕਾਂ ਵਿਚਾਲੇ ਸਹਿਮ ਤੇ ਡਰ ਦਾ ਮਾਹੌਲ ਬਣ ਗਿਆ ਹੈ।
ਵਫਦ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇ, ਤਾਂ ਜੋ ਅਜਿਹੀ ਗੁੰਡਾਗਰਦੀ ਭਵਿੱਖ ’ਚ ਨਾ ਹੋ ਸਕੇ।
ਪਾਰਟੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਕਾਂਗਰਸ ਵਰਕਰਾਂ ’ਚ ਭਾਰੀ ਗੁੱਸਾ ਹੈ। ਕਿਉਂਕਿ ਕਾਂਗਰਸੀ ਵਰਕਰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣਾ ਚਾਹੁੰਦੇ, ਅਸੀਂ ਤੁਹਾਡੇ ਪਾਸੋਂ ਉਕਤ ਗੁੰਡਿਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੇ ਜਾਣ ਦੀ ਉਮੀਂਦ ਕਰਦੇ ਹਾਂ।
ਵਫਦ ’ਚ ਹੋਰਨਾਂ ਤੋਂ ਇਲਾਵਾ ਨਗਰ ਨਿਗਮ ’ਚ ਵਿਰੋਧੀ ਧਿਰ ਦੇ ਲੀਡਰ ਹੇਮਰਾਜ ਅਗਰਵਾਲ, ਨਵਨੀਸ਼ ਮਲਹੋਤਰਾ, ਬਲਜਿੰਦਰ ਸਿੰਘ ਬੰਟੀ, ਸਤਵਿੰਦਰ ਸਿੰਘ ਜਵੱਦੀ, ਪਰਮਿੰਦਰ ਮਹਿਤਾ, ਰਾਜੀਵ ਰਾਜਾ, ਰੋਹਿਤ ਪਾਹਵਾ, ਦੀਪਕ ਹੰਸ, ਪਲਵਿੰਦਰ ਸਿੰਘ ਤੱਗੜ, ਰਮੇਸ਼ ਹਾਂਡਾ ਵੀ ਸ਼ਾਮਿਲ ਸਨ।